ਗੋਪਾਲ ਸਿੰਘ ਚਾਵਲਾ ਨੇ ਪਾਕਿਸਤਾਨੀ ਹਿੰਦੂਆਂ ਤੋਂ ਮੰਗੀ ਮੁਆਫੀ

08/25/2019 10:43:06 AM

ਮੰਡੀ ਗੋਬਿੰਦਗੜ੍ਹ (ਮੱਗੋ)—ਇਸ ਨੂੰ ਪਾਕਿਸਤਾਨੀ ਸਰਕਾਰ ਦੀ ਸਖਤੀ ਕਹੋ ਜਾਂ ਪਾਕਿ ਵਸਦੇ ਹਿੰਦੂ ਭਾਈਚਾਰੇ ਦਾ ਵਿਰੋਧ ਪਰ ਇਹ ਗੱਲ ਸੱਚ ਹੈ ਕਿ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ ਨੇ ਹਿੰਦੂ ਭਾਈਚਾਰੇ ਤੋਂ ਇਕ ਵੀਡੀਓ ਜਾਰੀ ਕਰ ਕੇ ਮੁਆਫੀ ਮੰਗੀ ਹੈ। ਚਾਵਲਾ ਵਲੋਂ ਕਰੀਬ 12-13 ਦਿਨ ਪਹਿਲਾਂ ਜਾਰੀ ਕੀਤੀ ਗਈ ਇਕ ਵੀਡੀਓ ਅਨੁਸਾਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਕਸਦ ਹਿੰਦੂ ਭਾਈਚਾਰੇ ਦਾ ਦਿਲ ਦੁਖਾਉਣਾ ਜਾਂ ਉਨ੍ਹਾਂ ਦੇ ਜਜ਼ਬਾਤ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਬਲਕਿ ਉਹ ਤਾਂ ਆਰ. ਐੱਸ. ਐੱਸ. ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਮੇਰੇ ਵਲੋਂ ਗਊਵੰਸ਼ ਦੇ ਨਾਂ 'ਤੇ ਈਦ ਮੌਕੇ ਕੀਤੇ ਜਾਂਦੇ ਮੁਸਲਮਾਨ ਸਮਾਜ ਦੇ ਵਿਰੋਧ ਅਤੇ ਗਊਆਂ ਵਲੋਂ ਜੱਟਾਂ ਦੀਆਂ ਫਸਲਾਂ ਦੇ ਕੀਤੇ ਜਾਂਦੇ ਨੁਕਸਾਨ ਸਬੰਧੀ ਇਸ ਵੀਡੀਓ ਵਿਚ ਦਿੱਤੇ ਬਿਆਨ ਦਾ ਇਹ ਮਤਲਬ ਵੀ ਨਿਕਲ ਸਕਦਾ ਹੈ, ਇਸਦੀ ਉਨ੍ਹਾਂ ਨੂੰ ਸੱਚਮੁਚ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਉਸੇ ਦਿਨ ਹੋ ਗਿਆ ਸੀ ਜਦੋਂ ਪਾਕਿਸਤਾਨੀ ਐੱਮ. ਪੀ. ਅਤੇ ਉਨ੍ਹਾਂ ਦੇ ਨਜ਼ਦੀਕੀ ਦੋਸਤ ਰਵੀ ਕੁਮਾਰ ਦਾ ਫੋਨ ਆਇਆ ਕਿ ਜੋ ਵੀਡੀਓ ਜਾਰੀ ਕੀਤੀ ਹੈ, ਉਹ ਗਲਤ ਅਤੇ ਹਿੰਦੂ ਸਮਾਜ ਦੇ ਵਿਰੁੱਧ ਹੈ, ਹਿੰਦੂ ਭਾਈਚਾਰੇ ਵਿਚ ਰੋਸ ਹੈ।

ਉਨ੍ਹਾਂ ਕਿਹਾ ਕਿ ਉਹ ਤਾਂ ਉਸੇ ਵੇਲੇ ਆਪਣੀ ਗਲਤੀ ਦਾ ਅਹਿਸਾਸ ਕਰਨਾ ਚਾਹੁੰਦੇ ਸਨ ਪਰ ਇਸ ਵੀਡੀਓ ਨੂੰ ਲੈ ਕੇ ਪੇਸ਼ਾਵਰ ਅਤੇ ਨਨਕਾਣਾ ਸਾਹਿਬ ਦੇ ਸਿੱਖ ਨੌਜਵਾਨਾਂ ਵਲੋਂ ਕੀਤੀਆਂ ਗਈਆਂ ਟਿੱਪਣੀਆਂ ਕਾਰਣ ਉਨ੍ਹਾਂ ਨੂੰ ਚੁੱਪ ਰਹਿਣ ਲਈ ਮਜਬੂਰ ਹੋਣਾ ਪਿਆ ਅਤੇ ਹੁਣ ਉਹ ਆਪਣੀ ਉਸ ਗਲਤੀ ਲਈ ਹਿੰਦੂ ਭਾਈਚਾਰੇ ਖਾਸ ਕਰ ਕੇ ਪਾਕਿਸਤਾਨ ਵਸਦੇ ਹਿੰਦੂ ਵੀਰਾਂ ਤੋਂ ਆਪਣੀ ਗਲਤੀ ਲਈ ਮੁਆਫੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਉਹ ਪੇਸ਼ਾਵਰ ਅਤੇ ਨਨਕਾਣਾ ਸਾਹਿਬ ਦੇ ਸਿੱਖ ਨੌਜਵਾਨਾਂ ਦੇ ਵੀ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਹਿੰਦੂਆਂ ਦਾ ਸਿੱਖ ਸਮਾਜ ਕਦੇ ਵੀ ਦੇਣ ਨਹੀਂ ਦੇ ਸਕਦਾ ਕਿਉਂਕਿ ਪਾਕਿਸਤਾਨ ਵਿਚਲੇ ਗੁਰਧਾਮਾਂ 'ਤੇ ਆਯੋਜਿਤ ਹੁੰਦੇ ਚਾਰੇ ਵੱਡੇ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ, ਵਿਸਾਖੀ ਸਮੇਂ ਖਾਲਸਾ ਸਾਜਨਾ ਦਿਵਸ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਸਬੰਧਿਤ ਸਮਾਰੋਹ ਦੌਰਾਨ ਪਾਕਿਸਤਾਨ ਦਾ ਹਿੰਦੂ ਭਾਈਚਾਰਾ ਸਭ ਤੋਂ ਵਧ-ਚੜ੍ਹ ਕੇ ਸੇਵਾ ਕਰਦਾ ਹੈ, ਜਿਸ ਲਈ ਉਹ ਪਾਕਿਸਤਾਨੀ ਹਿੰਦੂ ਭਾਈਚਾਰੇ ਦੇ ਦਿਲੋਂ ਧੰਨਵਾਦੀ ਹਨ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਥਾਹ ਆਸਥਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਧਰਮ ਦੇ ਵਿਰੋਧੀ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦਾ ਉਹ ਵੀਡੀਓ ਜਾਰੀ ਕਰਨ ਦਾ ਮਕਸਦ ਹਿੰਦੂ ਭਾਈਚਾਰੇ ਨੂੰ ਠੇਸ ਪਹੁੰਚਾਉਣਾ ਸੀ।

Shyna

This news is Content Editor Shyna