ਵਿਦਿਆਰਥੀਆਂ ਲਈ ਚੰਗੀ ਖ਼ਬਰ, ਪੰਜਾਬ ’ਚ ਜਲਦੀ ਬਣਨਗੇ 5 ਨਵੇਂ ਮੈਡੀਕਲ ਕਾਲਜ

01/06/2024 6:17:08 PM

ਚੰਡੀਗੜ੍ਹ (ਅਰਚਨਾ) : ਪੰਜਾਬ ’ਚ ਜਲਦੀ ਹੀ 3 ਨਵੇਂ ਮੈਡੀਕਲ ਕਾਲਜਾਂ ਦੀ ਸੌਗਾਤ ਮਿਲਣ ਵਾਲੀ ਹੈ। ਹੁਸ਼ਿਆਰਪੁਰ ਅਤੇ ਕਪੂਰਥਲਾ ’ਚ ਬਣਨ ਵਾਲੇ ਮੈਡੀਕਲ ਕਾਲਜਾਂ ਦੀ ਡਰਾਇੰਗ ਮੁਕੰਮਲ ਕਰ ਲਈ ਗਈ ਹੈ, ਜਦਕਿ ਕਾਲਜ ਦੇ ਡਿਜ਼ਾਈਨ ਨੂੰ ਸੂਬਾ ਸਰਕਾਰ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਕਾਲਜ ਦੀ ਉਸਾਰੀ ਸਬੰਧੀ ਟੈਂਡਰ ਵੀ ਕੱਢੇ ਗਏ ਹਨ। ਦੂਜੇ ਪਾਸੇ ਮਾਲੇਰਕੋਟਲਾ ’ਚ ਖੋਲ੍ਹੇ ਜਾਣ ਵਾਲੇ ਨਵੇਂ ਮੈਡੀਕਲ ਕਾਲਜ ਲਈ ਜ਼ਮੀਨ ਦੀ ਨਿਸ਼ਾਨਦੇਹੀ ਦਾ ਕੰਮ ਵੀ ਮੁਕੰਮਲ ਹੋ ਗਿਆ ਹੈ। ਮਲੇਰਕੋਟਲਾ ਮੈਡੀਕਲ ਕਾਲਜ ਦੀ ਜ਼ਮੀਨ ਨੇੜਿਓਂ ਹਾਈਵੇ ਲੰਘਣ ਕਾਰਨ ਜ਼ਮੀਨ ਐਕੁਆਇਰ ਕਰਨ ’ਚ ਦਿੱਕਤ ਆ ਰਹੀ ਸੀ ਪਰ ਹੁਣ ਦੂਜੇ ਹਿੱਸੇ ’ਚ ਸਰਕਾਰ ਨੇ ਕਾਲਜ ਲਈ 25 ਏਕੜ ਜ਼ਮੀਨ ਦੀ ਸ਼ਨਾਖਤ ਕਰ ਦਿੱਤੀ ਹੈ। ਫਿਲਹਾਲ ਮਲੇਰਕੋਟਲਾ ਦੇ ਘੱਟ ਗਿਣਤੀ ਮੈਡੀਕਲ ਕਾਲਜ ਦੇ ਵਿਸਥਾਰ ਦਾ ਪ੍ਰਾਜੈਕਟ ਤਿਆਰ ਹੋਣਾ ਬਾਕੀ ਹੈ। ਤਿੰਨੋਂ ਮੈਡੀਕਲ ਕਾਲਜਾਂ ’ਚ ਸੌ-ਸੌ ਐੱਮ.ਬੀ.ਬੀ.ਐੱਸ. ਸੀਟਾਂ ਰੱਖੀਆਂ ਜਾਣਗੀਆਂ। ਮਲੇਰਕੋਟਲਾ ਵਿਖੇ ਮੈਡੀਕਲ ਕਾਲਜ ਦੀ ਉਸਾਰੀ ਤੋਂ ਬਾਅਦ ਸੰਗਰੂਰ ਅਤੇ ਮੋਗਾ ਵਿਖੇ ਮੈਡੀਕਲ ਕਾਲਜਾਂ ਦੀ ਉਸਾਰੀ ਸਬੰਧੀ ਰਸਮੀ ਕਾਰਵਾਈਆਂ ਮੁਕੰਮਲ ਕਰਨ ਦਾ ਕੰਮ ਕੀਤਾ ਜਾਵੇਗਾ। ਸੂਤਰਾਂ ਦੀ ਮੰਨੀਏ ਤਾਂ ਹਰੇਕ ਮੈਡੀਕਲ ਕਾਲਜ ਦੀ ਉਸਾਰੀ 22 ਤੋਂ 25 ਏਕੜ ਜ਼ਮੀਨ ’ਤੇ ਕੀਤੀ ਜਾਵੇਗੀ ਅਤੇ ਹਰੇਕ ਮੈਡੀਕਲ ਕਾਲਜ ਦੀ ਇਮਾਰਤ ਦੀ ਉਸਾਰੀ ’ਤੇ 550 ਤੋਂ 600 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਇਹ ਵੀ ਪੜ੍ਹੋ : ਪੰਜਾਬ ’ਚ ਠੰਡ ਕਾਰਨ ਲੋਕਾਂ ਦਾ ਬੁਰਾ ਹਾਲ, ਸਰਦੀ ਵਧਣ ਨਾਲ ਹੀਟਰ ਤੇ ਬਲੋਅਰ ਦੀ ਮੰਗ ਵਧੀ

ਵਧਣਗੀਆਂ ਪੰਜਾਬ ਦੀਆਂ ਐੱਮ.ਬੀ.ਬੀ.ਐੱਸ. ਸੀਟਾਂ
ਮੌਜੂਦਾ ਸਮੇਂ ’ਚ ਪੰਜਾਬ ਵਿਚ 1650 ਐੱਮ.ਬੀ.ਬੀ.ਐੱਸ. ਅਤੇ 750 ਐੱਮ.ਡੀ. ਦੀਆਂ ਸੀਟਾਂ ’ਤੇ ਪੜ੍ਹਾਈ ਕਰਵਾਈ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਐੱਮ.ਬੀ.ਬੀ.ਐੱਸ. ਸੀਟਾਂ ਦੀ ਗਿਣਤੀ 1950 ਦੇ ਅੰਕੜੇ ਨੂੰ ਛੂਹ ਜਾਵੇਗੀ। ਐੱਮ.ਬੀ.ਬੀ.ਐੱਸ. ਦੇ ਨਾਲ ਹੀ ਐੱਮ.ਡੀ. ਦੀ ਸੀਟਾਂ ਦੀ ਗਿਣਤੀ ਵੀ ਵਧਾਈ ਜਾਵੇਗੀ। ਮੈਡੀਕਲ ਸੀਟਾਂ ਵਧਣ ਨਾਲ ਪੰਜਾਬ ਦੀ ਸਿਹਤ ਸੇਵਾਵਾਂ ਦਾ ਚਿਹਰਾ ਵੀ ਬਦਲ ਜਾਵੇਗਾ। ਮੈਡੀਕਲ ਵਿਦਿਆਰਥੀਆਂ ਨੂੰ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਲਈ ਯੂਕਰੇਨ ਵਰਗੇ ਦੇਸ਼ਾਂ ਦੀ ਯਾਤਰਾ ਕਰਨੀ ਪੈਂਦੀ ਹੈ, ਉਨ੍ਹਾਂ ਬੱਚਿਆਂ ਨੂੰ ਆਪਣੇ ਹੀ ਰਾਜ ’ਚ ਘੱਟ ਫੀਸ ’ਤੇ ਮੈਡੀਕਲ ਦੀ ਪੜ੍ਹਾਈ ਕਰਨ ਦਾ ਮੌਕਾ ਮਿਲ ਸਕੇਗਾ। ਚੇਤੇ ਰਹੇ ਕਿ ਪੰਜਾਬ ’ਚ ਮੌਜੂਦਾ ਸਮੇਂ ’ਚ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਤਿੰਨ ਸਲੈਬ ’ਚ ਕਰਵਾਈ ਜਾ ਰਹੀ ਹੈ। ਪਹਿਲੀ ਸਲੈਬ ’ਚ ਸਰਕਾਰੀ ਮੈਡੀਕਲ ਕਾਲਜਾਂ ’ਚ ਪੜ੍ਹਦੇ ਬੱਚਿਆਂ ਨੂੰ ਸਾਲਾਨਾ ਫੀਸਾਂ ਲਈ ਕਰੀਬ 1.75 ਲੱਖ ਰੁਪਏ ਖਰਚ ਕਰਨੇ ਪੈਂਦੇ ਹਨ। ਪ੍ਰਾਈਵੇਟ ਮੈਡੀਕਲ ਕਾਲਜਾਂ ’ਚ ਰਾਖਵੇਂ ਸਰਕਾਰੀ ਕੋਟੇ ਦੀਆਂ ਸੀਟਾਂ ਲਈ 4 ਲੱਖ ਰੁਪਏ ਜਦੋਂ ਕਿ ਪ੍ਰਾਈਵੇਟ ਸੀਟਾਂ ਲਈ 10 ਲੱਖ ਰੁਪਏ ਪ੍ਰਤੀ ਸਾਲ ਖਰਚਣੇ ਪੈਂਦੇ ਹਨ। ਸਰਕਾਰੀ ਖੇਤਰ ’ਚ ਨਵੇਂ ਮੈਡੀਕਲ ਕਾਲਜ ਖੁੱਲ੍ਹਣ ਤੋਂ ਬਾਅਦ ਬੱਚੇ ਘੱਟ ਫੀਸ ’ਤੇ ਮੈਡੀਕਲ ਦੀ ਪੜ੍ਹਾਈ ਕਰ ਸਕਣਗੇ।

ਇਹ ਵੀ ਪੜ੍ਹੋ : ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ 17 ਹਜ਼ਾਰ ਤੋਂ ਵੱਧ ਕਿਸਾਨਾਂ ਨੂੰ ਪੰਜਾਬ ਸਰਕਾਰ ਵਲੋਂ ਵੱਡਾ ਤੋਹਫ਼ਾ

ਸੂਬੇ ’ਚ ਬਣਾਏ ਜਾਣੇ ਹਨ 16 ਨਵੇਂ ਮੈਡੀਕਲ ਕਾਲਜ
ਪੰਜਾਬ ਸਰਕਾਰ ਨੇ ਮੈਡੀਕਲ ਸਿੱਖਿਆ ਅਤੇ ਖੋਜ ਦੀ ਦੁਨੀਆ ਨੂੰ ਹੁਲਾਰਾ ਦੇਣ ਲਈ ਸੂਬੇ ’ਚ 16 ਨਵੇਂ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਸੀ। ਪੰਜਾਬ ’ਚ ਇਸ ਸਮੇਂ ਅੰਮ੍ਰਿਤਸਰ ਮੈਡੀਕਲ ਕਾਲਜ, ਪਟਿਆਲਾ ਮੈਡੀਕਲ ਕਾਲਜ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ, ਡਾ. ਬੀ. ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਮੁਹਾਲੀ, ਦਯਾਨੰਦ ਮੈਡੀਕਲ ਕਾਲਜ ਲੁਧਿਆਣਾ, ਆਦੇਸ਼ ਮੈਡੀਕਲ ਕਾਲਜ ਬਠਿੰਡਾ, ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਜਲੰਧਰ, ਗਿਆਨ ਸਾਗਰ ਮੈਡੀਕਲ ਕਾਲਜ ਪਟਿਆਲਾ, ਚਿੰਤਪੁਰਨੀ ਮੈਡੀਕਲ ਕਾਲਜ ਪਠਾਨਕੋਟ, ਕ੍ਰਿਸ਼ਚੀਅਨ ਮੈਡੀਕਲ ਕਾਲਜ ਲੁਧਿਆਣਾ, ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਅੰਮ੍ਰਿਤਸਰ ਵਿਚ ਮੈਡੀਕਲ ਵਿਦਿਆਰਥੀਆਂ ਨੂੰ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰਵਾਈ ਜਾ ਰਹੀ ਹੈ। ਚੇਤੇ ਰਹੇ ਕਿ ਹਾਲ ਹੀ ਵਿਚ ਹੋਈ ਪੰਜਾਬ ਵਿਧਾਨ ਸਭਾ ਵਿਚ ਵੀ ਪੰਜਾਬ ਵਿਚ ਖੋਲ੍ਹੇ ਜਾਣ ਵਾਲੇ ਨਵੇਂ ਮੈਡੀਕਲ ਕਾਲਜਾਂ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤਿੱਖੀ ਬਹਿਸ ਹੋਈ ਸੀ। ਬਾਜਵਾ ਨੇ ਗੁਰਦਾਸਪੁਰ ਦੇ ਲੋਕਾਂ ਦੇ ਇਲਾਜ ਲਈ ਨਵੇਂ ਮੈਡੀਕਲ ਕਾਲਜ ਦੀ ਲੋੜ ’ਤੇ ਜ਼ੋਰ ਦਿੱਤਾ ਸੀ।

ਸੁਪਰ ਸਪੈਸ਼ਲਿਟੀ ਪੈਸ਼ੈਂਟ ਬੈੱਡਾਂ ਦੀ ਗਿਣਤੀ ਵੀ ਵਧੇਗੀ
ਪੰਜਾਬ ਦੇ ਹੁਸ਼ਿਆਰਪੁਰ ਅਤੇ ਕਪੂਰਥਲਾ ’ਚ ਬਣਾਏ ਜਾਣ ਵਾਲੇ ਨਵੇਂ ਮੈਡੀਕਲ ਕਾਲਜਾਂ ’ਚ ਹਰੇਕ ਕਾਲਜ ’ਚ 450 ਮਲਟੀਸਪੈਸ਼ਲਿਟੀ ਮਰੀਜ਼ ਬੈੱਡ ਰੱਖੇ ਜਾਣਗੇ। ਨਵੇਂ ਮੈਡੀਕਲ ਕਾਲਜ ਬਣਾਉਣ ਦੇ ਨਾਲ ਜ਼ਿਲ੍ਹੇ ਦੇ ਮੌਜੂਦਾ ਹਸਪਤਾਲਾਂ ਵਿਚ ਮਰੀਜ਼ਾਂ ਦੀ ਦੇਖਭਾਲ ਦੀਆਂ ਸਹੂਲਤਾਂ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ। ਹਸਪਤਾਲਾਂ ’ਚ ਇੰਟੈਂਸਿਵ ਕੇਅਰ ਯੂਨਿਟ ਅਤੇ ਕ੍ਰਿਟੀਕਲ ਕੇਅਰ ਬਲਾਕ ਵੀ ਬਣਾਏ ਜਾ ਰਹੇ ਹਨ। ਅਤਿਆਧੁਨਿਕ ਯੰਤਰਾਂ ਅਤੇ ਮਸ਼ੀਨਾਂ ਦੀ ਮਦਦ ਨਾਲ ਗੰਭੀਰ ਕਿਸਮ ਦੀਆਂ ਬਿਮਾਰੀਆਂ ਦਾ ਹੱਲ ਕਰਨ ਲਈ ਹਸਪਤਾਲਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ। ਹਸਪਤਾਲਾਂ ’ਚ ਵੈਂਟੀਲੇਟਰ ਅਤੇ ਆਕਸੀਜਨ ਪਲਾਂਟ ਲਗਣ ਦੇ ਬਾਅਦ ਕੋਰੋਨਾ ਵਰਗੀ ਮਹਾਮਾਰੀ ਵਾਲੇ ਸੰਕਟਾਂ ਦਾ ਸਾਹਮਣਾ ਆਸਾਨੀ ਨਾਲ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ : ਲੋਕ ਸਭਾ ਸੀਟਾਂ ਲਈ ਮਹਾਰਾਸ਼ਟਰ ’ਚ ਭਾਜਪਾ, ਸ਼ਿੰਦੇ ਧੜੇ ਅਤੇ ਰਾਕਾਂਪਾ ਵਿਚਾਲੇ ਸ਼ੁਰੂ ਹੋਈ ਖਿੱਚੋਤਾਣ

ਪੰਜਾਬ ਹੈਲਥਕੇਅਰ ’ਚ ਆਏਗਾ ਵੱਡਾ ਬਦਲਾਅ
ਪੰਜਾਬ ਸਿਹਤ ਵਿਭਾਗ ਦੇ ਅਧਿਕਾਰੀ ਡਾ. ਆਕਾਸ਼ ਦਾ ਕਹਿਣਾ ਹੈ ਕਿ ਸੂਬੇ ’ਚ ਨਵੇਂ ਮੈਡੀਕਲ ਕਾਲਜ ਖੁੱਲ੍ਹਣ ਨਾਲ ਸਿਹਤ ਸੇਵਾਵਾਂ ’ਚ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ। ਐੱਮ.ਬੀ.ਬੀ.ਐੱਸ. ਸੀਟਾਂ ਵਧਣ ਦੇ ਬਾਅਦ ਸੂਬੇ ਵਿਚ ਡਾਕਟਰਾਂ ਦੀ ਗਿਣਤੀ ਵਧੇਗੀ। ਮੈਡੀਕਲ ਕਾਲਜਾਂ ’ਚ ਸਾਰੀਆਂ ਫੈਕਲਟੀ ਦੇ ਡਾਕਟਰਾਂ ਦੀ ਨਿਯੁਕਤੀ ਹੋ ਸਕੇਗੀ। ਸੁਪਰ ਸਪੈਸ਼ਲਿਸਟ ਅਤੇ ਸਪੈਸ਼ਲਿਸਟ ਡਾਕਟਰ ਮਿਲਣ ਨਾਲ ਅਜਿਹੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ, ਜਿਨ੍ਹਾਂ ਦੇ ਇਲਾਜ ਲਈ ਮਰੀਜ਼ ਪ੍ਰਾਈਵੇਟ ਹਸਪਤਾਲਾਂ ’ਚ ਮੋਟੀਆਂ ਫੀਸਾਂ ਅਦਾ ਕਰਨ ਲਈ ਮਜਬੂਰ ਸਨ। ਲੋਕ ਸਸਤੇ ਭਾਅ ’ਤੇ ਵਧੀਆ ਇਲਾਜ ਕਰਵਾ ਸਕਣਗੇ।

ਇਹ ਵੀ ਪੜ੍ਹੋ : ਅਨੁਸੂਚਿਤ ਜਾਤੀਆਂ ਲਈ ਵੱਡੀ ਖ਼ਬਰ, ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Anuradha

This news is Content Editor Anuradha