ਦਿਲ ਦੇ ਮਰੀਜ਼ਾਂ ਲਈ ਚੰਗੀ ਖਬਰ, ਹੁਣ ਡੇਢ ਲੱਖ ਨਹੀਂ, 7200 ''ਚ ਪਵੇਗਾ ਦਿਲ ਦਾ ਸਟੈਂਟ (ਵੀਡੀਓ)

02/16/2017 10:26:25 AM

ਲੁਧਿਆਣਾ : ਵੈਲੇਨਟਾਈਨ ਡੇਅ ''ਤੇ ਜਿੱਥੇ ਪਿਆਰ ਦੀਆਂ ਪੀਂਘਾਂ ਪਾਉਣ ਵਾਲੇ ਲੋਕਾਂ ਨੇ ਆਪਣੀ ਸਾਥੀ ਨੂੰ ਤੋਹਫੇ ਦੇ ਕੇ ਇਕ-ਦੂਜੇ ਦੇ ਦਿਲਾਂ ਨੂੰ ਬਾਗੋ-ਬਾਗ ਕੀਤਾ, ਉੱਥੇ ਹੀ ਦਿਲ ਦੇ ਮਰੀਜ਼ਾਂ ਨੂੰ ਵੀ ਵੈਲੇਨਟਾਈਨ ''ਤੇ ਵੱਡਾ ਤੋਹਫਾ ਮਿਲਿਆ। ਜੀ ਹਾਂ, ਤੁਹਾਨੂੰ ਦੱਸ ਦੇਈਏ ਕਿ ਦਵਾਈਆਂ ਦੀਆਂ ਕੀਮਤਾਂ ਤੈਅ ਕਰਨ ਵਾਲੀ ਸੰਸਥਾ ਨੈਸ਼ਨਲ ਫਾਰਮਾਸਿਊਟਿਕਲ ਪ੍ਰਾਈਸਿੰਗ ਅਥਾਰਟੀ (ਐੱਨ. ਪੀ. ਪੀ. ਏ.) ਨੇ ਦਿਲ ''ਚ ਪੈਣ ਵਾਲੇ ਸਟੈਂਟਾਂ ਦੀਆਂ ਕੀਮਤਾਂ ''ਚ ਭਾਰੀ ਕਟੌਤੀ ਕਰਦਿਆਂ ਇਨ੍ਹਾਂ ਨੂੰ ਨਿਰਧਾਰਿਤ ਕਰ ਦਿੱਤਾ, ਜਿਸ ਨੂੰ ਦਿਲ ਦੇ ਮਰੀਜ਼ਾਂ ਲਈ ਇਕ ਵੱਡੀ ਰਾਹਤ ਦੇ ਤੌਰ ''ਤੇ ਦੇਖਿਆ ਜਾ ਰਿਹਾ ਹੈ। ਪਹਿਲਾਂ ਜਿਹੜਾ ਸਟੈਂਟ 70 ਹਜ਼ਾਰ ਤੋਂ ਡੇਢ ਲੱਖ ਰੁਪਏ ਤੱਕ ਪਾਇਆ ਜਾਂਦਾ ਸੀ, ਹੁਣ ਉਸ ਦੀ ਕੀਮਤ 7200 ਤੋਂ 30,000 ਰੁਪਏ ਤੋਂ ਵੀ ਘੱਟ ਤੈਅ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹਸਪਤਾਲਾਂ ਅਤੇ ਸਟੈਂਟ ਵੇਚਣ ਵਾਲਿਆਂ ਨੂੰ ਨਾ ਸਿਰਫ ਰੇਟ ਦੀ ਸੂਚੀ ਲਾਉਣੀ ਪਵੇਗੀ, ਸਗੋਂ ਬਿੱਲ ''ਚ ਇਸ ਬਾਰੇ ਵੀ ਪੂਰੀ ਜਾਣਕਾਰੀ ਦੇਣੀ ਪਵੇਗੀ। ਐੱਨ. ਪੀ. ਪੀ. ਏ. ਵਲੋਂ ਜਾਰੀ ਕੀਤੀ ਗਈ ਇਸ ਨੋਟੀਫਿਕੇਸ਼ਨ ਦਾ ਸੁਆਗਤ ਕਰਦਿਆਂ ਡਾਕਟਰਾਂ ਦੀ ਸੰਸਥਾ ''ਅਲਾਇੰਸ ਆਫ ਡਾਕਟਰਸ ਫਾਰ ਐਥੀਕਲ ਹੈਲਥਕੇਅਰ'' ਨੇ ਕਿਹਾ ਹੈ ਕਿ ਇਸ ਨਾਲ ਲੋਕ ਅਨੈਤਿਕ ਤਰੀਕੇ ਨਾਲ ਹੋ ਰਹੀ ਲੁੱਟ ਤੋਂ ਬਚਣਗੇ। ਇਸ ਸੰਸਥਾ ਨੇ ਇਹ ਵੀ ਮੰਗ ਕੀਤੀ ਕਿ ਦਿਲ ਦੇ ਆਪਰੇਸ਼ਨ ਕਰਨ ਵਾਲੇ ਹਸਪਤਾਲਾਂ ਦੀ ਕਲੀਨੀਕਲੀ ਆਡਿਟ ਵੀ ਹੋਣੀ ਚਾਹੀਦੀ ਹੈ, ਜਿਸ ਨਾਲ ਇਹ ਪਤਾ ਲੱਗ ਸਕੇ ਕਿ ਹਸਪਤਾਲਾਂ ਨੇ ਕਿੰਨੇ ਸਟੈਂਟ ਪਾਏ ਅਤੇ ਉਨ੍ਹਾਂ ''ਚੋਂ ਕਿੰਨਾ ਮੁਨਾਫਾ ਕਮਾਇਆ। ਡਾਕਟਰਾਂ ਦੀ ਸੰਸਥਾ ਦੇ ਉਪ ਪ੍ਰਧਾਨ ਡਾ. ਅਰੁਣ ਮਿੱਤਰਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਲੋਂ ਐੱਨ. ਪੀ. ਪੀ. ਏ. ਨੂੰ ਇਸ ਮਾਮਲੇ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਉਹ ਇਕ ਵਫਦ ਨਾਲ ਐੱਨ. ਪੀ. ਪੀ. ਏ. ਨੂੰ ਮਿਲੇ ਵੀ ਸਨ, ਜਿਸ ਤੋਂ ਬਾਅਦ ਉਕਤ ਨੋਟੀਫਿਕੇਸ਼ਨ ਜਾਰੀ ਕਰਕੇ ਸਟੈਂਟਾਂ ਦੀਆਂ ਕੀਮਤਾਂ ਬੇਹੱਦ ਘੱਟ ਕਰਕੇ ਇਨ੍ਹਾਂ ਨੂੰ ਨਿਰਧਾਰਿਤ ਕੀਤਾ ਗਿਆ ਹੈ। ਡਾ. ਮਿੱਤਰਾ ਮੁਤਾਬਕ ਕੰਪਨੀਆਂ ਨੇ ਇਸ ਨੋਟੀਫਿਕੇਸ਼ਨ ਨੂੰ ਰੋਕਣ ਲਈ ਬੇਹੱਦ ਦਬਾਅ ਵੀ ਪਾਇਆ ਪਰ ਇਸ ਦੇ ਬਾਵਜੂਦ ਵੀ ਐੱਨ. ਪੀ. ਪੀ. ਏ. ਨੇ ਆਮ ਲੋਕਾਂ ਦੇ ਹੱਕ ''ਚ ਕਦਮ ਚੁੱਕਦਿਆਂ ਉਨ੍ਹਾਂ ਨੂੰ ਵੈਲੇਨਟਾਈਨ ਡੇਅ ''ਤੇ ਵੱਡਾ ਤੋਹਫਾ ਦੇ ਦਿੱਤਾ। ਸਿਰਫ ਇੰਨਾ ਹੀ ਨਹੀਂ, ਜਿਹੜਾ ਵੀ ਹਸਪਤਾਲ ਨੋਟੀਫਿਕੇਸ਼ਨ ''ਤੇ ਨਿਰਧਾਰਿਤ ਕੀਮਤ ਤੋਂ ਜ਼ਿਆਦਾ ਪੈਸੇ ਵਸੂਲੇਗਾ, ਉਸ ਨੂੰ ਮਰੀਜ਼ ਨੂੰ ਪੂਰੇ ਪੈਸੇ ਵਾਪਸ ਕਰਨੇ ਪੈਣਗੇ।

Babita Marhas

This news is News Editor Babita Marhas