...ਰੱਬ ਹੀ ਬਚਾਵੇ ਆਵਾਰਾ ਕੁੱਤਿਆਂ ਦੇ ਕਹਿਰ ਤੋਂ!

03/05/2018 6:44:21 AM

ਫਗਵਾੜਾ, (ਰੁਪਿੰਦਰ ਕੌਰ)- ਅੰਮ੍ਰਿਤਸਰ ਤੋਂ ਦਿੱਲੀ ਵੱਲ ਜਾਂਦੀ ਸਿੱਧੀ ਜਰਨੈਲੀ ਸੜਕ (ਗ੍ਰੈਂਡ ਟ੍ਰੰਕ ਰੋਡ ਜੀ. ਟੀ. ਰੋਡ) 'ਤੇ ਸਥਿਤ ਪੈਪਸੂ ਦੀ ਸਾਬਕਾ ਕਪੂਰਥਲਾ ਰਿਆਸਤ ਦਾ ਸ਼ਹਿਰ ਫਗਵਾੜਾ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਦੁਆਬੇ 'ਚ ਵਸਦੇ ਇਸ ਸ਼ਹਿਰ ਤੇ ਨੇੜਲੇ ਇਲਾਕਿਆਂ ਦੇ ਰਹਿਣ ਵਾਲੇ ਪੰਜਾਬੀਆਂ ਨੇ ਦੁਨੀਆ ਦੇ ਹਰ ਦੇਸ਼ 'ਚ ਝੰਡੇ ਗੱਡੇ ਹਨ। ਹੋਰ ਬਹੁਤ ਵਿਸ਼ੇਸ਼ਤਾਵਾਂ ਤੋਂ ਇਲਾਵਾ ਇਥੇ ਖੰਡ ਮਿੱਲ, ਜੇ. ਸੀ. ਟੀ. ਮਿੱਲ ਤੇ ਸੋਹਣੇ ਲੇਡੀਜ਼ ਸੂਟਾਂ ਦਾ ਬਾਜ਼ਾਰ ਹੋਣ ਦੀ ਵੀ ਪ੍ਰਸਿੱਧੀ ਹਾਸਲ ਹੈ। ਅੱਜ ਇਹ ਸ਼ਹਿਰ ਪੰਜਾਬ ਦੇ ਨਗਰ ਨਿਗਮਾਂ 'ਚ ਸ਼ਮੂਲੀਅਤ ਹਾਸਲ ਕਰ ਚੁੱਕਾ ਹੈ। 
ਆਵਾਰਾ ਕੁੱਤੇ ਬਹੁਤ ਗੰਭੀਰ ਮੁੱਦਾ
ਫਗਵਾੜਾ ਸ਼ਹਿਰ ਨੇ ਬਹੁਤ ਤਰੱਕੀ ਕੀਤੀ ਹੈ ਪਰ ਜੇਕਰ ਘੋਖਵੀਂ ਝਾਤੀ ਮਾਰੀਏ ਤਾਂ ਕਈ ਗੰਭੀਰ ਮੁੱਦੇ ਮੂੰਹ ਅੱਡੀ ਖੜ੍ਹੇ ਹਨ ਜਿਵੇਂ ਕਿ ਕੁਝ ਵਿਕਾਸ ਸਬੰਧੀ ਖਾਮੀਆਂ ਬੜਾ ਹੀ ਭਿਆਨਕ ਤੇ ਖਤਰਨਾਕ ਰੂਪ ਧਾਰਨ ਕਰ ਚੁੱਕੀਆਂ ਹਨ। ਜਿਨ੍ਹਾਂ 'ਚ ਪ੍ਰਮੁੱਖ ਹੈ ਆਵਾਰਾ ਘੁੰਮਦੇ ਕੁੱਤਿਆਂ ਦੀ ਭਰਮਾਰ ਮੁੱਦਾ। ਇਨ੍ਹਾਂ ਆਵਾਰਾ ਕੁੱਤਿਆਂ ਦੀ ਸ਼ਹਿਰ 'ਚ ਪੂਰੀ ਦਹਿਸ਼ਤ ਹੈ। 
ਇਨ੍ਹਾਂ ਦੇ ਹਮਲਿਆਂ ਦੇ ਸ਼ਿਕਾਰ ਰੋਜ਼ਾਨਾ ਫਗਵਾੜਾ ਵਾਸੀ ਹੋ ਰਹੇ ਹਨ। ਕਦੇ ਗਲੀਆਂ 'ਚ ਕਦੇ ਸੜਕਾਂ 'ਚ ਤੇ ਕਦੇ ਤਾਂ ਨਗਰ ਨਿਗਮ ਹਾਲ 'ਚ ਵੀ। ਲੋਕ ਇਨ੍ਹਾਂ ਆਵਾਰਾ ਕੁੱਤਿਆਂ ਤੋਂ ਇੰਨੇ ਸਹਿਮੇ ਹੋਏ ਹਨ ਕਿ ਸਿਰਫ ਇਹੀ ਕਹਿੰਦੇ ਹਨ ਕਿ ਹੁਣ ਤਾਂ ਜੀ, ਬੜਾ ਡਰ ਲੱਗੇ ਫਗਵਾੜਾ ਸ਼ਹਿਰ ਤੋਂ ਰੱਬ ਹੀ ਬਚਾਵੇ ਇਨ੍ਹਾਂ ਆਵਾਰਾ ਕੁੱਤਿਆਂ ਦੇ ਕਹਿਰ ਤੋਂ!  
ਹਰ ਸਮੇਂ ਦਹਿਸ਼ਤ 'ਚ ਮਾਹੌਲ, ਪ੍ਰਸ਼ਾਸਨ ਕਰ ਰਿਹੈ ਵੱਡੇ ਹਾਦਸੇ ਦੀ ਉਡੀਕ 
ਇਨ੍ਹਾਂ ਆਵਾਰਾ ਕੁੱਤਿਆਂ ਦੇ ਸੜਕਾਂ ਤੇ ਗਲੀਆਂ 'ਚ ਬੈਠੇ ਜਾਂ ਘੁੰਮਦੇ ਝੁੰਡਾਂ ਤੋਂ ਲੋਕ ਹਰ ਵੇਲੇ ਦਹਿਸ਼ਤ 'ਚ ਰਹਿੰਦੇ ਹਨ, ਕਈ ਵਾਰੀ ਤਾਂ ਬੱਚਿਆਂ ਨੂੰ ਇਨ੍ਹਾਂ ਤੋਂ ਬਚਦਿਆਂ ਹੀ ਵੱਡੀਆਂ ਸੱਟਾਂ ਲੱਗ ਜਾਂਦੀਆਂ ਹਨ ਤੇ ਗੰਭੀਰ ਜ਼ਖਮੀ ਹੋ ਜਾਂਦੇ ਹਨ। ਇਨ੍ਹਾਂ ਕੁੱਤਿਆਂ ਦੇ ਸ਼ਿਕਾਰ ਵਿਅਕਤੀ ਜਿਥੇ ਸਰੀਰਕ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹਨ, ਉਥੇ ਆਰਥਿਕ ਤੌਰ 'ਤੇ ਵੀ ਐਵੇਂ ਹੀ ਖਮਿਆਜ਼ਾ ਭੁਗਤ ਰਹੇ ਹਨ। 
ਪਸ਼ੂ ਪੰਛੀਆਂ 'ਤੇ ਜ਼ੁਲਮ ਕਰਨ ਸਬੰਧੀ ਕਾਨੂੰਨ ਸਖਤ : ਪ੍ਰਸ਼ਾਸਨ 
ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਪਸ਼ੂਆਂ ਤੇ ਪੰਛੀਆਂ 'ਤੇ ਜ਼ੁਲਮ ਕਰਨ ਤੋਂ ਰੋਕਣ ਸਬੰਧੀ ਸਖਤ ਹੁਕਮ ਜਾਰੀ ਕੀਤੇ ਹਨ। ਇਹ ਕਹਿ ਕੇ ਪ੍ਰਸ਼ਾਸਨ ਅਗਲੀ ਕਾਰਵਾਈ ਤੋਂ ਹਮੇਸ਼ਾ ਭੱਜਿਆ ਨਜ਼ਰ ਆਇਆ ਹੈ ਪਰ ਕੀ ਸਥਾਨਕ ਪ੍ਰਸ਼ਾਸਨ ਨੂੰ ਰੋਜ਼ ਹੁੰਦੇ ਹਾਦਸਿਆਂ ਦੀ ਖਬਰ ਨਹੀਂ ਪਹੁੰਚਦੀ। ਕੀ ਸਿਰਫ ਮਾਰਨਾ ਹੀ ਹੱਲ ਹੁੰਦਾ ਹੈ, ਕਹਿਣ ਦਾ ਮਤਲਬ ਇਹ ਹੈ ਕਿ ਸਥਾਨਕ ਪ੍ਰਸ਼ਾਸਨ ਨੂੰ ਇਨ੍ਹਾਂ ਆਵਾਰਾ ਕੁੱਤਿਆਂ ਦੀ ਰੋਕਥਾਮ 'ਤੇ ਜਲਦੀ ਤੋਂ ਜਲਦੀ ਢੁਕਵੇਂ ਤੇ ਸਾਰਥਕ ਯਤਨ ਕਰਨੇ ਚਾਹੀਦੇ ਹਨ। 
ਕੁੱਤਿਆਂ ਦੀ ਨਸਬੰਦੀ ਲਈ ਬਜਟ ਦਾ ਮਤਾ ਪਾਇਆ ਹੈ : ਸਹਾਇਕ ਕਮਿਸ਼ਨਰ
ਇੰਨੇ ਗੰਭੀਰ ਮੁੱਦੇ 'ਤੇ ਜਦੋਂ ਅਸੀਂ ਸਥਾਨਕ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਕੁਝ ਏਰੀਏ 'ਚ ਕੁੱਤਿਆਂ ਦੀ ਨਸਬੰਦੀ ਮੁਹਿੰਮ ਚਲਾਈ ਸੀ ਪਰ ਸਾਡੇ ਕੋਲ ਬਜਟ ਦੀ ਕਮੀ ਹੋਣ ਕਰ ਕੇ ਦੁਬਾਰਾ ਮਤਾ ਪਾਇਆ ਹੋਇਆ ਹੈ, ਜਦੋਂ ਹੀ ਪਾਸ ਹੋਵੇਗਾ, ਉਦੋਂ ਅਸੀਂ ਦੁਬਾਰਾ ਇਹ ਮੁਹਿੰਮ ਸ਼ੁਰੂ ਕਰਾਂਗੇ। 
ਰੋਜ਼ ਕਰੀਬ 40 ਮਰੀਜ਼ ਆਉਂਦੇ ਹਨ : ਐੱਸ. ਐੱਮ. ਓ. 
ਫਗਵਾੜਾ ਸਿਵਲ ਹਸਪਤਾਲ ਦੇ ਉੱਚ ਅਧਿਕਾਰੀ ਐੱਸ. ਐੱਮ. ਓ. ਦਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ 40 ਦੇ ਆਸ-ਪਾਸ ਸਾਡੇ ਕੋਲ ਰੋਜ਼ ਕੁੱਤੇ ਦੇ ਵੱਢੇ ਦੇ ਮਰੀਜ਼ ਆਉਂਦੇ ਹਨ। ਅਸੀਂ ਰੋਕਥਾਮ ਲਈ ਟੀਕੇ ਲਗਾ ਦਿੰਦੇ ਹਾਂ ਜੋ ਕਿ ਸਰਕਾਰ ਭੇਜਦੀ ਹੈ ਪਰ ਹੁਣ ਤਾਂ ਸਾਡੇ ਵੀ ਹੱਥ ਬੱਝੇ ਹੋਏ ਹਨ ਕਿਉਂਕਿ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਸਾਡੇ ਕੋਲ ਜ਼ਰੂਰੀ ਟੀਕੇ ਵੀ ਨਹੀਂ ਹਨ। ਸਰਕਾਰ ਨੂੰ ਲਿਖਤ ਭੇਜਿਆ ਵੀ ਹੈ ਪਰ ਹਾਲੇ ਤਕ ਵੀ ਮੁਹੱਈਆ ਨਹੀਂ ਹੋਏ। ਸਾਨੂੰ ਮਜਬੂਰੀ ਮਰੀਜ਼ਾਂ ਨੂੰ ਵਾਪਸ ਭੇਜਣਾ ਪੈਂਦਾ ਹੈ ਕਈ ਤਾਂ ਬਾਹਰੋਂ ਮਹਿੰਗੇ ਟੀਕੇ ਖਰੀਦ ਕੇ ਲਗਾ ਲੈਂਦੇ ਹਨ। ਕਈ ਮਰੀਜ਼ ਗਰੀਬ ਹੁੰਦੇ ਹਨ, ਜੋ ਕਿ ਆਪਣਾ ਇਲਾਜ ਵੀ ਨਹੀਂ ਕਰਵਾ ਸਕਦੇ, ਜਿਸ ਨਾਲ ਭਿਆਨਕ ਬੀਮਾਰੀਆਂ ਵੀ ਲੱਗਦੀਆਂ ਹਨ ਤੇ ਕਈਆਂ ਦੀ ਤਾਂ ਮੌਤ ਵੀ ਹੋ ਜਾਂਦੀ ਹੈ। ਸੋ ਇਸ ਉਕਤ ਜਾਣਕਾਰੀ ਤੋਂ ਸਾਫ ਜ਼ਾਹਿਰ ਹੈ ਕਿ ਸਾਡੀ ਸਰਕਾਰ ਤੇ ਪ੍ਰਸ਼ਾਸਨ ਕਿੰਨਾ ਕੁ ਗੰਭੀਰ ਹੈ।