ਜੀ. ਐੱਨ. ਏ. ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਔਰਤਾਂ ਨੂੰ ਸੰਦੇਸ਼- ''ਨਿਡਰ ਹੋ ਕੇ ਚੱਲੋ'' (ਦੇਖੋ ਤਸਵੀਰਾਂ)

05/28/2017 6:41:08 PM

ਜਲੰਧਰ— ਜੀ. ਐੱਨ. ਏ. ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰਬੰਧਕਾਂ ਨਾਲ ਮਿਲ ਕੇ ਔਰਤਾਂ 'ਤੇ ਹੋ ਰਹੇ ਅੱਤਿਆਚਾਰਾਂ ਅਤੇ ਦੁਰਵਿਵਹਾਰ ਖਿਲਾਫ ਆਵਾਜ਼ ਬੁਲੰਦ ਕਰਦੇ ਹੋਏ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। 'ਵਾਕ ਫੀਅਰਲੈੱਸ- ਅ ਕਾਲ ਅਗੇਨਸਟ ਵੂਮੈਨ ਅਬੂਜ਼ਰਸ' ਨਾਮੀ ਇਸ ਮੁਹਿੰਮ ਦਾ ਮਕਸਦ ਔਰਤਾਂ ਨੂੰ ਆਪਣੇ ਹੱਕਾਂ ਲਈ ਆਵਾਜ਼ ਚੁੱਕਣ ਲਈ ਉਤਸ਼ਾਹਤ ਕਰਨਾ ਅਤੇ ਉਨ੍ਹਾਂ ਖਿਲਾਫ ਹੋ ਰਹੇ ਦੁਰਵਿਵਹਾਰ ਅਤੇ ਹਿੰਸਾ ਨੂੰ ਰੋਕਣਾ ਹੈ। ਇਹ ਮੁਹਿੰਮ ਫੇਸਬੁੱਕ ਵੱਲੋਂ ਕੀਤੇ ਗਏ ਗਲੋਬਲ ਚੈਲੰਜ ਦਾ ਹਿੱਸਾ ਹੈ, ਜਿਸ ਵਿਚ ਫੇਸਬੁੱਕ ਪੱਖਪਾਤ, ਨਫਰਤ ਭਰੇ ਭਾਸ਼ਣਾਂ ਅਤੇ ਕੱਟੜਵਾਦ ਦੇ ਅੰਤ ਲਈ ਯੂਨੀਵਰਸਿਟੀਆਂ ਨਾਲ ਮਿਲ ਕੇ ਪਹਿਲ ਕਰਦੀ ਹੈ। 
ਜੀ. ਐੱਨ. ਏ. ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪ੍ਰੇਮ ਕੁਮਾਰ ਨੇ ਮੁਹਿੰਮ ਵਿਚ ਸ਼ਾਮਲ ਹੋਣ ਲਈ ਪਹੁੰਚੇ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਵਿਦਿਆਰਥੀਆਂ ਦੇ ਇਸ ਉਪਰਾਲੇ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਮੋਹਾਲੀ ਦੀ ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ ਦੇ ਡਿਪਟੀ ਡਾਇਰੈਕਟਰ ਡਾ. ਸ਼ਰੂਤੀ ਸ਼ੁਕਲਾ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ। ਸਮਾਗਮ ਵਿਚ ਸ਼ਾਮਲ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਹਿਲਾ ਸ਼ਸ਼ਕਤੀਕਰਨ ਔਰਤਾਂ ਨੂੰ ਪੜ੍ਹਾਉਣ ਨਾਲ ਹੀ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਕਿਸੇ ਵੀ ਤਰ੍ਹਾਂ ਦੇ ਜ਼ੁਲਮ ਦੇ ਖਿਲਾਫ ਚੁੱਪ ਨਹੀਂ ਰਹਿਣਾ ਚਾਹੀਦਾ, ਸਗੋਂ ਉਸ ਦਾ ਵਿਰੋਧ ਕਰਕੇ ਸਮਾਜ ਵਿਚ ਤਬਦੀਲੀ ਲਿਆਉਣੀ ਚਾਹੀਦੀ ਹੈ।
ਇਸ ਸਮਾਗਮ ਦੀ ਸ਼ੁਰੂਆਤ ਔਰਤਾਂ ਦੇ ਸੰਘਰਸ਼ 'ਤੇ ਬਣੀ ਫਿਲਮ 'ਗੁਲਾਬੀ ਗੈਂਗ' ਦੇ ਪ੍ਰਦਰਸ਼ਨ ਨਾਲ ਕੀਤੀ ਗਈ। ਇਸ ਤੋਂ ਬਾਅਦ ਨਾਲ 'ਦੁਰਵਿਵਹਾਰ ਦੇ ਖਿਲਾਫ ਲੜਾਈ' ਦੇ ਵਿਸ਼ੇ 'ਤੇ ਇਕ ਪੈਨਲ ਵਿਚਾਰ-ਚਰਚਾ ਹੋਈ। ਇਸ ਮੌਕੇ ਔਰਤਾਂ 'ਤੇ ਅੱਤਿਆਚਾਰਾਂ ਨੂੰ ਦਰਸਾਉਂਦੇ ਹੋਏ ਨਾਟਕ 'ਚੰਦਨ ਦੇ ਓਹਲੇ' ਨੂੰ ਵੀ ਮੰਚ 'ਤੇ ਪੇਸ਼ ਕੀਤਾ ਗਿਆ। ਇਹ ਨਾਟਕ ਇਕ ਅਜਿਹੀ ਕੁੜੀ 'ਤੇ ਆਧਾਰਤ ਹੈ, ਜਿਸ ਦਾ ਵਿਆਹ ਉਸ ਦੀ ਮਰਜ਼ੀ ਦੇ ਖਿਲਾਫ ਉਸ ਤੋਂ ਦੁੱਗਣੀ ਉਮਰ ਦੇ ਐੱਨ. ਆਰ. ਆਈ. ਵਿਅਕਤੀ ਨਾਲ ਕਰ ਦਿੱਤਾ ਜਾਂਦਾ ਹੈ। ਕੁੱਲ ਮਿਲਾ ਕੇ ਇਸ ਸਮਾਗਮ ਨੂੰ ਭਰਵਾਂ ਹੁੰਗਾਰਾ ਮਿਲਿਆ।

Kulvinder Mahi

This news is News Editor Kulvinder Mahi