ਰਾਜ ਸਭਾ ਮੈਂਬਰ ਸੀਚੇਵਾਲ ਦੇ ਯਤਨਾਂ ਸਦਕਾ ਸਾਊਦੀ ਅਰਬ ਤੇ ਓਮਾਨ ਤੋਂ ਘਰ ਪਰਤੀਆਂ ਕੁੜੀਆਂ, ਸੁਣਾਈ ਹੱਡਬੀਤੀ

03/18/2024 3:54:48 PM

ਕਪੂਰਥਲਾ (ਚੰਦਰ/ਰਾਜਪੂਤ)- ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਸਾਊਦੀ ਅਰਬ ਅਤੇ ਓਮਾਨ ਵਿੱਚੋਂ ਵਾਪਸ ਆਈਆਂ ਕੁੜੀਆਂ ਨੇ ਆਪਣੀ ਹੱਡਬੀਤੀ ਸੁਣਾਈ ਹੈ। ਹੱਡਬੀਤੀ ਸੁਣਾਉਂਦੇ ਹੋਏ ਕੁੜੀਆਂ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਉਥੇ 18 ਤੋਂ 20 ਘੰਟੇ ਕੰਮ ਕਰਵਾਇਆ ਜਾਂਦਾ ਸੀ। ਸਿਹਤ ਖ਼ਰਾਬ ਹੋਣ 'ਤੇ ਇਲਾਜ ਨਹੀਂ ਸੀ ਕਰਵਾਇਆ ਜਾਂਦਾ ਸਗੋਂ ਬੀਮਾਰੀ ਦੌਰਾਨ ਵੀ ਧੱਕੇ ਨਾਲ ਕੰਮ ਕਰਵਾਇਆ ਜਾਂਦਾ ਸੀ। 

ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀਆਂ ਇਨ੍ਹਾਂ ਕੁੜੀਆਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਗਏ ਸਾਰਥਿਕ ਯਤਨਾਂ ਸਦਕਾ ਹੀ ਉਹ ਮੁੜ ਆਪਣੇ ਪਰਿਵਾਰਾਂ ਵਿੱਚ ਪਰਤ ਸਕੀਆਂ ਹਨ। ਅਰਬ ਦੇਸ਼ਾਂ ਵਿੱਚ ਵਾਪਸ ਆਈਆਂ ਕੁੜੀਆਂ ਜ਼ਿਲ੍ਹਾ ਹੁਸ਼ਿਆਰਪੁਰ, ਤਰਨਤਾਰਨ ਅਤੇ ਕਪੂਰਥਲਾ ਨਾਲ ਸੰਬੰਧਤ ਹਨ।

ਇਹ ਵੀ ਪੜ੍ਹੋ:  ਸ਼ਹੀਦ ਅੰਮ੍ਰਿਤਪਾਲ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ

ਸਾਊਦੀ ਅਰਬ ਅਤੇ ਓਮਾਨ ਤੋਂ ਵਾਪਸ ਆਈਆਂ ਕੁੜੀਆਂ ਨੇ ਲੂ-ਕੰਢੇ ਖੜ੍ਹੇ ਕਰਨ ਵਾਲੀਆਂ ਹੱਡਬੀਤੀਆਂ ਸਾਂਝੀਆਂ ਕਰਦਿਆਂ ਹੋਇਆ ਦੱਸਿਆ ਕਿ ਕਿਸ ਤਰ੍ਹਾਂ ਨਾਲ ਉਨ੍ਹਾਂ 'ਤੇ ਉੱਥੇ ਤਸ਼ਦੱਦ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਏਜੰਟਾਂ ਵੱਲੋਂ ਹਾਲੇ ਵੀ ਉੱਥੇ ਬਹੁਤ ਸਾਰੀਆਂ ਕੁੜੀਆਂ ਨੂੰ ਇਸੇ ਤਰ੍ਹਾਂ ਫਸਾ ਕੇ ਰੱਖਿਆ ਹੋਇਆ ਹੈ, ਜੋ ਨਾ ਸਿਰਫ਼ ਭਾਰਤ ਦੀਆਂ ਸਗੋਂ ਨੇਪਾਲ ਸਮੇਤ ਹੋਰ ਵੀ ਦੇਸ਼ਾਂ ਦੀਆਂ ਹਨ। ਉਨ੍ਹਾਂ ਦੱਸਿਆ ਕਿ ਉੱਥੇ ਕੁੜੀਆਂ ਨਾਲ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਹੈ।

ਸੰਤ ਸੀਚੇਵਾਲ ਨੇ ਦੱਸਿਆ ਕਿ ਖਾੜੀ ਦੇਸ਼ਾਂ ਵਿੱਚ ਟਰੈਵਲ ਏਜੰਟਾਂ ਰਾਹੀ ਗਈਆਂ ਕੁੜੀਆਂ ਦਾ ਸ਼ੋਸ਼ਣ ਰੁੱਕਣ ਦਾ ਨਾਮ ਨਹੀਂ ਲੈ ਰਿਹਾ ਹੈ। ਬਿਹਤਰ ਭਵਿੱਖ, ਮੋਟੀਆਂ ਤਨਖ਼ਾਹਾਂ ਅਤੇ ਘਰਾਂ ਵਿੱਚ ਸੌਖਾ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਪੰਜਾਬ ਦੀਆਂ ਕੁੜੀਆਂ ਨੂੰ ਟਰੈਵਲ ਏਜੰਟ ਆਪਣੇ ਚੁੰਗਲ ਵਿੱਚ ਫਸਾ ਰਹੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਅਰਬ ਦੇਸ਼ਾਂ ਵਿੱਚ ਕੁੜੀਆਂ ਦਾ ਸ਼ੋਸ਼ਣ ਹੋਣਾ ਚਿੰਤਾਜਨਕ ਹੈ। ਉਨ੍ਹਾਂ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਕੁੜੀਆਂ ਪਰਿਵਾਰਾਂ ਤੱਕ ਸਹੀ ਸਲਾਮਤ ਪਹੁੰਚ ਸਕੀਆਂ ਹਨ। ਉਨ੍ਹਾਂ ਦੱਸਿਆ ਕਿ ਜਨਵਰੀ ਫਰਵਰੀ ਮਹੀਨੇ ਦੌਰਾਨ ਇਨ੍ਹਾਂ 2 ਕੁੜੀਆਂ ਸਮੇਤ ਹੋਰ 4 ਕੁੜੀਆਂ ਵਾਪਸ ਆਈਆਂ ਹਨ।

ਇਹ ਵੀ ਪੜ੍ਹੋ:  ਮੂਸੇਵਾਲਾ ਦੇ ਛੋਟੇ ਭਰਾ ਦੀ ਸਭ ਤੋਂ ਪਹਿਲੀ ਵੀਡੀਓ ਆਈ ਸਾਹਮਣੇ, ਮਾਂ ਚਰਨ ਕੌਰ ਦੀ ਗੋਦੀ 'ਚ ਦਿਸਿਆ ਛੋਟਾ ਸਿੱਧੂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

shivani attri

This news is Content Editor shivani attri