ਅਖਬਾਰਾਂ ਦੀਆਂ ਸੁਰਖੀਆਂ ਬਣ ਕੇ ਨਾ ਰਹਿ ਜਾਣ ਜਬਰ-ਜ਼ਨਾਹ ਪੀੜਤ ਲੜਕੀਆਂ : ਗੁਲਾਟੀ

03/26/2018 11:35:49 AM


ਅੰਮ੍ਰਿਤਸਰ (ਸਫਰ, ਨਵਦੀਪ) - ਅਜੇ ਮੈਨੂੰ ਪੰਜਾਬ ਸਟੇਟ ਵੂਮੈਨ ਕਮਿਸ਼ਨ ਦੀ ਚੇਅਰਪਰਸਨ ਬਣੇ ਨੂੰ 2 ਦਿਨ ਹੀ ਹੋਏ ਸਨ, ਉਦੋਂ ਮੈਨੂੰ ਪਤਾ ਲਗਾ ਕਿ ਸ੍ਰੀ ਫਤਿਹਗੜ੍ਹ ਸਾਹਿਬ 'ਚ 7 ਸਾਲਾ ਬੱਚੀ ਨਾਲ ਜਬਰ-ਜ਼ਨਾਹ ਹੋਇਆ ਹੈ। ਇਹ ਸੁਣ ਕੇ ਮੇਰੀ ਰੂਹ ਕੰਬ ਗਈ। ਮੈਂ ਭਰੇ ਮਨ ਨਾਲ ਸ੍ਰੀ ਫਤਿਹਗੜ੍ਹ ਸਾਹਿਬ ਦੀ ਐੱਸ. ਐੱਸ. ਪੀ. ਅਲਕਾ ਮੀਨਾ ਨੂੰ ਫੋਨ ਕੀਤਾ। ਕਾਫ਼ੀ ਦੇਰ ਤੱਕ ਉਨ੍ਹਾਂ ਨਾਲ ਗੱਲ ਕੀਤੀ। 
ਉਨ੍ਹਾਂ ਨੇ ਫੋਨ ਕਾਨਫਰੰਸਿੰਗ ਰਾਹੀਂ ਲੜਕੀ ਦੇ ਮਾਂ-ਬਾਪ ਨਾਲ ਗੱਲ ਕਰਵਾਈ। ਮੈਂ ਉਸ ਲੜਕੀ ਦੇ ਪਰਿਵਾਰ ਨੂੰ ਮਿਲਣਾ ਚਾਹੁੰਦੀ ਸੀ ਪਰ ਲੜਕੀ ਦੀ ਪਛਾਣ ਨਹੀਂ ਹੋਈ ਸੀ, ਜਿਸ ਕਾਰਨ ਮੈਂ ਨਹੀਂ ਗਈ। ਮੈਂ ਚਾਹੁੰਦੀ ਹਾਂ ਕਿ ਉਸ ਲੜਕੀ ਦੀ ਸਿੱਖਿਆ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਲਵੇ, ਇਸ ਬਾਰੇ ਮੈਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਾਂਗੀ। ਮੈਨੂੰ ਪੂਰੀ ਉਮੀਦ ਹੈ ਕਿ ਮੁੱਖ ਮੰਤਰੀ ਸਾਹਿਬ ਮੇਰੀ ਇਸ ਗੱਲ 'ਤ ਆਪਣੀ ਸਹਿਮਤੀ ਦੇਣਗੇ। ਮੈਂ ਪੰਜਾਬ ਸਰਕਾਰ ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਜਬਰ-ਜ਼ਨਾਹ ਪੀੜਤ ਬੇਟੀਆਂ ਨੂੰ ਜਿਨ੍ਹਾਂ ਸਕੂਲਾਂ-ਕਾਲਜਾਂ ਵਿਚ ਸਿੱਖਿਆ ਦਿਵਾਈ ਜਾਵੇ, ਉਥੇ ਉਨ੍ਹਾਂ ਨੂੰ ਅਜਿਹਾ ਮਾਹੌਲ ਦਿੱਤਾ ਜਾਵੇ ਕਿ ਉਨ੍ਹਾਂ ਦੀ ਜ਼ਿੰਦਗੀ ਸਦਮੇ ਤੋਂ ਉਭਰ ਕੇ ਖਿੜਖਿੜਾ ਸਕੇ।
ਇਹ ਕਹਿੰਦੇ ਹੋਏ ਅੰਮ੍ਰਿਤਸਰ ਆਪਣੇ ਨਿਵਾਸ ਸਥਾਨ 'ਤੇ ਜਗ ਬਾਣੀ ਨਾਲ ਖਾਸ ਗੱਲਬਾਤ ਕਰਦੇ ਹੋਏ ਪੰਜਾਬ ਸਟੇਟ ਵੂਮੈਨ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਰੋ ਪਈ। ਕਹਿਣ ਲੱਗੀ ਮੇਰੇ ਕੋਲ ਪੰਜਾਬ ਦੇ ਕਰੀਬ 76 ਵੂਮੈਨ ਕਾਲਜ ਹਨ, ਜਿਨ੍ਹਾਂ ਵਿਚ ਸਪੈਸ਼ਲ ਬੇਟੀਆਂ ਨੂੰ ਆਤਮ-ਨਿਰਭਰਤਾ ਅਤੇ ਕਿਸੇ ਵੀ ਮੋੜ 'ਤੇ ਆਪਣਾ ਬਚਾਅ ਕਰਨ ਲਈ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਜੇਲਾਂ ਵਿਚ ਕੈਦ ਅਜਿਹੀਆਂ ਔਰਤਾਂ ਦੀ ਕਾਊਂਸਲਿੰਗ ਹੋਵੇਗੀ, ਜੋ ਜੁਰਮ ਦੀ ਦਲਦਲ ਵਿਚ ਫਸ ਗਈਆਂ ਜਾਂ ਫਸਾਈਆਂ ਗਈਆਂ ਹਨ। ਜੇਲਾਂ ਵਿਚ ਮਹਿਲਾ ਕਾਊਂਸਲਰ ਨਿਯੁਕਤ ਹੋਣਗੇ, ਜੋ ਸਪੈਸ਼ਲ ਟ੍ਰੇਨਿੰਗ ਦੇਣਗੇ।  
ਦੱਸ ਦੇਈਏ ਕਿ ਮਨੀਸ਼ਾ ਗੁਲਾਟੀ ਨੂੰ ਪਰਮਜੀਤ ਕੌਰ ਲਾਂਦੜਾ ਦੇ ਸਥਾਨ 'ਤੇ ਪੰਜਾਬ ਸਰਕਾਰ ਨੇ ਨਿਯੁਕਤ ਕੀਤਾ ਹੈ। ਪਿਛਲੇ 5 ਸਾਲ ਲਾਂਦੜਾ ਇਸ ਅਹੁਦੇ 'ਤੇ ਰਹਿ ਕੇ ਔਰਤਾਂ ਦੇ ਅਧਿਕਾਰਾਂ ਦੀ ਜੰਗ ਲੜ ਰਹੀ ਸੀ, ਹੁਣ ਇਹ ਜ਼ਿੰਮੇਵਾਰੀ ਮਨੀਸ਼ਾ ਗੁਲਾਟੀ ਦੇ ਮੋਢਿਆਂ 'ਤੇ ਆ ਟਿਕੀ ਹੈ। ਮੁਨੀਸ਼ਾ ਗੁਲਾਟੀ ਨੇ ਜਗ ਬਾਣੀ ਨਾਲ ਵਾਅਦਾ ਕੀਤਾ ਹੈ ਕਿ ਕੁਕਰਮ ਪੀੜਤ ਬੇਟੀਆਂ ਲਈ ਉਹ ਹਰ ਜੰਗ ਲੜੇਗੀ, ਭਾਵੇਂ ਉਨ੍ਹਾਂ ਨੂੰ ਹਾਈ ਕੋਰਟ ਤੇ ਸੁਪਰੀਮ ਕੋਰਟ ਦਾ ਸਹਾਰਾ ਕਿਉਂ ਨਾ ਲੈਣਾ ਪਵੇ।