ਧੀ ਨੇ ਲਾਇਆ ਪਿਤਾ ''ਤੇ ਜਬਰ-ਜ਼ਨਾਹ ਦਾ ਦੋਸ਼, ਮਾਮਲਾ ਦਰਜ

07/24/2017 4:56:14 AM

ਰਾਮਾਂ ਮੰਡੀ  (ਪਰਮਜੀਤ) - ਪੁਲਸ ਨੇ ਇਕ ਅਜਿਹੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਸ 'ਤੇ ਆਪਣੀ ਹੀ ਧੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਲੱਗੇ ਹਨ। ਪੁਲਸ ਨੂੰ ਦਿੱਤੇ ਬਿਆਨਾਂ 'ਚ ਪੀੜਤ ਲੜਕੀ ਨੇ ਦੱਸਿਆ ਕਿ ਉਹ 4 ਭੈਣ-ਭਰਾ ਹਨ। ਉਸ ਦੀ ਵੱਡੀ ਭੈਣ ਵਿਆਹੀ ਹੋਈ ਹੈ ਅਤੇ ਉਸ ਦਾ ਇਕ ਭਰਾ ਉਸ ਦੀ ਭੂਆ ਕੋਲ ਪੜ੍ਹਦਾ ਹੈ। ਉਹ ਆਪਣੀ ਮਾਂ, ਭਰਾ ਅਤੇ ਪਿਤਾ ਨਾਲ ਰਹਿੰਦੀ ਹੈ ਅਤੇ ਉਸ ਦਾ ਪਿਤਾ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਬੀਤੇ ਦਿਨ ਉਸ ਦੀ ਮਾਂ ਅਤੇ ਭਰਾ ਪਿੰਡ ਨੰਗਲਾ ਵਿਖੇ ਕਣਕ ਲੈਣ ਗਏ ਹੋਏ ਸਨ ਤਾਂ ਉਸ ਦਾ ਪਿਤਾ ਘਰੇ ਆਇਆ ਅਤੇ ਘਰ ਦਾ ਮੇਨ ਗੇਟ ਬੰਦ ਕਰ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਤੇ ਉਹ ਬੇਹੋਸ਼ ਹੋ ਗਈ। ਉਸ ਦੀ ਮਾਂ ਨੇ ਆ ਕੇ ਉਸ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ।
ਰਾਮਾਂ ਪੁਲਸ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਦੇਵ ਸਿੰਘ ਨੇ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਪਿਤਾ ਸੁਖਪਾਲ ਸਿੰਘ ਵਾਸੀ ਪਿੰਡ ਨਗਲਾ ਹਾਲ ਆਬਾਦ ਪਿੰਡ ਰਾਮਾਂ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ. ਐੱਸ. ਆਈ. ਨੇ ਦੱਸਿਆ ਕਿ ਪੀੜਤਾ ਦਾ ਪਿਤਾ ਅਜੇ ਫਰਾਰ ਹੈ, ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ।