24 ਸਾਲਾ ਲੜਕੀ ਨਾਲ ਗੈਂਗਰੇਪ ਕਰਨ ਦੇ ਮਾਮਲੇ ''ਚ ਚਾਰ ਨੌਜਵਾਨ ਕਾਬੂ

10/15/2018 12:11:53 PM

ਜਲੰਧਰ/ਕਪੂਰਥਲਾ— 24 ਸਾਲਾ ਲੜਕੀ ਨਾਲ ਇਕ ਦਿਨ 'ਚ ਦੋ ਵਾਰ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਨ ਦੇ ਮਾਮਲੇ 'ਚ ਪੁਲਸ ਨੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਪਹਿਲੇ ਗੈਂਗਰੇਪ 'ਚ ਲੜਕੀ ਦੇ ਬੁਆਏਫਰੈਂਡ ਸਮੇਤ 6 ਦੋਸ਼ੀ ਸ਼ਾਮਲ ਸਨ। ਜਦਕਿ ਦੂਜੀ ਵਾਰ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਨ ਵਾਲਿਆਂ 'ਚ 4 ਲੋਕ ਸ਼ਾਮਲ ਹਨ। 

ਇੰਝ ਬਣੀ 24 ਸਾਲਾ ਲੜਕੀ ਇਨ੍ਹਾਂ ਦਰਿੰਦਿਆਂ ਦੀ ਹਵਸ ਦਾ ਸ਼ਿਕਾਰ
ਜਲੰਧਰ 'ਚ ਪੈਂਦੀ ਇਕ ਬਸਤੀ ਦੀ ਲੜਕੀ ਨੇ ਥਾਣਾ ਸੁਭਾਨਪੁਰ 'ਚ ਸ਼ਿਕਾਇਤ ਦਿੱਤੀ ਸੀ ਕਿ 5 ਮਹੀਨੇ ਪਹਿਲਾਂ ਉਸ ਦੀ ਜਲੰਧਰ ਗੈਸ ਏਜੰਸੀ 'ਤੇ ਕੰਮ ਕਰਨ ਵਾਲੇ ਭੋਲੂ ਨਾਂ ਦੇ ਲੜਕੇ ਨਾਲ ਜਾਣ-ਪਛਾਣ ਹੋਈ ਸੀ। ਭੋਲੂ ਨਸ਼ੇ ਦਾ ਆਦੀ ਹੈ ਅਤੇ ਉਸ ਨੇ ਲੜਕੀ ਨੂੰ ਨਸ਼ੇ ਦੀ ਆਦਤ ਪਾਈ। ਭੋਲੂ ਜ਼ਰੀਏ ਉਸ ਦੀ ਪਛਾਣ ਲੱਖਨ ਖੋਲੇ ਦੇ ਨਸ਼ਾ ਤਸਕਰ ਸੋਨੂੰ ਨਾਲ ਹੋਈ। ਸੋਨੂੰ ਨੇ ਡਰਾ ਕੇ ਨਸ਼ਾ ਸਪਲਾਈ ਕਰਨ ਦੇ ਧੰਦੇ 'ਚ ਲਗਾ ਦਿੱਤਾ। ਅਜਿਹੇ 'ਚ ਉਸ ਦੀ ਪਛਾਣ ਜਸਵੀਰ ਸਿੰਘ ਉਰਫ ਸਿਰੀ ਨਾਲ ਹੋਈ। ਸਿਰੀ ਨੇ ਉਸ ਨੂੰ ਆਪਣੇ ਕਮਰੇ 'ਚ ਰਹਿਣ ਲਈ ਕਮਰਾ ਦੇ ਦਿੱਤਾ ਅਤੇ ਉਥੇ ਉਸ ਨਾਲ ਸਰੀਰਕ ਸਬੰਧ ਬਣਾਏ। ਸਿਰੀ ਸੋਨੂੰ ਦੇ ਗੁਆਂਢ 'ਚ ਰਹਿੰਦਾ ਹੈ।

ਪੀੜਤ ਨੇ ਦੱਸਿਆ ਕਿ 10 ਅਕਤੂਬਰ ਨੂੰ ਸੀਰੀ ਦੇ ਘਰ ਜਨਮਦਿਨ ਦੀ ਪਾਰਟੀ ਰੱਖੀ ਗਈ ਸੀ। ਉਸ ਨੇ ਆਪਣੇ ਸਾਰੇ ਦੋਸਤਾਂ ਨੂੰ ਬੁਲਾਇਆ ਸੀ। ਉਥੇ ਸੋਨੂੰ ਵਾਸੀ ਲੱਖਨ ਖੋਲੇ ਵੀ ਆਇਆ ਹੋਇਆ ਸੀ ਅਤੇ ਉਸ ਨੇ ਰਾਤ ਸਾਢੇ 9 ਦੇ ਕਰੀਬ ਲੜਕੀ ਨੂੰ ਬਾਹਰ ਬੁਲਾ ਲਿਆ। ਸੋਨੂੰ ਉਸ ਨੂੰ ਖੇਤਾਂ 'ਚ ਲੈ ਗਿਆ, ਜਿੱਥੇ ਸੋਨੂੰ ਨੇ ਆਪਣੇ ਚਾਰ ਦੋਸਤਾਂ ਨਾਲ ਮਿਲ ਕੇ ਉਸ ਨਾਲ ਗੈਂਗਰੇਪ ਕੀਤੀ। ਇਥੇ ਉਹ ਦੋਸ਼ੀਆਂ ਦੇ ਚੁੰਗਲ 'ਚੋਂ ਬਚ ਨਿਕਲੀ। 

ਅੱਗੇ ਦੱਸਦੇ ਹੋਏ ਉਸ ਨੇ ਕਿਹਾ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਥਾਣੇ ਜਾਣ ਲੱਗੀ ਤਾਂ ਰਸਤੇ 'ਚ ਜਾਂਦੇ ਸਮੇਂ ਉਸ ਨੂੰ ਸਤਪਾਲ ਵਾਸੀ ਢੁੱਡੀ ਜ਼ਿਲਾ ਮੋਗਾ ਮਿਲ ਗਿਆ। ਉਸ ਨੇ ਉਸ ਨੂੰ ਮਦਦ ਲਈ ਕਿਹਾ ਤਾਂ ਉਹ ਉਸ ਨੂੰ ਥਾਣੇ ਲਿਜਾਣ ਦੀ ਬਜਾਏ ਆਪਣੇ ਕੁਆਰਟਰ 'ਚ ਲੈ ਗਿਆ, ਜਿੱਥੇ ਪਹਿਲਾਂ ਤੋਂ ਹੀ ਉਸ ਦੇ ਤਿੰਨ ਸਾਥੀ ਸੁਖਵਿੰਦਰ ਸਿੰਘ ਵਾਸੀ ਹੁਸ਼ਿਆਰਪੁਰ, ਰਵਿੰਦਰ ਸਿੰਘ ਵਾਸੀ ਗੁਰਦਾਸਪੁਰ ਅਤੇ ਕੁਲਵਿੰਦਰ ਸਿੰਘ ਵਾਸੀ ਮਜੀਠਾ ਮੌਜੂਦ ਸਨ। ਇਹ ਸਾਰੇ ਲੜਕੀ ਦੀ ਫੈਕਟਰੀ 'ਚ ਸਕਿਓਰਿਟੀ ਗਾਰਡ ਦਾ ਕੰਮ ਕਰਦੇ ਸਨ। ਇਨ੍ਹਾਂ ਸਾਰਿਆਂ ਨੇ ਮਿਲ ਕੇ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਉਥੋਂ ਜਾਨ ਬਚਾ ਕੇ ਉਹ ਥਾਣਾ ਸੁਭਾਨਪੁਰ ਪਹੁੰਚੀ, ਜਿੱਥੇ ਉਸ ਨੇ ਇਨ੍ਹਾਂ ਨੌਜਵਾਨਾਂ ਖਿਲਾਫ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਕਾਰਵਾਈ ਕਰਦੇ ਹੋਏ ਪੁਲਸ ਨੇ ਚਾਰ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ। 

ਸੂਤਰਾਂ ਦੀ ਮੰਨੀਏ ਤਾਂ ਸਾਰਾ ਮਾਮਲਾ ਡਰੱਗਜ਼ ਦੇ ਰੈਕੇਟ ਨਾਲ ਸਬੰਧਤ ਹੈ, ਜਿਸ ਕਾਰਨ ਪੁਲਸ ਕਿਤੇ ਨਾ ਕਿਤੇ ਲੜਕੀ ਨੂੰ ਵੀ ਮੀਡੀਆ ਦੇ ਸਾਹਮਣੇ ਆਉਣ ਤੋਂ ਬਚਾ ਰਹੀ ਹੈ, ਜਿਸ ਦੇ ਸਾਹਮਣੇ ਆਉਣ ਨਾਲ ਵੱਡੇ ਖੁਲਾਸੇ ਹੋ ਸਕਦੇ ਹਨ। ਜਿਸ ਕਰਕੇ ਕਈ ਲੋਕਾਂ 'ਤੇ ਇਕ ਵਾਰ ਫਿਰ ਤੋਂ ਗਾਜ ਡਿੱਗ ਸਕਦੀ ਹੈ।