ਲਾਪਤਾ ਲੜਕੀ ਦੀ ਸ਼ੱਕੀ ਹਾਲਾਤ 'ਚ ਨਹਿਰ 'ਚੋਂ ਲਾਸ਼ ਬਰਾਮਦ

01/14/2019 6:03:42 PM

ਦੋਰਾਹਾ (ਗੁਰਮੀਤ ਕੌਰ) : ਕਰੀਬ ਇਕ ਮਹੀਨਾ ਪਹਿਲਾਂ ਘਰੋਂ ਪੇਪਰ ਦੇਣ ਗਈ ਦੋਰਾਹਾ ਨੇੜਲੇ ਪਿੰਡ ਬਰਮਾਲੀਪੁਰ ਦੀ ਲੜਕੀ ਦੀ ਸੋਮਵਾਰ ਦੁਪਹਿਰ ਗੁਰਥਲੀ ਪੁਲ ਨੇੜੇ ਸਰਹੰਦ ਨਹਿਰ 'ਚੋਂ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ 'ਤੇ ਪਹੁੰਚ ਕੇ ਜਦੋਂ ਦੇਖਿਆ ਗਿਆ ਤਾਂ ਲੜਕੀ ਦਾ ਸਰੀਰ ਪੂਰੀ ਤਰ੍ਹਾਂ ਗਲ ਚੁੱਕਾ ਸੀ ਜਿਸ ਨੂੰ ਗੋਤਾਖੋਰਾਂ ਦੀ ਮਦਦ ਨਾਲ ਨਹਿਰ 'ਚੋਂ ਬਾਹਰ ਕੱਢਿਆ ਗਿਆ। ਉਧਰ ਦੂਜੇ ਪਾਸੇ ਆਪਣੀ ਬੇਟੀ ਦੇ ਲਾਪਤਾ ਹੋਣ ਕਾਰਨ ਪਹਿਲਾਂ ਹੀ ਚਿੰਤਾ 'ਚ ਡੁੱਬਿਆ ਲੜਕੀ ਦਾ ਪਿਤਾ ਆਪਣੀ ਬੇਟੀ ਦੀ ਲਾਸ਼ ਦੇਖ ਕੇ ਗਹਿਰੇ ਸੋਗ 'ਚ ਲਾਸ਼ ਕੋਲ ਬੈਠਾ ਹੰਝੂ ਬਹਾਅ ਰਿਹਾ ਸੀ। ਨਹਿਰ 'ਚੋਂ ਲਾਸ਼ ਬਾਹਰ ਕੱਢਣ 'ਤੇ ਮ੍ਰਿਤਕਾ ਦੀ ਇਕ ਪਾਸਪੋਰਟ ਸਾਈਜ਼ ਫੋਟੋ ਅਤੇ ਕਾਲਜ ਦਾ ਆਈ.ਡੀ. ਬਰਾਮਦ ਹੋਇਆ। ਘਟਨਾ ਦਾ ਜ਼ਾਇਜ਼ਾ ਲੈਣ ਲਈ ਥਾਣਾ ਦੋਰਾਹਾ ਦੇ ਏ. ਐੱਸ. ਆਈ. ਤੇਜਾ ਸਿੰਘ ਅਤੇ ਏ. ਐੱਸ. ਆਈ. ਹਰਦਮ ਸਿੰਘ ਪੁਲਸ ਪਾਰਟੀ ਸਮੇਤ ਪੁੱਜੇ ਜਿਨ੍ਹਾਂ ਲਾਸ਼ ਨੂੰ ਸਰਹੰਦ ਨਹਿਰ ਵਿਚੋਂ ਬਾਹਰ ਕਢਵਾਉਣ ਤੋਂ ਬਾਅਦ ਪੋਸਟ ਮਾਰਟਮ ਲਈ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਭੇਜ ਦਿੱਤਾ।
ਜ਼ਿਕਰਯੋਗ ਹੈ ਕਿ 20 ਦਸੰਬਰ 2018 ਨੂੰ ਲੜਕੀ ਦੇ ਪਿਤਾ ਨੇ ਦੋਰਾਹਾ ਪੁਲਸ ਪਾਸ ਦਰਖਾਸਤ ਦਿੱਤੀ ਸੀ ਕਿ ਉਸਦੀ ਲੜਕੀ ਸਵੇਰੇ ਘਰੋਂ 8 ਵਜੇ ਦੇ ਕਰੀਬ ਬੀ. ਕਾਮ. ਪਹਿਲਾ ਦਾ ਪੇਪਰ ਦੇਣ ਵਾਸਤੇ ਗਈ ਸੀ ਜੋ ਕਿ ਪੇਪਰ ਦੇਣ ਤੋਂ ਬਾਅਦ ਘਰ ਵਾਪਿਸ ਨਹੀਂ ਪਰਤੀ ਸੀ। ਬਾਅਦ 'ਚ ਪੁਲਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮਨਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਇੰਦਰਾ ਕਲੋਨੀ ਮਾਛੀਵਾੜਾ ਦੇ ਵਿਰੁੱਧ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਜਾਣ ਦੇ ਦੋਸ਼ ਹੇਠ ਆਈ.ਪੀ.ਸੀ. ਦੀ ਧਾਰਾ 363, 366 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਆਰੰÎਭ ਕਰ ਦਿੱਤੀ ਸੀ।
ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਤੇਜਾ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਲੜਕੀ ਨੂੰ ਮਰਨ ਲਈ ਮਜਬੂਰ ਕਰਨ ਅਤੇ ਬਲਾਤਕਾਰ ਕਰਨ ਦੇ ਦੋਸ਼ ਹੇਠ ਮਾਛੀਵਾੜਾ ਦੇ ਮਨਜੀਤ ਸਿੰਘ ਵਿਰੁੱਧ ਆਈ.ਪੀ.ਸੀ. ਦੀ ਧਾਰਾ 306, 376 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾ ਦੇ ਮੋਬਾਇਲ ਫੋਨ ਦੀ ਕਾਲ ਡਿਟੇਲ ਕਢਵਾਉਣ ਤੋਂ ਬਾਅਦ ਹੀ ਦੋਸ਼ੀ ਨੌਜਵਾਨ ਵਿਰੁੱਧ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ।

Gurminder Singh

This news is Content Editor Gurminder Singh