ਡੇਰਾ ਮੁਖੀ ਨੂੰ ਸਜ਼ਾ ਹੋਣ ''ਤੇ ਖੂਨ ਦੀਆਂ ਨਦੀਆਂ ਵਹਾਉਣ ਵਾਲੀ ਲੜਕੀ ਨੇ ਮੰਗੀ ਮੁਆਫੀ

09/02/2017 8:28:27 AM

ਪਟਿਆਲਾ  (ਜੋਸਨ) - ਡੇਰਾ ਮੁਖੀ ਨੂੰ ਜਬਰ-ਜ਼ਨਾਹ ਦਾ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਲਗਭਗ ਇਕ ਹਫਤਾ ਬਾਅਦ ਉਸ ਲੜਕੀ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਰਾਹੀਂ ਦਿੱਤੇ ਬਿਆਨ ਦੀ ਮੁਆਫੀ ਮੰਗ ਲਈ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਡੇਰਾ ਮੁਖੀ ਨੂੰ ਸਜ਼ਾ ਹੋ ਜਾਣ 'ਤੇ ਖੂਨ ਦੀਆਂ ਨਦੀਆਂ ਵਹਾਉਣ ਦੀ ਗੱਲ ਕਹੀ ਸੀ। ਸੂਤਰ ਦਸਦੇ ਹਨ ਕਿ ਪੁਲਸ ਨੇ ਇਸ ਲੜਕੀ 'ਤੇ ਦੇਸ਼-ਧ੍ਰੋਹ ਦਾ ਮਾਮਲਾ ਪਹਿਲਾਂ ਹੀ ਦਰਜ ਹੈ। ਇਸ ਦੀ ਗ੍ਰਿਫਤਾਰੀ ਜਾਂ ਮਾਮਲਾ ਦਰਜ ਹੋਣ ਬਾਰੇ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਹੋਈ। ਇਹ ਜਾਣਕਾਰੀਆਂ ਸਿਰਫ ਅਜੇ ਤੱਕ ਸੋਸ਼ਲ ਮੀਡੀਆ ਤੱਕ ਹੀ ਸੀਮਤ ਹਨ ਤੇ ਪੂਰੀ ਤਰ੍ਹਾਂ ਚਰਚਾ ਵਿਚ ਹਨ।  ਅੱਜ ਸੋਸ਼ਲ ਮੀਡੀਆ 'ਤੇ ਵਾਇਰਲ ਇਕ ਵੀਡੀਓ ਵਿਚ ਇਹ ਲੜਕੀ ਹੱਥ ਜੋੜ ਕੇ ਮੁਆਫੀ ਮੰਗਦਿਆਂ ਆਪਣੇ-ਆਪ ਨੂੰ ਵੀਰਪਾਲ ਕੌਰ ਦੱਸ ਰਹੀ ਹੈ। ਉਹ ਕਹਿੰਦੀ ਹੈ ਕਿ ਮੈਂ ਜੋ ਪਹਿਲਾਂ ਭੜਕਾਊ ਬਿਆਨ ਦਿੱਤਾ ਸੀ, ਉਹ ਮੈਂ ਕਿਸੇ ਦੇ ਉਕਸਾਉਣ 'ਤੇ ਦਿੱਤਾ ਸੀ। ਉਸ ਨੇ ਇਹ ਵੀ ਕਿਹਾ ਕਿ ਹੁਣ ਉਸ ਦਾ ਡੇਰੇ ਨਾਲ ਕੋਈ ਸੰਬੰਧ ਨਹੀਂ ਹੈ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਡੇਰਾ ਮੁਖੀ ਦੀ ਸਜ਼ਾ ਤੋਂ ਬਾਅਦ ਧੜਾਧੜ ਹੋ ਰਹੀਆਂ ਗ੍ਰਿਫਤਾਰੀਆਂ ਤੋਂ ਬਚਣ ਲਈ ਇਸ ਲੜਕੀ ਨੇ ਮੁਆਫੀ ਮੰਗੀ ਹੈ।