ਗਿਆਸਪੁਰਾ ਗੈਸ ਲੀਕ ਮਾਮਲਾ : ਫਿਰ ਸ਼ੱਕ ਦੇ ਘੇਰੇ 'ਚ ਇੰਡਸਟਰੀ ਯੂਨਿਟ

07/06/2023 3:52:42 PM

ਲੁਧਿਆਣਾ (ਹਿਤੇਸ਼) : ਇੱਥੇ ਗਿਆਸਪੁਰਾ ਗੈਸ ਲੀਕ ਮਾਮਲੇ 'ਚ 11 ਲੋਕਾਂ ਦੀ ਮੌਤ ਹੋਣ ਦੇ ਮਾਮਲੇ 'ਚ ਕਰੀਬ 2 ਮਹੀਨੇ ਬਾਅਦ ਤਸਵੀਰ ਸਾਫ਼ ਹੋ ਰਹੀ ਹੈ, ਜਿਸ ਨਾਲ ਆਸ-ਪਾਸ ਸਥਿਤ ਇੰਡਸਟਰੀ ਯੂਨਿਟ ਇਕ ਵਾਰ ਫਿਰ ਸ਼ੱਕ ਦੇ ਘੇਰੇ 'ਚ ਆ ਗਈ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਜਾਂਚ ਦੀ ਰਿਪੋਰਟ 'ਚ ਹਾਈਡ੍ਰੋਜਨ ਸਲਫਾਈਡ ਗੈਸ ਚੜ੍ਹਨ ਕਾਰਨ ਲੋਕਾਂ ਦੀ ਮੌਤ ਹੋਣ ਦੀ ਗੱਲ ਕਹੀ ਗਈ ਹੈ। ਇਹ ਗੈਸ ਘਟਨਾ ਸਥਾਨ ਦੇ ਆਸ-ਪਾਸ ਸਥਿਤ ਸੀਵਰੇਜ ਦੇ ਮੇਨਹੋਲ 'ਚ ਤੈਅ ਤੋਂ ਕਾਫ਼ੀ ਜ਼ਿਆਦਾ ਮਾਤਰਾ 'ਚ ਪਾਈ ਗਈ ਸੀ। ਇਸ ਗੈਸ ਦੇ ਹਵਾ ਤੋਂ ਭਾਰੀ ਹੋਣ ਕਾਰਨ ਇਸ ਨੇ ਗਰਾਊਂਡ 'ਤੇ ਮੌਜੂਦ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਲਿਆ।

ਹਾਲਾਂਕਿ ਪਹਿਲੀ ਮੰਜ਼ਿਲ 'ਤੇ ਗੈਸ ਨਾ ਪੁੱਜਣ ਕਾਰਨ ਉੱਥੇ ਮੌਜੂਦ ਲੋਕਾਂ ਦਾ ਬਚਾਅ ਹੋ ਗਿਆ। ਇਸ ਗੈਸ ਦੀ ਮੌਜੂਦਗੀ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸੀਵਰੇਜ ਜਾਮ ਦੀ ਸਮੱਸਿਆ ਤੋਂ ਇਲਾਵਾ ਗੈਸ ਦੀ ਨਿਕਾਸੀ ਲਈ ਰੋਡ ਜਾਅਲੀਆਂ ਦਾ ਇੰਤਜ਼ਾਮ ਨਾ ਹੋਣ ਦੀ ਗੱਲ ਕਹੀ ਜਾ ਰਹੀ ਹੈ, ਜਦੋਂ ਕਿ ਨਗਰ ਨਿਗਮ ਵੱਲੋਂ ਘਟਨਾ ਸਥਾਨ ਦੇ ਆਸ-ਪਾਸ ਸੀਵਰੇਜ ਜਾਮ ਦੀ ਸਮੱਸਿਆ ਤੋਂ ਇਨਕਾਰ ਕਰਨ ਤੋਂ ਇਲਾਵਾ ਰੋਡ ਜਾਅਲੀਆਂ ਦਾ ਇੰਤਜ਼ਾਮ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੀ ਰਿਪੋਰਟ 'ਚ ਸੀਵਰੇਜ ਦੇ ਮੇਨਹੋਲ 'ਚ ਐਸਿਡ ਦੀ ਮੌਜੂਦਗੀ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਇਸ ਨਾਲ ਆਸ-ਪਾਸ ਸਥਿਤ ਇੰਡਸਟਰੀ ਯੂਨਿਟ ਇਕ ਵਾਰ ਫਿਰ ਸ਼ੱਕ ਦੇ ਘੇਰੇ 'ਚ ਆ ਗਏ ਹਨ ਕਿਉਂਕਿ ਪਹਿਲੇ ਹੀ ਦਿਨ ਘਟਨਾ ਸਥਾਨ ਦੇ ਆਸ-ਪਾਸ ਸਥਿਤ ਇੰਡਸਟਰੀ ਯੂਨਿਟਾਂ ਵਲੋਂ ਕੈਮੀਕਲ ਵਾਲੇ ਪਾਣੀ ਨੂੰ ਗੈਰ ਕਾਨੂੰਨੀ ਤੌਰ 'ਤੇ ਸੀਵਰੇਜ 'ਚ ਛੱਡਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਕਾਰਵਾਈ ਕਰਨ ਦੀ ਗੇਂਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਪਾਲੇ 'ਚ ਆ ਗਈ ਹੈ।

Babita

This news is Content Editor Babita