ਲਿੰਗ ਨਿਰਧਾਰਤ ਟੈਸਟ ਕਰਨ ਦੇ ਦੋਸ਼ ''ਚ 5 ਅੜਿੱਕੇ, 6 ਖਿਲਾਫ ਕੇਸ ਦਰਜ

03/17/2018 10:44:48 AM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)—ਡੀ. ਐੱਸ. ਪੀ. ਅਹਿਮਦਗੜ੍ਹ ਪਲਵਿੰਦਰ ਸਿੰਘ ਚੀਮਾ ਦੀ ਅਗਵਾਈ 'ਚ ਪੁਲਸ ਨੇ ਅਣ-ਅਧਿਕਾਰਤ ਤੌਰ 'ਤੇ ਗਰਭ ਵਿਚ ਪਲ ਰਹੇ ਬੱਚੇ ਦਾ ਲਿੰਗ ਟੈਸਟ ਕਰਨ ਅਤੇ ਕਰਵਾਉਣ ਦੇ ਦੋਸ਼ 'ਚ 2 ਔਰਤਾਂ ਸਣੇ 6 ਵਿਅਕਤੀਆਂ ਵਿਰੁੱਧ ਥਾਣਾ ਸਦਰ ਅਹਿਮਦਗੜ੍ਹ ਵਿਖੇ ਕੇਸ ਦਰਜ ਕੀਤਾ ਹੈ। 
ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸੀਨੀਅਰ ਮੈਡੀਕਲ ਅਫ਼ਸਰ ਈ. ਸਬ-ਡਵੀਜ਼ਨ ਹਸਪਤਾਲ ਮਾਲੇਰਕੋਟਲਾ ਨੇ ਸਬ-ਡਵੀਜ਼ਨ ਐਪ੍ਰੋਪੀਏਟ ਅਥਾਰਟੀ ਸੀਨੀਅਰ ਮੈਡੀਕਲ ਅਫਸਰ ਈ. ਸਬ-ਡਵੀਜ਼ਨਲ ਹਸਪਤਾਲ ਮਾਲੇਰਕੋਟਲਾ ਅਤੇ ਮੁੱਖ ਅਫਸਰ ਥਾਣਾ ਅਹਿਮਦਗੜ੍ਹ ਅਫਸਰ ਨੇ ਇਕ ਸਾਂਝੀ ਟੀਮ ਗਠਿਤ ਕੀਤੀ, ਜਿਸ ਵਿਚ ਡਾ. ਵਿਪਨ ਭੰਡਾਰੀ ਨੋਡਲ ਅਫਸਰ ਪੀ. ਐੱਨ. ਡੀ. ਟੀ. ਦਫ਼ਤਰ ਸਿਵਲ ਸਰਜਨ ਅੰਬਾਲਾ ਅਤੇ ਸਿਵਲ ਸਰਜਨ ਦਫ਼ਤਰ ਦੀ ਟੀਮ ਸ਼ਾਮਲ ਸੀ। ਇਨ੍ਹਾਂ ਨੇ ਹਰਿਆਣਾ ਪੁਲਸ ਦੀ ਮਦਦ ਨਾਲ ਕਾਰ ਡਰਾਈਵਰ ਗਿਆਨ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਨੇੜੇ ਪ੍ਰੀਤਮ ਪਾਰਕ ਨਾਭਾ ਰੋਡ ਪਟਿਆਲਾ, ਮੀਨੂੰ ਰਾਣੀ ਪਤਨੀ ਸਵ. ਰਵਿੰਦਰ ਸਿੰਘ ਵਾਸੀ ਪਿੰਡ ਚੋਰਾ ਪਟਿਆਲਾ, ਸਿਮਰਨਜੀਤ ਕੌਰ ਪਤਨੀ ਅਮਨਦੀਪ ਸਿੰਘ ਵਾਸੀ ਨੇੜੇ ਰੋਜ਼ ਗਾਰਡਨ ਸੁਨਾਮ, ਅਮਨਦੀਪ ਸਿੰਘ ਪੁੱਤਰ ਕੰਵਰਜੀਤ ਸਿੰਘ ਵਾਸੀ ਨੇੜੇ ਰੋਜ਼ ਗਾਰਡਨ ਸੁਨਾਮ, ਕਰਮ ਚੰਦ ਪੁੱਤਰ ਬਰਖਾ ਰਾਮ ਵਾਸੀ ਈਸਮਾਈਲਪੁਰ ਅੰਬਾਲਾ ਹਰਿਆਣਾ, ਜੋ ਅਣ-ਅਧਿਕਾਰਤ ਤੌਰ 'ਤੇ ਡਾ. ਮਲਕੀਤ ਸਿੰਘ ਪਿੰਡ ਜੰਡਾਲੀ ਖੁਰਦ ਤੋਂ ਗਰਭ 'ਚ ਪਲ ਰਹੇ ਬੱਚੇ ਦਾ ਲਿੰਗ ਟੈਸਟ ਕਰਵਾਉਣ ਆਏ ਸਨ, ਨੂੰ ਕਾਬੂ ਕਰ ਲਿਆ। ਅਧਿਕਾਰੀਆਂ ਦੀ ਟੀਮ ਮੁਲਜ਼ਮਾਂ ਵੱਲੋਂ ਦੱਸੇ ਸਥਾਨ ਜੰਡਾਲੀ ਖੁਰਦ ਨੇੜੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਪੁੱਜੀ, ਜਿਥੇ ਡਾ. ਮਲਕੀਤ ਸਿੰਘ ਹਾਜ਼ਰ ਨਹੀਂ ਸਨ। ਪੁਲਸ ਨੇ ਮੌਕੇ 'ਤੇ ਤਲਾਸ਼ੀ ਲਈ ਅਤੇ ਫੜੇ ਗਏ ਵਿਅਕਤੀਆਂ ਦੇ ਬਿਆਨ ਕਲਮਬੱਧ ਕੀਤੇ ਅਤੇ ਉਕਤ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।