ਕਾਲੋਨੀਆਂ ''ਚ ਲੱਗੇ ਗੇਟ, ਚੋਰੀ ਦੀਆਂ ਵਾਰਦਾਤਾਂ ''ਚ ਆਈ ਭਾਰੀ ਕਮੀ

11/23/2017 3:41:50 AM

ਕਪੂਰਥਲਾ,   (ਭੂਸ਼ਣ)-  ਕੁੱਝ ਸਾਲ ਪਹਿਲਾਂ ਸ਼ਹਿਰ ਦੀਆਂ ਕਈ ਪਾਸ਼ ਅਤੇ ਬਾਹਰਲੀਆਂ ਕਾਲੋਨੀਆਂ 'ਚ ਲਗਾਤਾਰ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਵੇਖਦੇ ਹੋਏ ਵੱਡੇ-ਵੱਡੇ ਗੇਟ ਲਾਉਣ ਦੀ ਪਰੰਪਰਾ ਸ਼ੁਰੂ ਹੋਈ ਸੀ, ਜਿਸ ਦੀ ਬਦੌਲਤ ਇਨ੍ਹਾਂ ਕਾਲੋਨੀਆਂ 'ਚ ਚੋਰੀ ਦੀਆਂ ਵਾਰਦਾਤਾਂ 'ਚ ਕਾਫ਼ੀ ਕਮੀ ਦਰਜ ਕੀਤੀ ਗਈ ਹੈ।  
ਸ਼ਹਿਰ ਦੀਆਂ ਜ਼ਿਆਦਾਤਰ ਕਾਲੋਨੀਆਂ ਹੋਈਆਂ ਸੁਰੱਖਿਆ ਗੇਟਾਂ ਨਾਲ ਲੈਸ
ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਸ਼ਹਿਰ ਦੀਆਂ ਵੱਖ-ਵੱਖ ਕਾਲੋਨੀਆਂ 'ਚ ਗੇਟ ਲਾਉਣ ਦੀ ਚੱਲ ਰਹੀ ਮੁਹਿੰਮ ਦੀ ਬਦੌਲਤ ਹੁਣ ਜਿਥੇ ਲੋਕਾਂ 'ਚ ਮਿਲ-ਜੁਲ ਕੇ ਆਪਣੇ ਖਰਚ 'ਤੇ ਸੁਰੱਖਿਆ ਗੇਟ ਲਾਉਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ, ਉਥੇ ਹੀ ਹੁਣ ਇਨ੍ਹਾਂ ਸੁਰੱਖਿਆ ਗੇਟਾਂ ਨੂੰ ਉਨ੍ਹਾਂ ਕਾਲੋਨੀਆਂ 'ਚ ਲਾਇਆ ਜਾ ਰਿਹਾ ਹੈ, ਜਿਥੇ ਚੋਰੀ ਦੀਆਂ ਵਾਰਦਾਤਾਂ ਅਕਸਰ ਦੇਖਣ ਨੂੰ ਮਿਲਦੀਆਂ ਹਨ। 'ਜਗ ਬਾਣੀ' ਨੇ ਸ਼ਹਿਰ ਦੇ ਗੋਪਾਲ ਪਾਰਕ, ਰੋਜ਼ ਐਵੀਨਿਊ, ਵਿੰਡਸਨ ਪਾਰਕ, ਨਿਊ ਮਾਡਲ ਟਾਊਨ ਤੇ ਜਰਮਨੀ ਦਾਸ ਪਾਰਕ ਆਦਿ ਖੇਤਰਾਂ ਦਾ ਜਦੋਂ ਦੌਰਾ ਕੀਤਾ ਤਾਂ ਕਾਫ਼ੀ ਥਾਵਾਂ 'ਤੇ ਸੁਰੱਖਿਆ ਗੇਟ ਦੇਖਣ ਨੂੰ ਮਿਲੇ, ਜੇਕਰ ਪੁਲਸ ਰਿਕਾਰਡ ਵੱਲ ਨਜ਼ਰ ਮਾਰੀ ਜਾਵੇ ਤਾਂ ਇਨ੍ਹਾਂ ਕਾਲੋਨੀਆਂ 'ਚ ਗੇਟ ਲੱਗਣ ਦੇ ਬਾਅਦ ਚੋਰੀ ਦੀਆਂ ਵਾਰਦਾਤਾਂ 'ਚ ਕਾਫ਼ੀ ਕਮੀ ਦੇਖਣ ਨੂੰ ਮਿਲੀ ਹੈ, ਜਿਸ ਕਾਰਨ ਪੁਲਸ ਨੂੰ ਵੀ ਕਾਫ਼ੀ ਰਾਹਤ ਮਿਲੀ ਹੈ।   
ਜਾਗਰੂਕਤਾ ਦੀ ਕਮੀ ਕਾਰਨ ਕਈ ਕਾਲੋਨੀਆਂ 'ਚ ਨਹੀਂ ਲੱਗ ਸਕੇ ਸੁਰੱਖਿਆ ਗੇਟ
ਸੁਰੱਖਿਆ ਗੇਟਾਂ ਕਾਰਨ ਅਪਰਾਧ ਦੀ ਦਰ ਕਾਫ਼ੀ ਘੱਟ ਹੋਣ ਦੇ ਬਾਵਜੂਦ ਸ਼ਹਿਰ ਦੀਆਂ ਕਈ ਕਾਲੋਨੀਆਂ ਹੁਣ ਵੀ ਸੁਰੱਖਿਆ ਗੇਟਾਂ ਤੋਂ ਵਾਂਝੀਆਂ ਹਨ, ਜਿਸ ਦਾ ਮੁੱਖ ਕਾਰਨ ਹੈ ਇਨ੍ਹਾਂ ਕਾਲੋਨੀਆਂ 'ਚ ਜਾਗਰੂਕਤਾ ਦੀ ਕਮੀ ਹੋਣਾ। ਕਈ ਕਾਲੋਨੀਆਂ 'ਚ ਜਿਥੇ ਆਪਸੀ ਤਾਲਮੇਲ ਕਾਰਨ ਸੁਰੱਖਿਆ ਗੇਟ ਨਹੀਂ ਲੱਗ ਸਕੇ ਹਨ, ਉਥੇ ਹੀ ਕੁੱਝ ਕਾਲੋਨੀਆਂ 'ਚ ਫੰਡ ਦੀ ਕਮੀ ਕਾਰਨ ਸੁਰੱਖਿਆ ਗੇਟ ਲਾਉਣ ਦਾ ਕੰਮ ਪੂਰਾ ਨਹੀਂ ਹੋ ਸਕਿਆ ਹੈ, ਜਿਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਵੀ ਆਪਣੇ ਤੌਰ 'ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ।। 
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧੀ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਨਤਾ ਦੇ ਸਹਿਯੋਗ ਨਾਲ ਹੀ ਅਪਰਾਧਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ । ਸੁਰੱਖਿਆ ਗੇਟ ਲੱਗਣ ਨਾਲ ਸ਼ਹਿਰ 'ਚ ਅਪਰਾਧਾਂ ਦੀ ਦਰ 'ਚ ਕਾਫ਼ੀ ਕਮੀ ਆਈ ਹੈ ।