ਅੰਮ੍ਰਿਤਸਰ ’ਚ ਗੈਸ ਪਾਈਪ ਹੋਈ ਲੀਕ, ਕੰਪਨੀ ਨੇ ਤੁਰੰਤ ਕਾਰਵਾਈ ਕਰਦਿਆਂ ਵੱਡਾ ਹਾਦਸਾ ਟਾਲਿਆ

05/22/2023 1:53:36 PM

ਅੰਮ੍ਰਿਤਸਰ (ਬਿਊਰੋ) : ਸ਼ਹਿਰ ਦੇ ਤਰਨਤਾਰਨ ਰੋਡ ’ਤੇ ਗੈਸ ਪਾਈਪ ਲੀਕ ਹੋਣ ਕਾਰਨ ਆਸ-ਪਾਸ ਦੇ ਲੋਕਾਂ ’ਚ ਹਫ਼ੜਾ-ਦਫੜੀ ਮਚ ਗਈ। ਜਦੋਂ ਪਾਈਪ ਵਿਛਾਉਣ ਵਾਲੀ ਕੰਪਨੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਮੌਕੇ ’ਤੇ ਆ ਕੇ ਪਾਈਪ ਦੀ ਮੁਰੰਮਤ ਕਰਵਾਈ, ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ। ਤੁਹਾਨੂੰ ਦੱਸ ਦੇਈਏ ਕਿ ਕੁਝ ਸਾਲ ਪਹਿਲਾਂ ਗੁਜਰਾਤ ਤੋਂ ਜ਼ਮੀਨਦੋਜ਼ ਗੈਸ ਪਾਈਪ ਸ਼ੁਰੂ ਕੀਤੀ ਗਈ ਸੀ, ਜਿਸ ਦੀ ਵਰਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਕੀਤੀ ਜਾ ਰਹੀ ਹੈ। ਕਈ ਥਾਵਾਂ ਤੋਂ ਜ਼ਮੀਨਦੋਜ਼ ਪਾਈਪਾਂ ਵਿਛਾਈਆਂ ਜਾ ਚੁੱਕੀਆਂ ਹਨ ਪਰ ਹੁਣ ਲਗਾਤਾਰ ਗੈਸ ਪਾਈਪ ਲੀਕ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉੱਥੇ ਕੰਮ ਕਰ ਰਹੇ ਮਜ਼ਦੂਰਾਂ ਨੇ ਦੱਸਿਆ ਕਿ ਅੰਮ੍ਰਿਤਸਰ ’ਚ ਗੈਸ ਪਾਈਪ ਦਾ ਕੰਮ ਚੱਲ ਰਿਹਾ ਸੀ ਅਤੇ ਅਚਾਨਕ ਗੈਸ ਪਾਈਪ ਲੀਕ ਹੋਣ ਕਾਰਨ ਕਾਫੀ ਬਦਬੂ ਆਉਣ ਲੱਗੀ, ਜਿਸ ਨੂੰ ਬਾਅਦ ’ਚ ਠੀਕ ਕੀਤਾ ਜਾ ਰਿਹਾ ਹੈ। ਗੈਸ ਪਾਈਪ ਲੀਕ ਹੋਣ ਕਾਰਨ ਲੋਕਾਂ ’ਚ ਹਾਹਾਕਾਰ ਮਚ ਗਈ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੇ ਦਿੱਲੀ ਧਰਨੇ ’ਤੇ ਬੈਠੀਆਂ ਪਹਿਲਵਾਨਾਂ ਨੂੰ ਦਿੱਤਾ ਸਮਰਥਨ, ਲਏ ਕਈ ਅਹਿਮ ਫੈਸਲੇ    

ਜ਼ਿਕਰਯੋਗ ਹੈ ਕਿ ਇਕ ਵਾਰ ਗੁਜਰਾਤ ਗੈਸ ਪਾਈਪ ਦੇ ਲੀਕ ਹੋਣ ਕਾਰਨ ਅੰਮ੍ਰਿਤਸਰ ਦੀ ਵੱਲਾਂ ਮੰਡੀ ਨੇੜੇ ਅੱਗ ਲੱਗ ਗਈ ਸੀ ਅਤੇ ਇਹ ਅੱਗ ਲਗਾਤਾਰ ਦੋ ਦਿਨਾਂ ਤਕ ਬਲਦੀ ਰਹੀ, ਕਿਉਂਕਿ ਇਸ ਗੈਸ ਪਾਈਪ ਨੂੰ ਬੰਦ ਕਰਨ ਦਾ ਕੰਟਰੋਲ ਗੁਜਰਾਤ ਤੋਂ ਹੀ ਲਿਆ ਗਿਆ ਹੈ। ਹੁਣ ਇਕ ਵਾਰ ਫਿਰ ਤਰਨਤਾਰਨ ਰੋਡ ’ਤੇ ਸਥਿਤ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਨੇੜੇ ਗੈਸ ਪਾਈਪ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਜੇਕਰ ਕੋਈ ਵੱਡਾ ਹਾਦਸਾ ਵਾਪਰ ਗਿਆ ਹੁੰਦਾ ਤਾਂ ਸ਼ਾਇਦ ਇਸ ਨੂੰ ਸੰਭਾਲਿਆ ਨਹੀਂ ਜਾ ਸਕਦਾ ਸੀ ਅਤੇ ਹੁਣ ਕਰਮਚਾਰੀ ਗੈਸ ਪਾਈਪ ਲੀਕ ਨੂੰ ਠੀਕ ਕਰਨ ਦੀ ਗੱਲ ਕਰ ਰਹੇ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ ਨੂੰ ਰਾਸ਼ਟਰੀ ਜਲ ਪੁਰਸਕਾਰ-2022 ’ਚ ਮਿਲਿਆ ਪਹਿਲਾ ਸਥਾਨ, ਪਹਿਲੀ ਵਾਰ ਲਿਆ ਸੀ ਹਿੱਸਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Anuradha

This news is Content Editor Anuradha