ਅੰਮ੍ਰਿਤਸਰ ਜੇਲ ''ਚ ਗੈਂਗਵਾਰ, ਬਿਸ਼ਨੋਈ ਗੈਂਗ ਦੇ ਮੈਂਬਰ ਦੀ ਨਗਨ ਕਰਕੇ ਕੁੱਟਮਾਰ

01/13/2018 12:21:29 PM

ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਦੀ ਕੇਂਦਰੀ ਜੇਲ ਇਕ ਵਾਰ ਵਿਵਾਦਾਂ ਵਿਚ ਆ ਗਈ ਹੈ। ਜੇਲ ਦੇ ਅੰਦਰ ਹੀ ਕੁਝ ਗੈਂਗਸਟਰਾਂ ਵਲੋਂ ਇਕ ਕੈਦੀ ਦੀ ਨਾ ਸਿਰਫ ਬੁਰੀ ਕੁੱਟਮਾਰ ਕੀਤੀ ਗਈ ਸਗੋਂ ਉਸ ਨੂੰ ਨਗਨ ਕਰਕੇ ਵੀਡੀਓ ਵੀ ਬਣਾਈ ਗਈ। ਦਰਅਸਲ ਅੰਮ੍ਰਿਤਸਰ ਦੀ ਜੇਲ ਵਿਚ ਪੰਜਾਬ ਦੇ ਵੱਡੇ ਗੈਂਗ ਸ਼ੁੱਭਮ ਗੈਂਗ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਬੰਦ ਹਨ। ਦੋਵਾਂ ਧਿਰਾਂ ਵਿਚਾਲੇ ਪਹਿਲਾਂ ਤੋਂ ਹੀ ਵਿਵਾਦ ਸੀ ਜਿਸ ਤੋਂ ਬਾਅਦ ਸ਼ੁਭਮ ਗੈਂਗ ਦੇ ਗੈਂਗਸਟਰਾਂ ਨੇ ਬਿਸ਼ਨੋਈ ਗੈਂਗ ਦੇ ਮੈਂਬਰ ਸਾਹਿਲ ਨੂੰ ਜੇਲ ਵਿਚ ਹੀ ਦਬੋਚ ਲਿਆ ਅਤੇ ਉਸ ਦੇ ਕੱਪੜੇ ਉਤਾਰ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਇਥੇ ਹੀ ਬਸ ਨਹੀਂ ਨਗਨ ਕਰਕੇ ਕੁੱਟਮਾਰ ਕਰਨ ਦੀ ਨਾ ਸਿਰਫ ਵੀਡੀਓ ਬਣਾਈ ਗਈ ਸਗੋਂ ਇਸ ਨੂੰ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕਰ ਦਿੱਤਾ ਗਿਆ, ਇਸ ਵੀਡੀਓ ਵਿਚ ਕੁਝ ਗੈਂਗਸਟਰ ਸਾਹਿਲ ਨੂੰ ਕੱਪੜੇ ਉਤਰਵਾ ਕੇ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ।
ਦੂਜੇ ਪਾਸੇ ਜੇਲ ਪ੍ਰਸ਼ਾਸਨ ਨੇ ਇਸ ਨੂੰ ਗੈਂਗਵਾਰ ਕਰਾਰ ਦਿੱਤਾ ਹੈ ਅਤੇ ਜਿਸ ਮੋਬਾਇਲ ਰਾਹੀਂ ਇਹ ਵੀਡੀਓ ਬਣਾਈ ਗਈ ਹੈ, ਉਸ ਮੋਬਾਇਲ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਨਾਲ ਹੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵੱਡਾ ਸਵਾਲ ਇਹ ਹੈ ਕਿ ਅਤਿ ਸੁਰੱਖਿਅਤ ਮੰਨੀਆਂ ਜਾਣ ਵਾਲੀਆਂ ਜੇਲਾਂ ਵਿਚ ਮੋਬਾਇਲ ਪਹੁੰਚ ਕਿਵੇਂ ਰਹੇ ਹਨ, ਜਿਸ ਦੀ ਲਿਹਾਜ਼ਾ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ।