ਗੈਂਗਸਟਰ ਸੰਪਤ ਨਹਿਰਾ ਦਾ ਸਾਥੀ ਅਦਾਲਤ ਵਲੋਂ ਬਰੀ

10/18/2018 1:09:24 PM

ਮੋਹਾਲੀ (ਕੁਲਦੀਪ) : ਇਥੋਂ ਦੀ ਇਕ ਅਦਾਲਤ ਨੇ ਗੈਂਗਸਟਰ ਸੰਪਤ ਨਹਿਰਾ ਤੇ ਉਸ ਦੇ ਸਾਥੀਆਂ ਖਿਲਾਫ ਚੱਲ ਰਹੇ ਹੱਤਿਆ ਦੀ ਕੋਸ਼ਿਸ਼ ਮਾਮਲੇ ਦੀ ਸੁਣਵਾਈ ਕਰਦਿਆਂ ਕੇਸ ਦੇ ਮੁਲਜ਼ਮ ਦੀਪਕ ਉਰਫ ਦੀਪੂ ਨੂੰ ਬਰੀ ਕਰ ਦਿੱਤਾ ਹੈ। ਪੁਲਸ ਸਟੇਸ਼ਨ ਜ਼ੀਰਕਪੁਰ ਵਿਚ ਜਨਵਰੀ, 2017 'ਚ ਦਰਜ ਕੀਤੇ ਗਏ ਇਸ ਕੇਸ 'ਚ ਸੰਪਤ ਨਹਿਰਾ ਦਾ ਨਾਂ ਵੀ ਸ਼ਾਮਲ ਸੀ, ਜਿਸ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਹੈ।

ਕੇਸ ਦੀ ਪੈਰਵਾਈ ਕਰ ਰਹੇ ਵਕੀਲ ਨੇ ਦੱਸਿਆ ਕਿ ਪੁਲਸ ਵਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ਮੁਤਾਬਕ 30 ਦਸੰਬਰ, 2016 ਨੂੰ ਜ਼ਿਲਾ ਪਟਿਆਲਾ ਦੇ ਪਿੰਡ ਰਾਮਪੁਰ ਦਾ ਵਸਨੀਕ ਸਤਵਿੰਦਰ ਸਿੰਘ ਆਪਣੀ ਕਾਰ 'ਚ ਦੋਸਤ ਕੁਲਵੰਤ ਸਿੰਘ ਨਿਵਾਸੀ ਪਿੰਡ ਅੱਡਾ ਝੂੰਗੀਆਂ ਦੇ ਨਾਲ ਪਿੰਡ ਬਲਟਾਣਾ ਸਥਿਤ ਜਿੰਮ ਵੱਲ ਜਾ ਰਿਹਾ ਸੀ। ਰਸਤੇ ਵਿਚ ਉਨ੍ਹਾਂ ਦੀ ਕਾਰ 'ਤੇ ਸੰਪਤ ਨਹਿਰਾ ਤੇ ਇਕ ਹੋਰ ਨੌਜਵਾਨ ਨੇ ਪਿਸਤੌਲ ਨਾਲ ਫਾਇਰਿੰਗ ਕਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਏ ਸਨ। ਪੁਲਸ ਨੇ 30 ਦਸੰਬਰ, 2016 ਨੂੰ ਸੰਪਤ ਨਹਿਰਾ ਨਿਵਾਸੀ ਪੁਲਸ ਲਾਈਨ ਸੈਕਟਰ-26 ਚੰਡੀਗੜ੍ਹ ਤੇ ਇਕ ਅਣਪਛਾਤੇ ਨੌਜਵਾਨ ਖਿਲਾਫ ਜ਼ੀਰਕਪੁਰ ਪੁਲਸ ਸਟੇਸ਼ਨ ਵਿਚ ਕੇਸ ਦਰਜ ਕੀਤਾ ਸੀ।

ਬਾਅਦ ਵਿਚ ਦੂਜੇ ਹਮਲਾਵਰ ਦੀ ਪਛਾਣ ਦੀਪਕ ਉਰਫ ਦੀਪੂ ਵਜੋਂ ਹੋਈ ਸੀ। ਸ਼ਿਕਾਇਤਕਰਤਾ ਮੁਤਾਬਕ ਸੰਪਤ ਨਹਿਰਾ ਉਸ ਦੇ ਨਾਲ ਬੀ. ਏ. ਭਾਗ ਪਹਿਲਾ ਵਿਚ ਪੜ੍ਹਦਾ ਸੀ ਤੇ ਉਸ ਨਾਲ ਕਿਸੇ ਗੱਲ ਤੋਂ ਰੰਜਿਸ਼ ਰੱਖਦਾ ਸੀ। ਇਸ ਕੇਸ ਦੇ ਗਵਾਹ ਅਦਾਲਤ ਵਿਚ ਬਿਆਨਾਂ ਤੋਂ ਮੁੱਕਰ ਗਏ ਤੇ ਮਾਣਯੋਗ ਅਦਾਲਤ ਨੇ ਕੇਸ ਦੀ ਸੁਣਵਾਈ ਕਰਦਿਆਂ ਮੁਲਜ਼ਮ ਦੀਪਕ ਉਰਫ ਦੀਪੂ ਨੂੰ ਬਰੀ ਕਰ ਦਿੱਤਾ। ਇਸ ਕੇਸ 'ਚ ਭਗੌੜੇ ਚੱਲ ਰਹੇ ਗੈਂਗਸਟਰ ਸੰਪਤ ਨਹਿਰਾ ਨੂੰ ਵੀ ਪੁਲਸ ਇਸ ਕੇਸ ਵਿਚ ਗ੍ਰਿਫਤਾਰ ਕਰਨ ਦੀ ਤਿਆਰੀ 'ਚ ਹੈ।