ਗੈਂਗਸਟਰ ਰਵੀ ਨੇ ਕਿਹਾ, ਕਿਸੇ ਕਾਂਗਰਸੀ ਆਗੂ ਦੇ ਦਬਾਅ 'ਚ ਨਹੀਂ ਦਿੱਤਾ ਬਿਆਨ (ਵੀਡੀਓ)

02/11/2018 4:01:06 PM

ਸੰਗਰੂਰ (ਰਾਜੇਸ਼) — ਪਿਛਲੇ ਦਿਨੀਂ ਸੰਗਰੂਰ 'ਚ ਆਤਮ ਸਮਰਪਣ ਕਰ ਚੁੱਕੇ ਗੈਂਗਸਟਰ ਰਵੀ ਦਿਓਲ ਨੂੰ ਅੱਜ ਸੰਗਰੂਰ ਕੋਰਟ 'ਚ ਸਖਤ ਸੁਰੱਖਿਆ ਹੇਠ ਪੇਸ਼ ਕੀਤਾ ਗਿਆ,ਜਿਥੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਗੈਂਗਸਟਰ ਰਵੀ ਦਿਓਲ ਅਕਾਲੀ ਆਗੂਆਂ 'ਤੇ ਲਗਾਏ ਦੋਸ਼ਾਂ 'ਤੇ ਕਾਇਮ ਰਿਹਾ। ਰਵੀ ਦਿਓਲ ਨੇ ਸਾਫ ਕਿਹਾ ਕਿ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਦਾ ਰਿਸ਼ਤੇਦਾਰ ਅਮਨਵੀਰ ਸਿੰਘ ਚੈਰੀ 2010 ਤਕ ਪੂਰੀ ਤਰ੍ਹਾਂ ਨਾਲ ਉਸ ਦੇ ਨਾਲ ਰਿਹਾ ਤੇ ਕਿਸੇ ਦੂਜੇ ਨੰਬਰ ਦੇ ਜ਼ਰੀਏ ਉਸ ਦਾ ਚੈਰੀ ਦੇ ਨਾਲ ਸੰਪਰਕ ਵੀ ਸੀ, ਜਿਸ ਸੰਬੰਧੀ ਸਾਰੇ ਸਬੂਤ ਉਹ ਪੁਲਸ ਨੂੰ ਦੇ ਚੁੱਕਾ ਹੈ। ਰਵੀ ਨੇ ਕਿਹਾ ਕਿ ਉਹ ਕਿਸੇ ਵੀ ਕਾਂਗਰਸੀ ਆਗੂ ਦੇ ਦਬਾਅ 'ਚ ਆ ਕੇ ਨਹੀਂ ਬੋਲ ਰਿਹਾ ਤੇ ਜੋ ਉਸ ਨੇ ਦੋਸ਼ ਲਗਾਇਆ ਹੈ, ਉਹ ਪੂਰੀ ਤਰ੍ਹਾਂ ਸੱਚ ਹੈ। 
ਪੇਸ਼ੀ ਭੁਗਤਣ ਆਏ ਰਵੀ ਦਿਓਲ ਦਾ ਮਾਣਯੋਗ ਅਦਾਲਤ ਨੇ ਪੁਲਸ ਰਿਮਾਂਡ ਖਤਮ ਕਰ ਕੇ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਹੁਣ ਇਸ ਮਾਮਲੇ 'ਚ ਰਵੀ ਨੂੰ 17 ਫਰਵਰੀ ਤੇ ਬਾਕੀ 7 ਮਾਮਲਿਆਂ 'ਚ 23 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਪੁਲਸ ਨੇ ਇਕ ਵਾਰ ਫਿਰ ਤੋਂ ਗੈਂਗਸਟਰ ਦਾ ਦੋ ਦਿਨ ਦਾ ਪੁਲਸ ਪੁਲਸ ਰਿਮਾਂਡ ਮੰਗਿਆ ਸੀ ਪਰ ਇਸ ਵਾਰ ਸੰਗਰੂਰ ਪੁਲਸ ਰਿਮਾਂਡ ਹਾਸਲ ਕਰਨ 'ਚ ਕਾਮਯਾਬ ਨਹੀਂ ਹੋ ਸਕੀ, ਜਿਸ ਤੋਂ ਬਾਅਦ ਰਵੀ ਦਿਓਲ ਦਾ ਸੰਗਰੂਰ ਹਸਪਤਾਲ 'ਚ ਮੈਡੀਕਲ ਕਰਵਾ ਕੇ ਸੰਗਰੂਰ ਜੇਲ 'ਚ ਭੇਜ ਦਿੱਤਾ ਗਿਆ ਹੈ।
ਉਧਰ ਰਵੀ ਦਿਓਲ ਦੇ ਵਕੀਲ ਅਸ਼ਵਨੀ ਚੌਧਰੀ ਨੇ ਕਿਹਾ ਕਿ ਰਵੀ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ ਤੇ ਹੁਣ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਰਵੀ ਨੂੰ ਮੁੱਖ ਧਾਰਾ 'ਚ ਵਾਪਸ ਲਿਆਂਦਾ ਜਾ ਸਕੇ।
ਫਿਲਹਾਲ ਗੈਂਗਸਟਰ ਆਪਣੇ ਵਲੋਂ ਲਗਾਏ ਦੋਸ਼ਾਂ 'ਤੇ ਅਜੇ ਵੀ ਕਾਇਮ ਹੈ ਤੇ ਦੂਜੇ ਪਾਸੇ ਪੁਲਸ ਨੇ ਗੈਂਗਸਟਰ ਦੇ ਦੋਸ਼ਾਂ ਤੋਂ ਬਾਅਦ ਅਮਨ ਵੀਰ ਸਿੰਘ ਚੈਰੀ ਤੇ ਉਸ ਦੇ ਦੋਸਤ ਮਨੋਜ ਕੁਮਾਰ ਉਰਫ ਮੰਨੂ ਦੇ ਖਿਲਾਫ ਵਿਦੇਸ਼ ਭੱਜਣ ਦੇ ਸ਼ੱਕ ਦੇ ਚਲਦਿਆਂ ਲੁਕ ਆਊਟ ਸਰਕੂਲਰ ਜਾਰੀ ਕਰ ਦਿੱਤਾ ਹੈ।