ਗੈਂਗਸਟਰ ਲਵਲੀ ਦੀ ਗ੍ਰਿਫਤਾਰੀ ਤੋਂ ਬਾਅਦ ਸਮਰਥਕਾਂ ਦੀ ਗੁੰਡਾਗਰਦੀ, ਛਾਉਣੀ ਬਣਿਆ ਸ਼ਹਿਰ (ਤਸਵੀਰਾਂ)

02/20/2017 11:45:51 AM

 ਲੁਧਿਆਣਾ (ਤਰੁਣ) : ਖਤਰਨਾਕ ਗੈਂਗਸਟਰ ਰਜਿੰਦਰ ਸਿੰਘ ਲਵਲੀ ਲੰਬਾ ਨੂੰ ਸੀ. ਆਈ. ਏ. ਸਮੇਤ ਥਾਣਾ ਡਵੀਜ਼ਨ ਨੰਬਰ-4 ਅਤੇ ਥਾਣਾ ਕੋਤਵਾਲੀ ਦੀ ਪੁਲਸ ਨੇ ਛਾਪਾ ਮਾਰ ਕੇ ਐਤਵਾਰ ਨੂੰ ਗ੍ਰਿਫਤਾਰ ਕਰ ਲਿਆ, ਜਿਸ ਤੋਂ ਬਾਅਦ ਗੈਂਗਸਟਰ ਦੇ ਸਮਰਥਕਾਂ ਨੇ ਜੰਮ ਕੇ ਥਾਣੇ ਦੇ ਬਾਹਰ ਗੁੰਡਾਗਰਦੀ ਕਰਦਿਆਂ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ। ਇਲਾਕੇ ਦੇ ਲੋਕਾਂ ''ਚ ਦਹਿਸ਼ਤ ਫੈਲ ਗਈ ਅਤੇ ਹਰ ਪਾਸੇ ਹਫੜਾ-ਦਫੜੀ ਮਚ ਗਈ, ਜਿਸ ਤੋਂ ਬਾਅਦ 15 ਥਾਣਿਆਂ ਦੀ ਪੁਲਸ ਨੇ ਮੋਰਚਾ ਸੰਭਾਲਦੇ ਹੋਏ ਗੈਂਗਸਟਰ ਦੇ ਸਮਰਥਕਾਂ ''ਤੇ ਲਾਠੀਚਾਰਜ ਕੀਤਾ ਅਤੇ ਸਥਿਤੀ ''ਤੇ ਬੜੀ ਮੁਸ਼ਕਲ ਨਾਲ ਕੰਟਰੋਲ ਕੀਤਾ।

ਸਮਰਥਕਾਂ ਦੀ ਗੁੰਡਾਗਰਦੀ, ਇਲਾਕੇ ''ਚ ਫੈਲੀ ਦਹਿਸ਼ਤ
ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਵਾਲਮੀਕਿ ਕਾਲੋਨੀ ਨਿਵਾਸੀ ਮੁਨੀਸ਼ ਕੁਮਾਰ ਦੀ ਸ਼ਿਕਾਇਤ ''ਤੇ ਥਾਣਾ ਡਵੀਜ਼ਨ ਨੰਬਰ-4 ਦੀ ਪੁਲਸ ਨੇ ਗੈਂਗਸਟਰ ਲਵਲੀ ਲੰਬਾ, ਜੱਜੀ, ਮਹਿੰਦਰ ਸਿੰਘ ਫੌਜੀ, ਕਾਲੀ, ਸੁਨੀਲ ਕੁਮਾਰ ਅਤੇ 5 ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕੀਤਾ ਸੀ। ਪੁਲਸ ਨੂੰ ਦੇਰ ਸ਼ਾਮ ਸੂਚਨਾ ਮਿਲੀ ਲਵਲੀ ਲੰਬਾ ਘੰਟਾਘਰ ਮਾਰਕੀਟ ਵੱਲ ਜਾ ਰਿਹਾ ਹੈ, ਜਿਸ ''ਤੇ ਪੁਲਸ ਨੇ ਛਾਪਾ ਮਾਰਿਆ ਅਤੇ ਗੈਂਗਸਟਰ ਨੂੰ ਦਬੋਚ ਲਿਆ। ਗੈਂਗਸਟਰ ਦੀ ਗ੍ਰਿਫਤਾਰੀ ਦੀ ਖ਼ਬਰ ਫੈਲਦੇ ਹੀ ਕੁਝ ਮਿੰਟਾਂ ਵਿਚ ਹੀ ਲੰਬਾ ਦੇ ਸੈਂਕੜੇ ਸਮਰਥਕ ਥਾਣੇ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ। ਦੇਖਦੇ ਹੀ ਦੇਖਦੇ ਮਾਹੌਲ ਤਣਾਅਪੂਰਨ ਬਣ ਗਿਆ। ਸਮਰਥਕਾਂ ਨੇ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਸਮਰਥਕਾਂ ਨੇ ਇਲਾਕੇ ਦੀਆਂ ਦੁਕਾਨਾਂ ਨੂੰ ਜ਼ਬਰਦਸਤੀ ਬੰਦ ਕਰਵਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕੁਝ ਝੜਪਾਂ ਵੀ ਹੋਈਆਂ ਅਤੇ ਕਈ ਦੁਕਾਨਾਂ ਅਤੇ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ। ਸਮਰਥਕਾਂ ਨੇ ਲੰਬਾ ਦੀ ਰਿਹਾਈ ਨੂੰ ਲੈ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਜੰਮ ਕੇ ਗੁੰਡਾਗਰਦੀ ਦਿਖਾਈ। ਪੁਲਸ ਨੇ ਸਮਰਥਕਾਂ ਨੂੰ ਗੱਲਬਾਤ ਰਾਹੀਂ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ। ਐਤਵਾਰ ਨੂੰ ਦਿਨੇ ਖਾਸ ਤੌਰ ''ਤੇ ਚੌੜਾ ਬਾਜ਼ਾਰ ਅਤੇ ਘੰਟਾਘਰ ਵਿਚ ਭਾਰੀ ਭੀੜ ਹੁੰਦੀ ਹੈ। ਸਮਰਥਕਾਂ ਦੀ ਗੁੰਡਾਗਰਦੀ ਨਾਲ ਇਲਾਕੇ ਵਿਚ ਦਹਿਸ਼ਤ ਅਤੇ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ।
15 ਥਾਣਿਆਂ ਦੀ ਪੁਲਸ ਮੌਕੇ ''ਤੇ ਪੁੱਜੀ
ਇਸ ਤੋਂ ਬਾਅਦ ਪੁਲਸ ਨੇ ਸਖਤ ਰੁੱਖ ਅਖਤਿਆਰ ਕਰਦੇ ਹੋਏ ਲੰਬਾ ਦੇ ਸਮਰਥਕਾਂ ''ਤੇ ਲਾਠੀਚਾਰਜ ਕਰ ਦਿੱਤਾ। ਕਰੀਬ 15 ਥਾਣਿਆਂ ਦੀ ਪੁਲਸ ਮੌਕੇ ''ਤੇ ਪਹੁੰਚੀ। ਪੁਲਸ ਨੂੰ ਸਥਿਤੀ ''ਤੇ ਕਾਬੂ ਪਾਉਣ ਲਈ ਭਾਰੀ ਮਿਹਨਤ ਕਰਨੀ ਪਈ। ਇਸ ਦੌਰਾਨ ਪੂਰਾ ਇਲਾਕਾ ਪੁਲਸ ਛਾਉਣੀ ਵਿਚ ਤਬਦੀਲ ਹੋ ਗਿਆ। ਉਥੇ ਇਲਾਕੇ ਦੇ ਕਈ ਦੁਕਾਨਦਾਰਾਂ ਨੇ ਸ਼ੰਕਾ ਜ਼ਾਹਿਰ ਕੀਤੀ ਹੈ ਕਿ ਗੈਂਗਸਟਰ ਦੇ ਸਮਰਥਕਾਂ ਨੇ ਕਈ ਰਾਉੂਂਡ ਫਾਇਰ ਕੀਤੇ ਹਨ ਪਰ ਪੁਲਸ ਨੇ ਫਾਇਰਿੰਗ ਦੀ ਗੱਲ ਤੋਂ ਇਨਕਾਰ ਕੀਤਾ ਹੈ। ਸੂਚਨਾ ਮਿਲਣ ਦੇ ਬਾਅਦ ਡੀ. ਸੀ. ਪੀ. ਕ੍ਰਾਈਮ ਭੁਪਿੰਦਰ ਸਿੰਘ, ਏ. ਸੀ. ਪੀ. ਸੈਂਟਰਲ ਅਮਨਦੀਪ ਸਿੰਘ ਬਰਾੜ, ਏ. ਸੀ. ਪੀ. ਸਚਿਨ ਗੁਪਤਾ ਨੇ ਦੱਸਿਆ ਕਿ ਗੈਂਗਸਟਰ ਲਵਲੀ ਲੰਬੀ ਤੇ ਲੁੱਟ-ਖੋਹ ਸਮੇਤ ਕਈ ਸੰਗੀਨ ਅਪਰਾਧਿਕ ਧਾਰਾਵਾਂ ਅਧੀਨ ਕਰੀਬ 12 ਕੇਸ ਦਰਜ ਹਨ। ਲਵਲੀ ''ਤੇ ਲੁੱਟ-ਖੋਹ ਅਤੇ ਕੁੱਟਮਾਰ ਕਰਨ ਦੇ ਦੋਸ਼ ਵਿਚ ਕੇਸ ਦਰਜ ਹੋਇਆ ਸੀ। ਫਿਲਹਾਲ ਪੁਲਸ ਨੇ ਕਿਸੇ ਵੀ ਤਰ੍ਹਾਂ ਦੇ ਰਾਜਨੀਤਕ ਦਬਾਅ ਦੀ ਗੱਲ ਤੋਂ ਇਨਕਾਰ ਕੀਤਾ ਹੈ। ਦੇਰ ਰਾਤ ਤਕ ਪੁਲਸ ਗੁੰਡਾਗਰਦੀ ਕਰਨ ਵਾਲੇ ਅਤੇ ਥਾਣੇ ਦੇ ਬਾਹਰ ਪ੍ਰਦਰਸ਼ਨ ਕਰਨ ਵਾਲੇ ਸਮਰਥਕਾਂ ਖਿਲਾਫ ਕਾਰਵਾਈ ਕਰਨ ਦੇ ਪੱਖ ਵਿਚ ਦਿਖਾਈ ਦਿੱਤੀ।
ਇਨ੍ਹਾਂ ਬਾਜ਼ਾਰਾਂ ਨੂੰ ਕਰਵਾਇਆ ਬੰਦ
ਗੁੰਡਾਗਰਦੀ ਕਰ ਰਹੇ ਨੌਜਵਾਨਾਂ ਵੱਲੋਂ ਚੌੜਾ ਬਾਜ਼ਾਰ, ਲਾਟਰੀ ਮਾਰਕੀਟ, ਘੰਟਾਘਰ, ਸ਼ੂ ਮਾਰਕੀਟ, ਕੋਰਟ ਰੋਡ ਸਮੇਤ ਹੋਰਨਾਂ ਆਲੇ-ਦੁਆਲੇ ਦੇ ਬਾਜ਼ਾਰਾਂ ਤੇ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਗਿਆ। ਇਸ ਤੋਂ ਇਲਾਵਾ ਘੰਟਾਘਰ ਚੌਕ ਵੱਲ ਆਉਣ-ਜਾਣ ਵਾਲੀਆਂ ਮੇਨ ਸੜਕਾਂ ਨੂੰ ਦੋਵਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ ਅਤੇ ਲੋਕ ਘੰਟਿਆਂਬੱਧੀ ਜਾਮ ਵਿਚ ਫਸੇ ਰਹੇ।
15 ਤੋਂ 18 ਕੇਸ ਦਰਜ
ਪੁਲਸ ਅਨੁਸਾਰ ਲਵਲੀ ਲੰਬਾ ''ਤੇ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿਚ 15 ਤੋਂ ਲੈ ਕੇ 18 ਦੇ ਕਰੀਬ ਕੇਸ ਦਰਜ ਹਨ ਅਤੇ ਕਈ ਮਾਮਲਿਆਂ ਵਿਚ ਉਸ ਦੀ ਗ੍ਰਿਫਤਾਰੀ ਸੀ। ਫੜ੍ਹੇ ਜਾਣ ਤੋਂ ਬਾਅਦ ਪੁਲਸ ਲਵਲੀ ਲੰਬਾ ਨੂੰ ਸੀ. ਆਈ. ਏ. ਸਟਾਫ ਵਿਚ ਲੈ ਗਈ।
ਇਹ ਅਧਿਕਾਰੀ ਪਹੁੰਚੇ ਮੌਕੇ ''ਤੇ
ਸਥਿਤੀ ''ਤੇ ਕਾਬੂ ਪਾਉਣ ਲਈ ਡੀ. ਸੀ. ਪੀ. ਭੁਪਿੰਦਰ ਸਿੰਘ, ਏ. ਡੀ. ਸੀ. ਪੀ. ਪੰਨੂ, ਏ. ਸੀ. ਪੀ. ਡਾ. ਸਚਿਨ ਗੁਪਤਾ, ਏ. ਸੀ. ਪੀ. ਅਮਨਦੀਪ ਸਿੰਘ ਬਰਾੜ, ਇੰਸਪੈਕਟਰ ਸੁਮਿਤ ਸੂਦ, ਇੰਸਪੈਕਟਰ ਗੁਰਵਿੰਦਰ ਸਿੰਘ ਸਮੇਤ ਥਾਣਾ ਕੋਤਵਾਲੀ, ਥਾਣਾ ਸਲੇਮ ਟਾਬਰੀ, ਥਾਣਾ ਡਵੀਜ਼ਨ ਨੰ. 4, ਥਾਣਾ ਡਵੀਜ਼ਨ ਨੰ. 2, ਸੀ. ਆਈ. ਏ. ਕਮਾਂਡੋ ਫੋਰਸ ਤੇ ਮਹਿਲਾ ਫੋਰਸ ਮੌਕੇ ''ਤੇ ਪਹੁੰਚ ਗਈਆਂ ਅਤੇ ਸਥਿਤੀ ''ਤੇ ਕਾਬੂ ਪਾਉਣ ''ਚ ਜੁਟ ਗਈਆਂ।
ਲਾਅ ਐਂਡ ਆਰਡਰ ਦੀਆਂ ਉਡੀਆਂ ਧੱਜੀਆਂ
ਸ਼ਰੇਆਮ ਹੋਈ ਗੁੰਡਾਗਰਦੀ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਗੁੰਡਿਆਂ ਵੱਲੋਂ ਸ਼ਰੇਆਮ ਲਾਅ ਐਂਡ ਆਰਡਰ ਦੀਆਂ ਧੱਜੀਆਂ ਉਡਾਈਆਂ ਗਈਆਂ। ਚਾਹੇ ਪੁਲਸ ਨੇ ਮੌਕੇ ''ਤੇ ਪਹੁੰਚ ਕੇ ਸਥਿਤੀ ਕੰਟਰੋਲ ਕਰ ਲਈ ਪਰ ਫਿਰ ਵੀ ਕਈ ਦੁਕਾਨਦਾਰਾਂ ਨੇ ਬਾਅਦ ਵਿਚ ਆਪਣੀਆਂ ਦੁਕਾਨਾਂ ਤੱਕ ਨਹੀਂ ਖੋਲ੍ਹੀਆਂ ਅਤੇ ਤਾਲਾ ਲਾ ਕੇ ਘਰ ਵਾਪਸ ਚਲੇ ਗਏ, ਜਦੋਂ ਕਿ ਫੜ੍ਹੇ ਸਮਰਥਕਾਂ ਵੱਲੋਂ ਕਈ ਰੇਹੜੀਆਂ-ਫੜ੍ਹੀਆਂ ਤੇ ਕਾਰਾਂ ਤੇ ਦੁਕਾਨਾਂ ਵਿਚ ਭੰਨ-ਤੋੜ ਵੀ ਕੀਤੀ ਗਈ। ਦੇਰ ਰਾਤ ਤਕ ਪੁਲਸ ਕੋਲ ਕਿਸੇ ਨੇ ਆਪਣੀ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ।
ਛੋਟੇ-ਮੋਟੇ ਨੇਤਾ ਪਹੁੰਚੇ ਬਚਾਉਣ ਲਈ
ਸੂਤਰਾਂ ਅਨੁਸਾਰ ਗ੍ਰਿਫਤਾਰੀ ਦਾ ਪਤਾ ਲੱਗਦੇ ਹੀ ਕੁਝ ਛੋਟੇ ਮੋਟੇ ਨੇਤਾ ਉਸ ਨੂੰ ਬਚਾਉਣ ਅਤੇ ਰਾਜਨੀਤੀ ਚਮਕਾਉਣ ਲਈ ਪਹੁੰਚ ਗਏ ਪਰ ਪੁਲਸ ਦੇ ਸਖਤ ਰਵੱਈਏ ਦੇ ਅੱਗੇ ਉਨ੍ਹਾਂ ਦੀ ਇਕ ਨਾ ਚੱਲੀ ਅਤੇ ਉਨ੍ਹਾਂ ਨੇ ਚੁੱਪ-ਚਾਪ ਵਾਪਸ ਜਾਣ ਵਿਚ ਹੀ ਆਪਣੀ ਭਲਾਈ ਸਮਝੀ।

Babita Marhas

This news is News Editor Babita Marhas