ਗੈਂਗਸਟਰ ਲਾਲਾ ਕਤਲ ਕਾਂਡ : ਕਈ ਥਿਊਰੀਆਂ ''ਤੇ ਕੰਮ ਕਰ ਰਹੀ ਪੁਲਸ, ਜਲਦ ਹੋ ਸਕਦੇ ਹਨ ਵੱਡੇ ਖੁਲਾਸੇ

04/07/2017 5:54:40 PM

ਬਟਾਲਾ (ਬੇਰੀ) : ਬਟਾਲਾ ਦੇ ਪ੍ਰਸਿੱਧ ਗੈਂਗਸਟਰ ਲਾਲਾ ਦੀ ਹੋਈ ਹੱਤਿਆ ਨੂੰ ਚਾਹੇ 8 ਦਿਨ ਬੀਤ ਗਏ ਹਨ ਪਰ ਲਾਲਾ ਦੀ ਮੌਤ ਦੀ ਗੁੱਥੀ ਸੁਲਝਦੇ ਹੋਏ ਵੀ ਅਣਸੁਲਝੀ ਬਣ ਕੇ ਰਹਿ ਗਈ ਹੈ ਕਿਉਂਕਿ ਪੁਲਸ ਵੱਲੋਂ ਗੈਂਗਸਟਰ ਲਾਲਾ ਦੀ ਹੱਤਿਆ ਨੂੰ ਬੜੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਇਕ ਪਾਸੇ ਜਿਥੇ ਪੁਲਸ ਹੱਤਿਆ ਨਾਲ ਸਬੰਧਤ ਹਰ ਪਹਿਲੂ ਨੂੰ ਬਾਰੀਕੀ ਨਾਲ ਖੰਗਾਲ ਰਹੀ ਹੈ, ਉਥੇ ਹੀ ਗੈਂਗਸਟਰ ਲਾਲਾ ਦੀ ਹੱਤਿਆ ਦੀ ਗੁੱਥੀ ਨੂੰ ਸੁਲਝਾਉਣ ਲਈ ਪੁਲਸ ਫਲੈਸ਼ਬੈਕ ''ਚ ਵੀ ਜਾ ਰਹੀ ਹੈ ਕਿਉਂਕਿ ਹੋ ਸਕਦਾ ਹੈ ਕਿ ਪੁਲਸ ਦੇ ਹੱਥ ਅਜਿਹੀ ਕੋਈ ਕੜੀ ਲੱਗ ਜਾਵੇ, ਜਿਸ ਨਾਲ ਗੈਂਗਸਟਰ ਲਾਲਾ ਦੀ ਹੱਤਿਆ ਦੀ ਗੁੱਥੀ ਸੁਲਝਾਉਣ ''ਚ ਪੁਲਸ ਨੂੰ ਕੁਝ ਸੈਕਿੰਡ ਹੀ ਲੱਗਣ ਪਰ ਫਿਲਹਾਲ ਬਟਾਲਾ ਪੁਲਸ ਵੱਲੋਂ ਡੂੰਘਾਈ ਨਾਲ ਛਾਣਬੀਣ ਕਰਨ ਦੇ ਬਾਵਜੂਦ ਪੁਲਸ ਦੇ ਹੱਥ ਖਾਲੀ ਦੇ ਖਾਲੀ ਹੀ ਹਨ।
ਗੈਂਗਸਟਰ ਲਾਲਾ ਦੀ ਮੌਤ ਦੇ ਮਾਮਲੇ ''ਚ ਡੀ. ਐੱਸ. ਪੀ. ਸਿਟੀ ਆਰ. ਪੀ. ਐੱਸ. ਢਿੱਲੋਂ ਨੇ ਦੱਸਿਆ ਕਿ ਲਾਲਾ ਦੀ ਮੌਤ ਗੈਂਗਵਾਰ ਦਾ ਨਤੀਜਾ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਪੁਲਸ ਕਈ ਥਿਊਰੀਆਂ ''ਤੇ ਆਪਣੀ ਜਾਂਚ ਕੇਂਦਰਿਤ ਕਰ ਰਹੀ ਹੈ ਤੇ ਇਸ ਦੇ ਸਾਕਾਰਾਤਮਕ ਨਤੀਜੇ ਜਲਦ ਹੀ ਸਾਹਮਣੇ ਆਉਣਗੇ ਤੇ ਹੱਤਿਆ ਦੇ ਕਾਰਨਾਂ ਸਬੰਧੀ ਵੀ ਡਾਕਟਰਾਂ ਨਾਲ ਵਿਸਥਾਰ ਸਹਿਤ ਰਾਏ ਲਈ ਜਾਵੇਗੀ ਤੇ ਪੋਸਟਮਾਰਟਮ ਰਿਪੋਰਟ ਆਉਣ ''ਤੇ ਮਾਹਿਰਾਂ ਨਾਲ ਸਲਾਹ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਿਤਾ ਵੱਲੋਂ ਦਰਜ ਕਰਵਾਈ ਗਈ ਐੱਫ. ਆਈ. ਆਰ. ''ਚ ਜਿਨ੍ਹਾਂ ਲੋਕਾਂ ਨੂੰ ਦੋਸ਼ੀ ਦੱਸਿਆ ਗਿਆ ਸੀ, ਉਹ ਖੁਦ ਵੀ ਕਿਸੇ ਨਾ ਕਿਸੇ ਗੈਂਗ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ''ਤੇ ਪਹਿਲਾਂ ਵੀ ਕਈ ਤਰ੍ਹਾਂ ਦੇ ਕੇਸ ਦਰਜ ਹਨ ਤੇ ਉਹ ਉਨ੍ਹਾਂ ਕੇਸਾਂ ਕਰ ਕੇ ਹੀ ਭਗੌੜੇ ਹਨ। ਢਿੱਲੋਂ ਨੇ ਅੱਗੇ ਕਿਹਾ ਕਿ ਪੁਲਸ ਜਲਦ ਤੋਂ ਜਲਦ ਗੈਂਗਸਟਰ ਲਾਲਾ ਦੀ ਹੱਤਿਆ ਨੂੰ ਬੇਪਰਦਾ ਕਰ ਦੇਵੇਗੀ ਤੇ ਇਸ ਬਾਰੇ ਜਲਦ ਹੀ ਵੱਡਾ ਖੁਲਾਸਾ ਹੋਵੇਗਾ ਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

Gurminder Singh

This news is Content Editor Gurminder Singh