ਗੈਂਗਸਟਰ ਗੁਰਜੀਤ ਸੈਂਸਰਾ ਦੋ ਦਿਨ ਦੇ ਪੁਲਸ ਰਿਮਾਂਡ ''ਤੇ

04/24/2018 4:31:32 AM

ਅੰਮ੍ਰਿਤਸਰ,   (ਸੰਜੀਵ)-  ਅੰਮ੍ਰਿਤਸਰ ਦੇ ਸਾਇਬਰ ਕਰਾਈਮ ਸੈੱਲ ਵੱਲੋਂ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਗੁਰਜੀਤ ਸੈਂਸਰਾ ਨੂੰ ਅੱਜ ਦੋ ਦਿਨ ਦੇ ਪੁਲਸ ਰਿਮਾਂਡ ਸਬੰਧੀ ਸਥਾਨਕ ਜੁਆਇੰਟ ਇੰਟੈਰੋਗੇਸ਼ਨ ਸੈਂਟਰ ਭੇਜਿਆ ਗਿਆ ਹੈ, ਜਿਥੇ ਪੰਜਾਬ ਦੀਆਂ ਵੱਖਰੀਆਂ ਸੁਰੱਖਿਆ ਏਜੰਸੀਆਂ ਗੁਰਜੀਤ ਤੋਂ ਪੁੱਛਗਿੱਛ ਕਰ ਰਹੀਆਂ ਹਨ। ਪੁਲਸ ਵਾਂਟੇਡ ਚੱਲ ਰਹੇ ਗੈਂਗਸਟਰ ਗੋਪੀ ਘਨਸ਼ਿਆਮਪੁਰੀਆ ਅਤੇ ਹੈਰੀ ਚੱਠਾ ਬਾਰੇ ਸੁਰਾਗ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਗੈਂਗਸਟਰ ਵਿੱਕੀ ਗੌਂਡਰ ਐਨਕਾਊਂਟਰ ਉਪਰੰਤ ਹੀ ਉਸ ਦੇ ਨਾਲ ਜੁੜੇ ਸਾਰੇ ਗੈਂਗਸਟਰ ਵੱਖ-ਵੱਖ ਹੋ ਚੁੱਕੇ ਹਨ, ਜਿਨ੍ਹਾਂ ਵਿਚ ਗੁਰਜੀਤ ਸੈਂਸਰਾ ਵੀ ਸ਼ਾਮਿਲ ਸੀ ਜੋ ਪੁਲਸ ਦੇ ਡਰੋਂ ਚਾਰ ਮਹੀਨੇ ਮਹਾਰਾਸ਼ਟਰਾ ਵਿਚ ਲੁਕਿਆ ਰਿਹਾ। 
ਵਰਣਨਯੋਗ ਹੈ ਕਿ 19 ਮਈ 2017 ਦੀ ਰਾਤ ਗੋਪੀ ਘਨਸ਼ਿਆਮਪੁਰੀਆ ਤੇ ਹੈਰੀ ਚੱਠਾ ਦੇ ਨਾਲ ਮਿਲ ਕੇ ਗੁਰਜੀਤ ਸੈਂਸਰਾ ਨੇ ਅੰਮ੍ਰਿਤਸਰ ਦੇ ਪਾਸ਼ ਖੇਤਰ ਰਣਜੀਤ ਐਵੀਨਿਊ ਦੇ ਰਹਿਣ ਵਾਲੇ ਡਾ. ਮੁਨੀਸ਼ ਸ਼ਰਮਾ ਨੂੰ ਅਜਨਾਲਾ ਤੋਂ ਅੰਮ੍ਰਿਤਸਰ ਆਉਂਦੇ ਸਮੇਂ ਰਸਤੇ 'ਚੋਂ ਅਗਵਾ ਕਰ ਲਿਆ ਸੀ,  4 ਘੰਟੇ ਆਪਣੇ ਨਾਲ ਰੱਖਣ ਦੇ ਬਾਅਦ ਡਾਕਟਰ ਦੇ ਘਰ ਵਾਲਿਆਂ ਤੋਂ 7.50 ਲੱਖ ਰੁਪਏ ਦੀ ਫਿਰੌਤੀ ਲੈ ਕੇ ਉਸ ਨੂੰ ਇਸ ਸ਼ਰਤ 'ਤੇ ਛੱਡਿਆ ਸੀ ਕਿ 48 ਘੰਟਿਆਂ ਵਿਚ ਡਾਕਟਰ ਦਾ ਪਰਿਵਾਰ 60 ਲੱਖ ਦਾ ਇੰਜ਼ਤਾਮ ਕਰੇਗਾ। ਇਸ ਅਗਵਾ ਕਾਂਡ ਵਿਚ ਪੁਲਸ ਪਹਿਲਾਂ ਵੀ ਕਈ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਪਰ ਹੈਰੀ ਚੱਠਾ ਦਾ ਕਰੀਬੀ ਗੁਰਜੀਤ ਸੈਂਸਰਾ ਪਿਛਲੇ ਲੰਬੇ ਸਮੇਂ ਤੋਂ ਪੁਲਸ ਨੂੰ ਲੋੜੀਂਦਾ ਚੱਲ ਰਿਹਾ ਸੀ  ਜਿਸ ਨੂੰ ਸਾਇਬਰ ਕਰਾਈਮ ਸੈੱਲ ਨੇ ਗ੍ਰਿਫਤਾਰ ਕਰ ਲਿਆ।  
ਐਨਕਾਊਂਟਰ ਦੇ ਡਰ ਨਾਲ ਛੱਡ ਗਿਆ ਸੀ ਪੰਜਾਬ : ਕਈ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗੁਰਜੀਤ ਸੈਂਸਰਾ ਪੁਲਸ ਐਨਕਾਊਂਟਰ ਦੇ ਡਰ ਨਾਲ ਪੰਜਾਬ ਨੂੰ ਛੱਡ ਕੇ ਮਹਾਰਾਸ਼ਟਰ ਵਿਚ ਜਾ ਕੇ ਲੁਕ ਗਿਆ ਸੀ। ਗੈਂਗ ਦੇ ਸਰਗਨੇ ਵਿੱਕੀ ਗੌਂਡਰ ਦੇ ਐਨਕਾਊਂਟਰ ਉਪਰੰਤ ਇਹ ਗਿਰੋਹ ਜਿਵੇਂ ਪੂਰੀ ਤਰ੍ਹਾਂ ਨਾਲ ਖਿਲਰ ਗਿਆ ਅਤੇ ਹੁਣ ਗੁਰਜੀਤ ਕੁਝ ਇਕੱਲਾ ਪੈ ਗਿਆ ਸੀ। ਕਈ ਮਹੀਨੇ ਬਾਹਰ ਗੁਜ਼ਾਰਨ ਦੇ ਬਾਅਦ ਹੁਣ ਉਹ ਫਿਰ ਤੋਂ ਪੰਜਾਬ ਵਿਚ ਇਹ ਸੋਚ ਕੇ ਦਾਖਲ ਹੋਇਆ ਸੀ ਕਿ ਫਿਰ ਤੋਂ ਵਾਰਦਾਤਾਂ ਨੂੰ ਅੰਜਾਮ ਦੇਵੇਗਾ ਅਤੇ ਉਹੀ ਪੁਰਾਣਾ ਐਸ਼ ਵਾਲਾ ਜੀਵਨ ਗੁਜ਼ਰੇਗਾ ਪਰ ਉਸ ਨੂੰ ਕੀ ਪਤਾ ਸੀ ਕਿ ਪੰਜਾਬ ਵਿਚ ਦਾਖਲ ਹੁੰਦੇ ਹੀ ਉਹ ਪੁਲਸ ਦੇ ਹੱਥੇ ਚੜ੍ਹ ਜਾਵੇਗਾ।  
ਗੋਪੀ ਘਨਸ਼ਿਆਮਪੁਰੀਆ ਦਾ ਕੋਈ ਨਹੀਂ ਅਤਾ-ਪਤਾ : ਪਿਛਲੇ ਲੰਬੇ ਸਮੇਂ ਤੋਂ ਗੈਂਗਸਟਰ ਗੋਪੀ ਘਨਸ਼ਿਆਮਪੁਰੀਆ ਦਾ ਪੁਲਸ ਨੂੰ ਕੋਈ ਅਤਾ-ਪਤਾ ਨਹੀਂ ਹੈ। ਇਹ ਵੀ ਕਿਆਸ ਲਾਏ ਜਾਂਦੇ ਹਨ ਕਿ ਉੱਤਰ ਪ੍ਰਦੇਸ਼ ਪੁਲਸ ਵੱਲੋਂ ਗੋਪੀ ਦਾ ਐਨਕਾਊਂਟਰ ਕਰ ਦਿੱਤਾ ਗਿਆ ਪਰ ਪੁਲਸ ਦੇ ਹੱਥੇ ਚੜ੍ਹੇ ਗੁਰਜੀਤ ਸਿੰਘ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੂੰ ਕੁਝ ਹੋਰ ਗੈਂਗਸਟਰਾਂ ਦੇ ਵੀ ਚਿਹਰੇ ਸਾਹਮਣੇ ਆਏ ਹਨ। ਗੁਰਜੀਤ ਤੋਂ ਪੁਲਸ ਹੈਰੀ ਚੱਠਾ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।