ਖਤਰਨਾਕ ਗੈਂਗਸਟਰਾਂ ਲਈ ਨਸ਼ਾ ਸਮੱਗਲਿੰਗ ਦਾ ਮਹਿਫੂਜ਼ ਅੱਡਾ ਬਣੀਆਂ ਜੇਲਾਂ

07/23/2017 6:01:11 AM

ਲੁਧਿਆਣਾ(ਪੰਕਜ)-ਖਤਰਨਾਕ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਸੁਧਾਰਨ ਲਈ ਬਣੀਆਂ ਪੰਜਾਬ ਦੀਆਂ ਜੇਲਾਂ ਅਸਲ ਵਿਚ ਅਪਰਾਧੀਆਂ ਲਈ ਸੁਰੱਖਿਅਤ ਰਹਿੰਦੇ ਹੋਏ ਨਿਡਰ ਹੋ ਕੇ ਆਪਣਾ ਧੰਦਾ ਜਾਰੀ ਰੱਖਣ ਦੀ ਜਗ੍ਹਾ ਬਣ ਚੁੱਕੀਆਂ ਹਨ। ਪੰਜਾਬ ਦੀ ਜਵਾਨੀ ਨੂੰ ਨਿਗਲਣ ਵਾਲੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੀ ਜੇਲਾਂ ਤੋਂ ਚੱਲ ਰਹੀ ਖੇਡ ਸਰਕਾਰ ਅਤੇ ਪੁਲਸ ਲਈ ਚੁਣੌਤੀ ਬਣ ਚੁੱਕਾ ਹੈ, ਜਿਸ ਨਾਲ ਨਿਪਟਣ ਹਿੱਤ ਕੀਤੇ ਜਾ ਰਹੇ ਯਤਨ ਧੁੰਦਲੇ ਪੈਂਦੇ ਜਾ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਅਤੇ ਨਸ਼ਾ ਸਮੱਗਲਰਾਂ ਦੇ ਮੱਕੜਜਾਲ ਨੂੰ ਖਤਮ ਕਰਨ ਦੀ ਇੱਛਾ ਨਾਲ ਬਣਾਈ ਗਈ ਐੱਸ. ਟੀ. ਐੱਫ. ਵੱਲੋਂ ਕਪੂਰਥਲਾ ਜੇਲ ਵਿਚ ਬੰਦ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਲਿਆ ਕੇ ਜੇਲ ਤੋਂ ਮੋਬਾਇਲ ਫੋਨ 'ਤੇ ਉਸ ਵੱਲੋਂ ਚਲਾਏ ਜਾ ਰਹੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਸਬੰਧੀ ਮਾਮਲੇ ਵਿਚ ਪੁੱਛਗਿੱਛ ਕਰਨੀ ਸ਼ੁਰੂ ਵੀ ਨਹੀਂ ਕੀਤੀ ਗਈ ਸੀ ਕਿ ਲੁਧਿਆਣਾ ਵਿਚ ਐੱਸ. ਟੀ. ਐੱਫ. ਵੱਲੋਂ 2 ਐੱਨ. ਆਰ. ਆਈਜ਼ ਮੁਲਜ਼ਮਾਂ ਨੂੰ 5 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰ ਕੇ ਜਦੋਂ ਉਨ੍ਹਾਂ ਤੋਂ ਬਰਾਮਦ ਮੋਬਾਇਲ ਫੋਨ ਵਿਚ ਵਟਸਐਪ 'ਤੇ ਸੇਵ ਹੋਏ ਮੈਸੇਜ ਨੂੰ ਚੈੱਕ ਕੀਤਾ ਗਿਆ ਤਾਂ ਅਧਿਕਾਰੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਅਸਲ ਵਿਚ ਇਨ੍ਹਾਂ ਸਮੱਗਲਰਾਂ ਦਾ ਬੌਸ ਕੋਈ ਹੋਰ ਨਹੀਂ, ਬਲਕਿ ਬੀਤੇ ਮਹੀਨੇ 200 ਕਰੋੜ ਦੀ ਆਇਸਬੈਗ ਦੇ ਨਾਲ ਫੜਿਆ ਗਿਆ ਦੇਸ਼ ਦਾ ਨਾਮੀ ਸਮੱਗਲਰ ਰਣਜੀਤ ਸਿੰਘ ਉਰਫ ਰਾਜ ਕੰਦੌਲਾ, ਜੋ ਕਿ ਕਪੂਰਥਲਾ ਜੇਲ ਵਿਚ ਬੰਦ ਹੈ, ਨਿਕਲਿਆ, ਜੋ ਆਪਣੇ ਨਾਲ ਸਮੱਗਲਰਾਂ ਨੂੰ ਜੇਲ ਤੋਂ ਇਹ ਹੁਕਮ ਜਾਰੀ ਕਰ ਰਿਹਾ ਸੀ ਕਿ ਕਿੱਥੋਂ ਹੈਰੋਇਨ ਦੀ ਖੇਪ ਲੈਣੀ ਹੈ ਅਤੇ ਉਸ ਦੀ ਡਲਿਵਰੀ ਕਿੱਥੇ ਕਰਨੀ ਹੈ। ਜੱਗੂ ਭਗਵਾਨਪੁਰੀਆ ਅਤੇ ਰਾਜਾ ਕੰਦੌਲਾ ਵੱਲੋਂ ਜੇਲਾਂ ਵਿਚ ਕੈਦ ਹੋਣ ਦੇ ਬਾਵਜੂਦ ਪ੍ਰਦੇਸ਼ ਵਿਚ ਆਪਣੀਆਂ ਗਤੀਵਿਧੀਆਂ ਧੜੱਲੇ ਨਾਲ ਚਲਾਈਆਂ ਜਾ ਰਹੀਆਂ ਹਨ ਜਿਸ ਤੋਂ ਸਾਫ ਹੈ ਕਿ ਨਾਮੀ ਸਮੱਗਲਰਾਂ ਅਤੇ ਗੈਂਗਸਟਰਾਂ ਦੇ ਲਈ ਆਜ਼ਾਦ ਰਹਿਣ ਦੀ ਬਜਾਏ ਜੇਲਾਂ ਵਿਚ ਸੁਰੱਖਿਅਤ ਰਹਿ ਕੇ ਬਾਹਰ ਆਪਣਾ ਗੈਂਗ ਚਲਾਉਣਾ ਫਾਇਦੇਮੰਦ ਹੈ।
ਕੀ ਹੈ ਮਾਮਲਾ
ਅਸਲ ਵਿਚ ਐੱਸ. ਟੀ. ਐੱਫ. ਅੰਮ੍ਰਿਤਸਰ ਵੱਲੋਂ ਪਿਛਲੇ ਦਿਨੀਂ ਹੈਰੋਇਨ ਦੀ ਸਮੱਗਲਿੰਗ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ ਸੰਦੀਪ ਸਿੰਘ, ਗੜਗਜੀਤ ਸਿੰਘ, ਬਚਿੱਤਰ ਸਿੰਘ, ਮਨਦੀਪ ਸਿੰਘ ਅਤੇ ਗੁਰਸੇਵਕ ਸਿੰਘ ਤੋਂ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਸੰਦੀਪ ਨੇ ਖੁਲਾਸਾ ਕੀਤਾ ਕਿ ਜੇਲ ਵਿਚ ਬੰਦ ਸੁੱਖਾ ਕਾਹਲਵਾਂ ਗੈਂਗ ਦਾ ਮੁੱਖ ਜੱਗੂ ਭਗਵਾਨਪੁਰੀਆ ਹੀ ਫੋਨ 'ਤੇ ਉਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਦੀ ਡਲਿਵਰੀ ਲੈਣ ਅਤੇ ਦੇਣ ਸਬੰਧੀ ਹੁਕਮ ਦਿੰਦਾ ਹੈ। ਇੰਨਾ ਹੀ ਨਹੀਂ, ਬੀਤੇ ਦਿਨੀਂ ਕੋਟਕਪੁਰਾ ਵਿਚ ਇਕ ਮੇਲੇ ਵਿਚ ਗੈਂਗਸਟਰ ਲਵੀ ਦਿਓੜਾ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਮੁਲਜ਼ਮਾਂ ਦੀਪਕ, ਸੰਪਤ ਅਤੇ ਭੋਲਾ ਸ਼ੂਟਰ ਦੇ ਵੀ ਭਗਵਾਨਪੁਰੀਆ ਦੇ ਨਾਲ ਡੂੰਘੇ ਸਬੰਧਾਂ ਕਾਰਨ ਪੁਲਸ ਵੱਲੋਂ ਭਗਵਾਨਪੁਰੀਆ ਨੂੰ ਵੀ ਇਹ ਕਤਲਕਾਂਡ ਵਿਚ ਨਾਮਜ਼ਦ ਕੀਤਾ ਗਿਆ ਹੈ ਜਿਸ ਵੱਲੋਂ ਲਵੀ ਨੂੰ ਮਾਰਨ ਦੀ ਸਾਜ਼ਿਸ਼ ਜੇਲ ਵਿਚ ਬੈਠ ਕੇ ਰਚਣ ਦਾ ਦੋਸ਼ ਹੈ। ਐੱਸ. ਟੀ. ਐੱਫ. ਵੱਲੋਂ ਉਸ ਨੂੰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ ਵਿਚ ਜੇਲ ਤੋਂ ਪ੍ਰੋਟੈਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਕੋਟਕਪੁਰਾ ਪੁਲਸ ਲਵੀ ਦਿਓੜਾ ਕਤਲਕਾਂਡ ਵਿਚ ਉਸ ਨੂੰ ਗ੍ਰਿਫਤਾਰ ਕਰੇਗੀ।
ਦੂਜੇ ਪਾਸੇ ਲੁਧਿਆਣਾ ਐੱਸ. ਟੀ. ਐੱਫ. ਵੱਲੋਂ ਚਾਰ ਦਿਨ ਪਹਿਲਾਂ 5 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਗਏ ਐੱਨ. ਆਰ. ਆਈ. ਸਮੱਗਲਰਾਂ ਪਲਵਿੰਦਰਜੀਤ ਸਿੰਘ ਅਤੇ ਰਵਿੰਦਰ ਰਵੀ ਤੋਂ ਬਰਾਮਦ ਹੋਏ ਮੋਬਾਇਲ ਫੋਨ ਵਿਚ ਵਟਸਐਪ ਮੈਸੇਜ ਵਿਚ ਰਾਜਾ ਕੰਦੋਲਾ ਵੱਲੋਂ ਜੇਲ ਤੋਂ ਭੇਜਿਆ ਗਿਆ ਵੁਆਇਸ ਮੈਸੇਜ ਵੀ ਜਮ੍ਹਾ ਹੈ ਜਿਸ ਵਿਚ ਰਾਜਾ ਉਨ੍ਹਾਂ ਨੂੰ ਹੈਰੋਇਨ ਦੀ ਖੇਪ ਦੀ ਡਲਿਵਰੀ ਸਬੰਧੀ ਜਾਣਕਾਰੀ ਦੇ ਰਿਹਾ ਹੈ। ਫੜੇ ਗਏ ਦੋਵੇਂ ਮੁਲਜ਼ਮ ਅਮਰੀਕਾ ਵਿਚ ਵੀ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਮਾਮਲੇ ਵਿਚ ਸਜ਼ਾ ਕੱਟ ਚੁੱਕੇ ਹਨ, ਜਿਨ੍ਹਾਂ ਨੂੰ ਬਾਅਦ ਵਿਚ ਭਾਰਤ ਡਿਪੋਰਟ ਕੀਤਾ ਗਿਆ ਸੀ। ਅਜਿਹਾ ਹੀ ਇਕ ਕੇਸ ਕੁਝ ਦਿਨ ਪਹਿਲਾਂ ਜਗਰਾਓਂ ਪੁਲਸ ਦੇ ਵੀ ਹੱਥ ਆਇਆ ਸੀ ਜਿਸ ਵਿਚ ਹੈਰੋਇਨ ਦੀ ਖੇਪ ਸਮੇਤ ਫੜੇ ਗਏ 2 ਨਾਈਜ਼ੀਰੀਅਨਾਂ ਨੇ ਪੁੱਛਗਿੱਛ ਵਿਚ ਸਾਫ ਕੀਤਾ ਸੀ ਕਿ ਅੰਮ੍ਰਿਤਸਰ ਜੇਲ ਵਿਚ ਬੰਦ ਉਨ੍ਹਾਂ ਦਾ ਨਾਈਜ਼ੀਰੀਅਨ ਬੌਸ ਅਸਲ ਵਿਚ ਫੋਨ 'ਤੇ ਹੈਰੋਇਨ ਦੀ ਖੇਪ ਲੈਣ ਅਤੇ ਅੱਗੇ ਕਿੱਥੇ ਡਲਿਵਰ ਕਰਨੀ ਹੈ, ਸਬੰਧੀ ਹੁਕਮ ਦਿੰਦਾ  ਹੈ।
ਇਨ੍ਹਾਂ ਤਿੰਨਾਂ ਹਾਈਪ੍ਰੋਫਾਇਲ ਕੇਸਾਂ ਨੇ ਸਾਬਤ ਕਰ ਦਿੱਤਾ ਹੈ ਕਿ ਕਿਸ ਤਰ੍ਹਾਂ ਪੰਜਾਬ ਦੀਆਂ ਜੇਲਾਂ ਵਿਚ ਬੰਦ ਖਤਰਨਾਕ ਗੈਂਗਸਟਰ ਅਤੇ ਇੰਟਰਨੈਸ਼ਨਲ ਨਸ਼ਾ ਸਮੱਗਲਰ ਮੋਬਾਇਲ ਫੋਨ 'ਤੇ ਆਪਣਾ ਦਬਦਬਾ ਅਤੇ ਵਪਾਰ ਚਲਾ ਰਹੇ ਹਨ। ਜਦੋਂਕਿ ਜੇਲ ਪ੍ਰਸ਼ਾਸਨ ਆਏ ਦਿਨ ਛਾਪੇਮਾਰੀ ਕਰ ਕੇ ਮੋਬਾਇਲ ਫੋਨ ਫੜਨ ਦੇ ਦਾਅਵੇ ਕਰਦਾ ਹੈ। ਫਿਰ ਵੀ ਇਨ੍ਹਾਂ ਅਪਰਾਧੀਆਂ ਨੂੰ ਫੋਨ ਕੌਣ ਮੁਹੱਈਆ ਕਰਵਾ ਰਿਹਾ ਹੈ। ਇਸ ਸਵਾਲ ਦਾ ਜਵਾਬ ਸਰਕਾਰ ਅਤੇ ਪੁਲਸ ਦੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਬਿਨਾਂ ਪੁਲਸ ਮੁਲਾਜ਼ਮਾਂ ਦੀ ਮਦਦ ਦੇ ਜੇਲ ਵਿਚ ਮੋਬਾਇਲ ਫੋਨ ਤਾਂ ਕੀ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ।