ਜਲੰਧਰ ’ਚ ਹੋਏ ਬਾਊਂਸਰ ਸੋਨੂੰ ਰੁੜਕੀ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੀ ਵੱਡੀ ਧਮਕੀ

11/29/2022 6:31:10 PM

ਚੰਡੀਗੜ੍ਹ/ਜਲੰਧਰ : ਸੋਮਵਾਰ ਨੂੰ ਜਲੰਧਰ ਵਿਚ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਬਾਊਂਸਰ ਸੋਨੂੰ ਰੁੜਕੀ ਦੀ ਹੱਤਿਆ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਪੋਸਟ ਪਾ ਕੇ ਜਲਦੀ ਹੀ ਬਦਲਾ ਲੈਣ ਦੀ ਗੱਲ ਆਖੀ ਹੈ। ਲਾਰੈਂਸ ਬਿਸ਼ਨੋਈ ਨਾਂ ਦੀ ਫੇਸਬੁੱਕ ਆਈ. ਡੀ. ਮ੍ਰਿਤਕ ਬਾਊਂਸਰ ਸੋਨੂੰ ਦੀ ਇਕ ਤਸਵੀਰ ਸਾਂਝੀ ਕੀਤੀ ਗਈ ਹੈ, ਜਿਸ ਵਿਚ ਸੋਨੂੰ ਨਾਲ ਲਾਰੈਂਸ ਬਿਸ਼ਨੋਈ ਖੜ੍ਹਾ ਨਜ਼ਰ ਆ ਰਿਹਾ ਹੈ। ਇਸ ਪੋਸਟ ’ਤੇ ਲਿਖਿਆ ਗਿਆ ਹੈ ਕਿ ਆਰ. ਆਈ. ਪੀ. ਸੋਨੂੰ ਰੁੜਕੀ, ਬਹੁਤ ਜਲਦੀ ਭਰਾ ਦੀ ਮੌਤ ਦਾ ਬਦਲਾ ਲਿਆ ਜਾਵੇਗਾ। 

ਇਹ ਵੀ ਪੜ੍ਹੋ : ਬੀ. ਐੱਸ. ਐੱਫ. ਦੇ ਜਵਾਨ ਦੀ ਕਰਤੂਤ, ਅਫਸਰ ਨਾਲ ਬਣਾਓ ਸੰਬੰਧ ਨਹੀਂ ਤਾਂ ਫਸਾਵਾਂਗੇ ਦੇਸ਼ ਧ੍ਰੋਹ ਦੇ ਕੇਸ ’ਚ

ਸੋਮਵਾਰ ਨੂੰ ਹੋਇਆ ਸੀ ਕਤਲ

ਦੱਸਣਯੋਗ ਹੈ ਕਿ ਸੋਮਵਾਰ ਨੂੰ ਜਲੰਧਰ ਦੇ ਗੁਰੂ ਨਾਨਕਪੁਰਾ ਵੈਸਟ ਦੇ ਸਤਨਾਮ ਨਗਰ ਵਿਚ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਗੋਲ਼ੀਆਂ ਚਲਾ ਦਿੱਤੀਆਂ ਗਈਆਂ ਸਨ, ਜਿਸ ਵਿਚੋਂ ਇਕ ਗੋਲੀ ਬਾਊਂਸਰ ਦੀ ਛਾਤੀ ਵਿਚ ਲੱਗਣ ਨਾਲ ਉਸਦੀ ਮੌਤ ਹੋ ਗਈ। ਹਾਦਸੇ ਵਿਚ 2 ਹੋਰ ਲੋਕ ਵੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਦੀ ਹਾਲਤ ਗੰਭੀਰ ਹੈ। ਫਾਇਰ ਕਰਨ ਤੋਂ ਬਾਅਦ ਸਾਬਕਾ ਅਕਾਲੀ ਆਗੂ ਫ਼ਰਾਰ ਹੋ ਗਿਆ। ਪੁਲਸ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਉਸਨੇ ਲਾਇਸੈਂਸੀ ਰਿਵਾਲਵਰ ਨਾਲ ਫਾਇਰਿੰਗ ਕੀਤੀ ਸੀ। ਮ੍ਰਿਤਕ ਦੀ ਪਛਾਣ ਰਵਿੰਦਰ ਨਿਵਾਸੀ ਰੁੜਕਾ ਕਲਾਂ ਉਰਫ ਸੋਨੂੰ ਬਾਊਂਸਰ ਵਜੋਂ ਹੋਈ ਹੈ, ਜੋ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਇਸ ਘਟਨਾ ਵਿਚ ਔਰਤ ਕੁਲਜੀਤ ਕੌਰ ਅਤੇ ਇਕ ਹੋਰ ਵਿਅਕਤੀ ਵੀ ਜ਼ਖ਼ਮੀ ਹੋਏ ਹਨ। ਔਰਤ ਦੇ ਹੱਥ ’ਤੇ ਗੋਲੀ ਲੱਗੀ ਹੈ। ਪੁਲਸ ਨੇ ਮੌਕੇ ਤੋਂ 2 ਖੋਲ ਬਰਾਮਦ ਕੀਤੇ ਹਨ ਪਰ ਸਥਾਨਕ ਲੋਕਾਂ ਨੇ ਕਿਹਾ ਕਿ 3 ਤੋਂ 4 ਫਾਇਰ ਹੋਏ ਸਨ।

ਇਹ ਵੀ ਪੜ੍ਹੋ : ਡੀ. ਜੇ. ’ਤੇ ਗਾਣਾ ਚਲਾਉਣ ਲੈ ਕੇ ਹੋਈ ਲੜਾਈ, ਫਿਰ ਟਾਈਮ ਪਾ ਕੇ ਭਿੜੀਆਂ ਦੋਵੇਂ ਧਿਰਾਂ, ਹੋਇਆ ਖੂਨੀ ਟਕਰਾਅ

ਦੂਜੇ ਪਾਸੇ ਥਾਣਾ ਰਾਮਾ ਮੰਡੀ ਦੇ ਐੱਸ. ਐੱਚ. ਓ. ਨੇ ਕਿਹਾ ਕਿ ਗੁਰਮੀਤ ਸਿੰਘ ਔਲਖ ਨੂੰ ਰਾਊਂਡਅਪ ਕਰ ਲਿਆ ਗਿਆ ਹੈ। ਪਤਾ ਲੱਗਾ ਹੈ ਕਿ ਗੁਰਮੀਤ ਸਿੰਘ ਔਲਖ ਦੇ ਸਿਰ ’ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਹਨ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਏ. ਸੀ. ਪੀ. ਸੈਂਟਰਲ ਨਿਰਮਲ ਸਿੰਘ ਵੀ ਘਟਨਾ ਸਥਾਨ ’ਤੇ ਪੁੱਜੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀ ਘੋਖ ਕਰ ਰਹੀ ਹੈ।

ਵਿਵਾਦਾਂ ਨਾਲ ਜੁੜਿਆ ਰਿਹਾ ਹੈ ਗੁਰਮੀਤ ਸਿੰਘ ਔਲਖ

ਸਾਬਕਾ ਅਕਾਲੀ ਆਗੂ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਹੈ। ਗੁਰਮੀਤ ਔਲਖ ਦਾ ਭਤੀਜਾ ਰਾਜੂ ਔਲਖ ਜਿਸਨੇ ਸ਼ਰੇਆਮ ਇਕ ਨੌਜਵਾਨ ਨੂੰ ਭਜਾ-ਭਜਾ ਕੇ ਵੱਢ ਦਿੱਤਾ ਸੀ, ਜਿਸ ਤੋਂ ਬਾਅਦ ਗੁਰਮੀਤ ਔਲਖ ਨੇ ਆਪਣੇ ਭਤੀਜੇ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ। ਉਦੋਂ ਖਾਲਸਾ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਵਿਵਾਦ ਹੋਇਆ ਸੀ, ਜਿਸ ਵਿਚ ਨੌਜਵਾਨ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ 30 ਲੱਖ ਖਰਚ ਕੇ ਆਸਟ੍ਰੇਲੀਆ ਭੇਜੀ ਪਤਨੀ ਨੇ ਤੋੜ ਦਿੱਤੇ ਸੁਫ਼ਨੇ, ਸੋਚਿਆ ਨਾ ਸੀ ਕਰੇਗੀ ਇਹ ਕੁੱਝ

ਪੁਰਾਣੀ ਰੰਜਿਸ਼ ਕਾਰਨ ਵਾਪਰੀ ਘਟਨਾ

ਕੌਂਸਲਰ ਮਨਮੋਹਨ ਸਿੰਘ ਰਾਜੂ ਨੇ ਦੱਸਿਆ ਕਿ ਦੋਵੇਂ ਆਪਸ ਵਿਚ ਰਿਸ਼ਤੇਦਾਰ ਹਨ। ਪਹਿਲਾਂ ਵੀ ਦੋਵਾਂ ਵਿਚ ਵਿਵਾਦ ਹੁੰਦਾ ਰਿਹਾ ਹੈ। ਗੁਰਮੀਤ ਸਿੰਘ ਔਲਖ ਦੇ ਰਿਸ਼ਤੇਦਾਰ ਬਲਵਿੰਦਰ ਦਾ ਕੋਈ ਦੋਸਤ ਘਰ ਆਇਆ ਸੀ। ਮੁਲਜ਼ਮ ਗੁਰਮੀਤ ਸਿੰਘ ਵੱਲੋਂ ਮੋਟਰਸਾਈਕਲ ਅੰਦਰ-ਬਾਹਰ ਕਰਨ ਸਬੰਧੀ ਵਿਵਾਦ ਕੀਤਾ ਗਿਆ। ਬਲਵਿੰਦਰ ਨੇ ਵਿਵਾਦ ਨੂੰ ਟਾਲਣ ਦੀ ਕਾਫੀ ਕੋਸ਼ਿਸ਼ ਕੀਤੀ। ਬਲਵਿੰਦਰ ਮੁਤਾਬਕ ਗੁਰਮੀਤ ਔਲਖ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਤੋਂ ਬਾਅਦ ਲਾਇਸੈਂਸੀ ਰਿਵਾਲਵਰ ਨਾਲ ਫਾਇਰਿੰਗ ਕਰ ਦਿੱਤੇ। ਪਹਿਲਾ ਫਾਇਰ ਰਵਿੰਦਰ ਸੋਨੂੰ ਦੀ ਛਾਤੀ ਵਿਚ ਲੱਗਾ , ਦੂਜੀ ਗੋਲੀ ਬਲਵਿੰਦਰ ਨੂੰ ਅਤੇ ਤੀਜੀ ਉਸਦੀ ਮਾਤਾ ਨੂੰ ਲੱਗੀ। ਦੋਵਾਂ ਵਿਚ ਪੁਰਾਣੀ ਰੰਜਿਸ਼ ਪਹਿਲਾਂ ਤੋਂ ਹੀ ਚੱਲ ਰਹੀ ਸੀ।

ਇਹ ਵੀ ਪੜ੍ਹੋ : ਬਟਾਲਾ ’ਚ ਗੋਲ਼ੀ ਗੈਂਗ ਦੇ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਪੁਲਸ ਨੇ ਇੰਝ ਵਿਛਾਇਆ ਜਾਲ

 

Gurminder Singh

This news is Content Editor Gurminder Singh