ਲੜਕੀ ਨੇ ਬਲਾਤਕਾਰ ਕਰਨ ਦੀ ਕੋਸ਼ਿਸ਼ ਨੂੰ ਕਰ ਦਿੱਤਾ ਨਾਕਾਮ ਤਾਂ ਦੋਸ਼ੀਆਂ ਨੇ ਦੇ ਦਿੱਤਾ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਵਾਰਦਾਤ ਨੂੰ ਅੰਜਾਮ

08/10/2017 7:42:45 PM

ਅੰਮ੍ਰਿਤਸਰ (ਸੰਜੀਵ) — ਗੈਂਗਰੇਪ ਕਰਨ ਦਾ ਵਿਰੋਧ ਕਰਨ ਵਾਲੀ 18 ਸਾਲਾ ਲੜਕੀ ਦਾ ਕਤਲ ਕਰਨ ਦੀ ਨਿਯਤ ਨਾਲ ਉਸ 'ਤੇ  ਡੀਜ਼ਲ ਪਾ ਕੇ ਅੱਗ ਲਗਾਉਣ ਦੇ ਮਾਮਲੇ 'ਚ ਥਾਣਾ ਭਿੰਡੀਸੌਦਾ ਦੀ ਪੁਲਸ ਨੇ ਸ਼ੇਰਾ, ਸੱਭਾ, ਸ਼ੱਬੋ ਨਿਵਾਸੀ ਭਿੰਡੀ ਨੈਨ ਦੇ ਵਿਰੁੱਧ ਕੇਸ ਦਰਜ ਕੀਤਾ ਹੈ।
ਬੁਰੀ ਤਰ੍ਹਾਂ ਨਾਲ ਝੁਲਸ ਚੁੱਕੀ ਕੋਮਲ (ਕਾਲਪਨਿਕ ਨਾਂ) ਗੁਰੂ ਨਾਨਕ ਦੇਵ ਹਸਪਤਾਲ 'ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਉਸ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਬੀਤੀ ਸ਼ਾਮ ਉਸ ਦੇ ਮਾਂ-ਬਾਪ ਬਾਹਰ ਗਏ ਹੋਏ ਸਨ ਤੇ ਉਹ ਘਰ 'ਚ ਇਕੱਲੀ ਸੀ, ਇਸ ਦੌਰਾਨ ਉਕਤ ਦੋਸ਼ੀ ਸ਼ੇਰਾ ਤੇ ਸੱਭਾ ਜ਼ਬਰਦਸਤੀ ਉਸ ਦੇ ਘਰ 'ਚ ਦਾਖਲ ਹੋਏ ਤੇ ਉਸ ਨੂੰ ਘਸੀਟਦੇ ਹੋਏ ਕਮਰੇ 'ਚ ਲੈ ਗਏ, ਜਿਥੇ ਦੋਸ਼ੀਆਂ ਨੇ ਉਸ ਨਾਲ ਸਾਮੂਹਿਕ ਜ਼ਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ।
ਉਸ ਵਲੋਂ ਰੌਲਾ ਪਾਉਣ 'ਤੇ ਦੋਸ਼ੀ ਉਸ ਨੂੰ ਘਰ 'ਚ ਘਸਟੀਦੇ ਰਹੇ। ਇਸੇ ਦੌਰਾਨ ਦੋਸ਼ੀਆਂ ਦਾ ਤੀਜਾ ਸਾਥੀ ਸ਼ੱਬਾ ਵੀ ਆ ਗਿਆ, ਜਿਸ ਦੇ ਹੱਥ 'ਚ ਡੀਜ਼ਲ ਦੀ ਭਰੀ ਹੋਈ ਕੈਨੀ ਤੇ ਮਾਚਸ ਸੀ। ਉਕਤ ਦੋਸ਼ੀਆਂ ਨੇ ਸ਼ੱਬੇ ਦੇ ਹੱਥੋਂ ਡੀਜ਼ਲ ਦੀ ਕੈਨੀ ਫੜੀ ਤੇ ਪੀੜਤ ਲੜਕੀ 'ਤੇ ਡੀਜ਼ਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ। ਪੀੜਤ ਲੜਕੀ ਦੇ ਬੁਰੀ ਤਰ੍ਹਾਂ ਝੁਲਸ ਜਾਣ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ । ਪੁਲਸ ਨੇ ਮਾਮਲਾ ਦਰਜ  ਕਰ ਲਿਆ ਹੈ ਤੇ ਉਕਤ ਦੋਸ਼ੀਆਂ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਹੈ।