ਹੁਣ B.Sc ਵਿਦਿਆਰਥਣ ਨਾਲ ਹੋਇਆ ਗੈਂਗਰੇਪ (ਵੀਡੀਓ)

05/28/2019 11:33:57 AM

ਫਤਿਹਗੜ੍ਹ ਸਾਹਿਬ (ਜੱਜੀ,ਵਿਪਨ): ਸਰਹਿੰਦ ਦੀ ਇਕ ਲੜਕੀ ਨਾਲ 3 ਲੜਕਿਆ ਵੱਲੋਂ ਗੈਂਗਰੇਪ ਕੀਤੇ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਡੀ. ਐੱਸ. ਪੀ. ਜਾਂਚ ਜਸਵਿੰਦਰ ਸਿੰਘ ਟਿਵਾਣਾ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਸਰਹਿੰਦ ਦੀ ਲੜਕੀ ਨੇ ਦਰਖਾਸਤ ਦਿੱਤੀ ਸੀ ਕਿ ਉਹ ਬੀ. ਐੱਸ. ਸੀ. ਦੀ ਪੜ੍ਹਾਈ ਕਰਦੀ ਹੈ। ਉਸਦੇ ਨਾਲ ਪੜ੍ਹਦੀ ਇਕ ਲੜਕੀ ਦੇ ਭਰਾ ਦੇ ਵਿਆਹ ਵਿਚ ਜਨਵਰੀ 2019 ਵਿਚ ਉਹ ਆਪਣੇ ਪਰਿਵਾਰ ਸਮੇਤ ਗਈ ਸੀ। ਉਸ ਤੋਂ ਕੁਝ ਦਿਨ ਬਾਅਦ ਇਕ ਲੜਕੇ ਦਾ ਵਟਸਅੱਪ 'ਤੇ ਹੈਲੋ ਦਾ ਮੈਸੇਜ ਆਇਆ ਅਤੇ ਉਸਨੇ ਉਕਤ ਨੰਬਰ ਬਲਾਕ ਕਰ ਦਿੱਤਾ। ਫਿਰ ਕਰਨਦੀਪ ਸਿੰਘ ਨੇ ਉਸ ਨੂੰ ਫੋਨ ਕੀਤੇ ਤਾਂ ਉਸ ਨੇ ਉਹ ਫੋਨ ਅਟੈਂਡ ਨਹੀਂ ਕੀਤੇ।

ਉਸ ਤੋਂ ਕੁਝ ਦਿਨ ਬਾਅਦ ਉਨ੍ਹਾਂ ਦੀ ਆਪਸ ਵਿਚ ਗੱਲਬਾਤ ਸ਼ੁਰੂ ਹੋ ਗਈ ਅਤੇ ਉਹ ਦੋਸਤ ਬਣ ਗਏ। ਉਸ ਤੋਂ ਬਾਅਦ ਉਹ ਫਰਵਰੀ 2019 ਦੇ ਅਖੀਰਲੇ ਹਫਤੇ ਮੈਕਡੋਨਲ ਰਾਜਪੁਰਾ ਗਏ। ਜਦੋਂ ਉਹ ਵਾਪਸ ਫਤਿਹਗੜ੍ਹ ਸਾਹਿਬ ਆਉਣ ਲੱਗੇ ਤਾਂ ਕਰਨਦੀਪ ਨੇ ਉਸਨੂੰ ਕੁਝ ਪੀਣ ਲਈ ਦਿੱਤਾ ਤਾਂ ਉਹ ਬੇਹੋਸ਼ ਹੋ ਗਈ, ਜਦੋਂ ਉਸਨੂੰ ਹੋਸ਼ ਆਇਆ ਤਾਂ ਉਹ ਕੱਪੜਿਆਂ ਵਿਚ ਨਹੀਂ ਸੀ ਅਤੇ ਉਸ ਵੇਲੇ ਉਸਨੂੰ ਫਤਿਹਗੜ੍ਹ ਛੱਡ ਦਿੱਤਾ ਸੀ। ਉਸ ਤੋਂ ਬਾਦ ਹੁਣ ਉਸ ਨੂੰ 23 ਮਈ ਨੂੰ ਕਰਨਦੀਪ ਦਾ ਮੈਸੇਜ ਆਇਆ ਕਿ ਉਹ ਉਸ ਨੂੰ ਮਿਲੇ ਨਹੀਂ ਤਾਂ ਉਹ ਉਸਦੀ ਵੀਡਿਓ ਵਾਇਰਲ ਕਰ ਦੇਵੇਗਾ। ਫਤਿਹਗੜ੍ਹ ਸਾਹਿਬ ਵਿਖੇ ਕਰਨਦੀਪ ਨੇ ਉਸ ਨੂੰ ਉਸ ਦੀ ਵੀਡਿਓ ਦਿਖਾਈ। ਉਸ ਵੇਲੇ ਕਰਨਦੀਪ ਦੇ ਨਾਲ ਕਮਲਜੋਤ ਸਿੰਘ ਉਰਫ ਵਿੱਕੀ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਜਲਵੇਹੜਾ ਅਤੇ ਗੁਰਵਿੰਦਰ ਸਿੰਘ ਉਰਫ ਮਾਨਾ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਫਤਿਹਪੁਰ ਜੱਟਾਂ ਵੀ ਸਨ। ਜਦੋਂ ਉਸ ਨੇ ਉਕਤ ਵਿਅਕਤੀਆਂ ਬਾਰੇ ਕਰਨਦੀਪ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਕਤ ਵਿਅਕਤੀਆਂ ਨੇ ਰਸਤੇ ਵਿਚ ਉਤਰ ਜਾਣਾ ਹੈ ਪਰ ਉਸਨੂੰ ਮੋਹਾਲੀ ਦੇ ਇਕ ਫਲੈਟ ਵਿਚ ਲੈ ਗਏ ਜਿਥੇ ਉਸਨੂੰ ਪੀਣ ਵਾਲੇ ਪਾਣੀ 'ਚ ਕੁਝ ਪਿਲਾ ਕੇ ਬੇਹੋਸ਼ ਕਰ ਕੇ ਉਕਤ ਤਿੰਨੇ ਵਿਅਕਤੀਆਂ ਨੇ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਉਕਤ ਤਿੰਨੇ ਵਿਅਕਤੀਆਂ ਖਿਲਾਫ ਆਈ. ਪੀ. ਸੀ ਦੀ ਧਾਰਾ 376 ਡੀ ਦੇ ਤਹਿਤ ਜ਼ੀਰੋ ਨੰਬਰ ਮਾਮਲਾ ਦਰਜ ਕਰ ਕੇ ਜ਼ਿਲਾ ਮੋਹਾਲੀ ਪੁਲਸ ਨੂੰ ਭੇਜ ਦਿੱਤਾ ਗਿਆ ਹੈ। ਕਿਉਂਕਿ ਇਹ ਮਾਮਲਾ ਉਥੇ ਦਾ ਹੈ ਇਸ ਲਈ ਇਸ ਨੂੰ ਮੋਹਾਲੀ ਪੁਲਸ ਦੇਖੇਗੀ।

Shyna

This news is Content Editor Shyna