ਲੁਧਿਆਣਾ ਗੈਂਗਰੇਪ ਮਾਮਲੇ ''ਚ ਮਹਿਲਾ ਕਮਿਸ਼ਨ ਸਖਤ, ਕੀਤਾ ਜਾਂਚ ਟੀਮ ਦਾ ਗਠਨ

02/12/2019 6:39:38 PM

ਲੁਧਿਆਣਾ : ਬੀਤੇ ਦਿਨੀਂ ਲੁਧਿਆਣਾ ਦੇ ਦਾਖਾ ਵਿਚ ਹੋਏ ਇਕ ਲੜਕੀ ਨਾਲ ਸਮੂਹਿਕ ਜਬਰ-ਜ਼ਨਾਹ ਦੇ ਮਾਮਲੇ ਵਿਚ ਕੌਮੀ ਮਹਿਲਾ ਕਮਿਸ਼ਨ ਨੇ ਖੁਦ ਨੋਟਿਸ ਲੈਂਦਿਆਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ ਅਤੇ ਜਲਦ ਇਸ ਦੀ ਰਿਪੋਰਟ ਕੌਮੀ ਮਹਿਲਾ ਕਮਿਸ਼ਨ ਨੂੰ ਦੇਵੇਗੀ। ਕੌਮੀ ਮਹਿਲਾ ਕਮਿਸ਼ਨ ਡੀ. ਜੀ. ਪੀ. ਪੰਜਾਬ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿਚ ਸਖਤ ਕਾਰਵਾਈ ਕਰਨ ਅਤੇ ਪੂਰੀ ਰਿਪੋਰਟ ਦੇਣ ਲਈ ਵੀ ਕਿਹਾ ਹੈ। 
ਦੱਸਣਯੋਗ ਹੈ ਕਿ ਦਾਖਾ ਹਲਕੇ ਵਿਚ ਸ਼ਨੀਵਾਰ ਦੇਰ ਰਾਤ ਇਕ ਲੜਕੀ ਨੂੰ ਬੰਧਕ ਬਣਾ ਕੇ 11 ਨੌਜਵਾਨਾਂ ਵਲੋਂ ਸਮੂਹਿਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਥੋਂ ਦੇ ਪਾਸ਼ ਇਲਾਕੇ ਦੇ ਕੁੜੀ-ਮੁੰਡਾ ਸ਼ਨੀਵਾਰ ਰਾਤ ਸਾਢੇ ਅੱਠ ਵਜੇ ਕਾਰ 'ਚ ਸਵਾਰ ਹੋ ਕੇ ਸਾਊਥ ਸਿਟੀ ਵੱਲ ਨਿਕਲੇ ਸਨ। ਕਾਰ 'ਚ ਖਾਂਦੇ-ਪੀਂਦੇ ਤੇ ਘੁੰਮਦੇ ਹੋਏ ਇੱਸੋਵਾਲ ਪਿੰਡ 'ਚ ਸੁੰਨਸਾਨ ਜਗ੍ਹਾ 'ਤੇ ਪਹੁੰਚ ਗਏ। ਇਸ ਦੌਰਾਨ ਉਥੇ ਦੋ ਮੋਟਰਸਾਈਕਲਾਂ 'ਤੇ ਸਵਾਰ ਪੰਜ ਨੌਜਵਾਨ ਪਹੁੰਚੇ ਅਤੇ ਇੱਟਾਂ ਮਾਰ ਕੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ। ਦੋਵਾਂ ਨੂੰ ਜ਼ਬਰਨ ਕਾਰ 'ਚੋਂ ਖਿੱਚ ਕੇ ਬਾਹਰ ਕੱਢ ਲਿਆ। ਇਸ ਤੋਂ ਬਾਅਦ ਨੌਜਵਾਨ ਦੋਵਾਂ ਨੂੰ ਅਗਵਾ ਕਰਕੇ ਇਕ ਫਾਰਮ ਹਾਊਸ 'ਚ ਲੈ ਗਏ ਅਤੇ ਉਥੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਲਿਆ ਅਤੇ ਵਾਰੀ ਵਾਰੀ ਲੜਕੀ ਨਾਲ ਬਲਾਤਕਾਰ ਕੀਤਾ। 
ਹੁਣ ਤੁਕ ਪੁਲਸ ਨੇ ਕਾਰਵਾਈ ਕਰਦੇ ਹੋਏ ਇਸ ਮਾਮਲੇ ਵਿਚ ਦੋ ਕਥਿਤ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ ਹੈ। ਇਸ ਦੇ ਨਾਲ ਹੀ ਦਾਖਾ ਥਾਣੇ ਦੇ ਏ. ਐੱਸ. ਆਈ. ਵਿੱਦਿਆ ਰਤਨ ਨੂੰ ਡਿਊਟੀ ਵਿਚ ਕੋਤਾਹੀ ਵਰਤਣ ਦੇ ਚੱਲਦੇ ਸਸਪੈਂਡ ਕਰ ਦਿੱਤਾ ਗਿਆ ਹੈ।

Gurminder Singh

This news is Content Editor Gurminder Singh