ATM ਬਦਲ ਕੇ ਬੈਂਕ ਖਾਤਿਆਂ ’ਚੋਂ ਪੈਸਾ ਕਢਵਾਉਣ ਵਾਲਾ ਗਿਰੋਹ ਕੀਤਾ ਕਾਬੂ, 22 ਕਾਰਡ ਬਰਾਮਦ

07/17/2023 1:38:09 AM

ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਪੁਲਸ ਨੇ ਏ.ਟੀ.ਐੱਮ. ਬਦਲ ਕੇ ਭੋਲੇ-ਭਾਲੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਫ਼ ਕੀਤਾ ਹੈ। ਇਹ ਗਿਰੋਹ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਅਤੇ ਹਰਿਆਣਾ ਵਿਚ ਸਰਗਰਮ ਸੀ। ਪੁਲਸ ਨੇ ਖੁਫ਼ੀਆ ਸੂਚਨਾ ਦੇ ਆਧਾਰ ’ਤੇ ਇਸ ਗਿਰੋਹ ਦੇ ਮੁੱਖ ਸਰਗਣਾ ਨਿਖਿਲ ਠਾਕੁਰ ਪੁੱਤਰ ਬਚਿੱਤਰ ਸਿੰਘ ਵਾਸੀ ਹਮੀਰਪੁਰ, ਹਿਮਾਚਲ ਪ੍ਰਦੇਸ਼ ਹਾਲ ਵਾਸੀ ਫਲੈਟ ਨੰਬਰ 501, ਬਲਾਕ ਐਕਸ, ਜੂਪੁਰੀਆ ਸਨਰਾਈਜ਼ ਗਰੀਨ, ਵੀ.ਆਈ.ਪੀ. ਰੋਡ ਜ਼ੀਰਕਪੁਰ ਅਤੇ ਉਸ ਦੇ ਦੋ ਸਾਥੀਆਂ, ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਿਲ ਹੈ, ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਕੇਦਾਰਨਾਥ ਮੰਦਰ ’ਚ ਮੋਬਾਇਲ ਲਿਜਾਣ, ਫੋਟੋਆਂ ਖਿੱਚਣ ਤੇ ਵੀਡੀਓ ਬਣਾਉਣ ’ਤੇ ਲੱਗੀ ਪਾਬੰਦੀ

ਨਿਖਿਲ ਠਾਕੁਰ ਹਿਸਟਰੀ ਸ਼ੀਟਰ ਹੈ ਅਤੇ ਉਹ ਢਕੌਲੀ ਵਾਸੀ ਸੋਨੂੰ ਮਹਿਤਾ ਅਤੇ ਇਕ ਦੀਕਸ਼ਾ ਨਾਂ ਦੀ ਔਰਤ ਨਾਲ ਰਲ ਕੇ ਏ. ਟੀ. ਐੱਮ. ਵਿਚ ਪੈਸੇ ਕਢਵਾਉਣ ’ਚ ਅਸਮਰੱਥ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸੀ ਅਤੇ ਉਨ੍ਹਾਂ ਦੇ ਏ.ਟੀ.ਐੱਮ. ਕਾਰਡ ਬਦਲ ਕੇ ਉਨ੍ਹਾਂ ਦੇ ਬੈਂਕ ਖਾਤਿਆਂ ’ਚੋਂ ਪੈਸਾ ਕਢਵਾ ਲੈਂਦੇ ਸਨ। ਇਨ੍ਹਾਂ ਖ਼ਿਲਾਫ਼ ਬਲਟਾਣਾ ਚੌਕੀ ਵਿਚ ਆਈ ਸ਼ਿਕਾਇਤ ਤੋਂ ਬਾਅਦ ਪੁਲਸ ਵੱਲੋਂ ਕਾਰਵਾਈ ਕੀਤੀ ਗਈ ਹੈ। ਉਕਤ ਦੋਸ਼ੀਆਂ ਖਿਲਾਫ਼ ਜ਼ੀਰਕਪੁਰ ਥਾਣੇ ਵਿਚ ਆਈ.ਪੀ.ਸੀ. 379, 420, 120ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਤਿੰਨਾਂ ਦੋਸ਼ੀਆਂ ਨੂੰ ਡੇਰਾਬੱਸੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਦੋ ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 3 ਫੁੱਟ ਵਹਿ ਰਿਹੈ ਉੱਪਰ, ਸਹਿਮੇ ਮਾਨਸਾ ਦੇ ਲੋਕ

Manoj

This news is Content Editor Manoj