ਪਾਰਸਲਾਂ ’ਚ ਨਸ਼ੇ ਵਾਲੇ ਪਦਾਰਥ ਪੈਕ ਕਰਕੇ ਵਿਦੇਸ਼ਾਂ ’ਚ ਸਮੱਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਦੋ ਗ੍ਰਿਫ਼ਤਾਰ

06/24/2023 6:28:24 PM

ਸੁਲਤਾਨਪੁਰ ਲੋਧੀ (ਸੋਢੀ)-ਐੱਸ. ਐੱਸ. ਪੀ. ਕਪੂਰਥਲਾ ਰਾਜਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਚਲਾਈ ਸਪੈਸ਼ਲ ਮੁਹਿੰਮ ਤਹਿਤ ਐੱਸ. ਪੀ. ਡੀ. ਕਪੂਰਥਲਾ ਰਮਨਿੰਦਰ ਸਿੰਘ ਤੇ ਡੀ. ਐੱਸ. ਪੀ. ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੀ ਰਹਿਨੁਮਾਈ ’ਚ ਫੱਤੂਢੀਂਗਾ ਪੁਲਸ ਨੇ ਵਿਦੇਸ਼ਾਂ ਵਿਚ ਨਸ਼ੇ ਵਾਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਸਮੱਗਲਰਾਂ ਨੂੰ ਕਾਬੂ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਡਿਊਟੀ ਤੋਂ ਪਰਤਦਿਆਂ ASI ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ

ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਬਬਨਦੀਪ ਸਿੰਘ ਲੁਬਾਣਾ ਨੇ ਅੱਜ ਇਥੇ ਗੱਲਬਾਤ ਕਰਦਿਆਂ ਦੱਸਿਆ ਕਿ ਥਾਣਾ ਫੱਤੂਢੀਂਗਾ ਪੁਲਸ ਨੇ ਪਾਰਸਲਾਂ ਵਿਚ ਨਸ਼ੇ ਵਾਲੇ ਪਦਾਰਥ ਪੈਕ ਕਰਕੇ ਵਿਦੇਸ਼ਾਂ ’ਚ ਸਮੱਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਤੇ ਥਾਣਾ ਫੱਤੂਢੀਂਘਾ ਦੇ ਐੱਸ. ਐੱਚ. ਓ. ਐੱਸ. ਆਈ. ਕੰਵਰਜੀਤ ਸਿੰਘ ਬੱਲ ਦੀ ਅਗਵਾਈ ’ਚ 2 ਮੁਲਜ਼ਮਾਂ ਨੂੰ 120 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੁਲਸ ਮੁਖੀ ਰਾਜਪਾਲ ਸਿੰਘ ਸੰਧੂ ਦੀ ਅਗਵਾਈ ’ਚ ਪੁਲਸ ਨੂੰ ਵੱਖ-ਵੱਖ ਦੇਸ਼ਾਂ ’ਚ ਪਾਰਸਲ ਪੈਕ ਕਰਕੇ ਨਸ਼ਾ ਸਪਲਾਈ ਕਰਨ ਸਬੰਧੀ ਸੂਚਨਾ ਮਿਲੀ ਸੀ, ਜਿਸ ’ਤੇ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਨੇ ਸਬ-ਡਵੀਜ਼ਨ ਦੇ ਸਾਰੇ ਥਾਣਿਆਂ ਦੀ ਪੁਲਸ ਨੂੰ ਅਲਰਟ ਕਰ ਦਿੱਤਾ ਸੀ ਤੇ ਆਖਿਰ ਇਸ ਧੰਦੇ ਵਿਚ ਲੱਗੇ ਮੁਲਜ਼ਮ ਵਿਦੇਸ਼ ਭੇਜਣ ਲਈ ਪੈਕ ਕੀਤੇ ਗਏ ਪਾਰਸਲ ਸਮੇਤ ਕਾਬੂ ਕਰ ਲਏ ਗਏ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਇਹ 2 ਟੋਲ ਪਲਾਜ਼ੇ ਵੀ ਕਰਨ ਜਾ ਰਹੀ ਬੰਦ

ਡੀ. ਐੱਸ. ਪੀ. ਬਬਨਦੀਪ ਸਿੰਘ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸ. ਆਈ. ਕੰਵਰਜੀਤ ਸਿੰਘ ਬੱਲ ਮੁੱਖ ਅਫਸਰ ਥਾਣਾ ਫੱਤੂਢੀਂਗਾ ਦੀ ਨਿਗਰਾਨੀ ਹੇਠ ਏ. ਐੱਸ. ਆਈ. ਗੁਰਸ਼ਰਨ ਸਿੰਘ ਸਮੇਤ ਪੁਲਸ ਪਾਰਟੀ ਵੱਲੋਂ ਨਾਕਾਬੰਦੀ ਅਤੇ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਕ ਗੱਡੀ ਮਾਰਕਾ ਵਰਨਾ ਰੰਗ ਚਿੱਟਾ ਨੰਬਰੀ ਪੀ. ਬੀ. 09 ਵਾਈ 9128 ਨੂੰ ਸ਼ੱਕ ਪੈਣ ’ਤੇ ਰੋਕ ਕੇ ਚੈੱਕ ਕੀਤਾ, ਤਾਂ ਉਸ ’ਚੋਂ 120 ਗ੍ਰਾਮ ਅਫੀਮ ਤੇ ਪਾਰਸਲ ਸਮੇਤ ਹੋਰ ਸਾਮਾਨ ਬਰਾਮਦ ਹੋਇਆ। ਗੱਡੀ ਸਵਾਰ ਮੁਲਜ਼ਮਾਂ ਦੀ ਪਛਾਣ ਰੋਹਿਤ ਪੁੱਤਰ ਜਸਪਾਲ ਸਿੰਘ ਵਾਸੀ ਮੈਰੀਪੁਰ ਥਾਣਾ ਸੁਲਤਾਨਪੁਰ ਲੋਧੀ (ਜ਼ਿਲਾ ਕਪੂਰਥਲਾ) ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮੰਗਲ ਸਿੰਘ ਵਾਸੀ ਕੁਤਬੇਵਾਲ ਥਾਣਾ ਤਲਵੰਡੀ ਚੌਧਰੀਆਂ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ। ਪੁਲਸ ਨੇ ਉਕਤ ਮੁਲਜ਼ਮਾਂ ਖਿਲਾਫ ਥਾਣਾ ਫੱਤੂਢੀਂਗਾ ’ਚ ਮੁਕੱਦਮਾ ਦਰਜ ਕੀਤਾ ਹੈ।

 ਯੂ. ਕੇ. ਭੇਜਣਾ ਸੀ ਅਫੀਮ ਦਾ ਪਾਰਸਲ : ਡੀ. ਐੱਸ. ਪੀ.

ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਬਬਨਦੀਪ ਸਿੰਘ ਨੇ ਹੋਰ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਰੋਹਿਤ ਪੁੱਤਰ ਜਸਪਾਲ ਸਿੰਘ ਵਾਸੀ ਮੈਰੀਪੁਰ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮੰਗਲ ਸਿੰਘ ਕੋਲੋਂ ਨਸ਼ਾ ਸਮੱਗਲਿੰਗ ਸਬੰਧੀ ਹੋਰ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਹੁਣ ਤੱਕ ਕਿਹੜੇ-ਕਿਹੜੇ ਦੇਸ਼ਾਂ ’ਚ ਇਸ ਤਰ੍ਹਾਂ ਦੇ ਪਾਰਸਲ ਬਣਾ ਕੇ ਨਸ਼ੇ ਵਾਲੇ ਪਦਾਰਥ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਦੌਰਾਨੇ ਤਫਤੀਸ਼ ਉਕਤ ਦੋਵੇਂ ਮੁਲਜ਼ਮਾਂ ਵੱਲੋਂ ਇੰਕਸ਼ਾਫ ਕੀਤਾ ਗਿਆ ਕਿ ਉਹ ਅਫੀਮ ਦੇ ਪਾਰਸਲ ਤਿਆਰ ਕਰ ਕੇ ਇਸ ਨੂੰ ਹੋਰ ਸਾਮਾਨ ’ਚ ਹੀ ਪੈਕ ਕਰਕੇ ਵਿਦੇਸ਼ਾਂ ਨੂੰ ਇੰਡੀਆ ਪੋਸਟ ਰਾਹੀਂ ਵਿਦੇਸ਼ ਭੇਜਦੇ ਸਨ, ਇਹ ਅਫੀਮ ਦਾ ਪਾਰਸਲ ਵੀ ਉਨ੍ਹਾਂ ਵੱਲੋਂ ਪੈਕ ਕਰਕੇ ਯੂ. ਕੇ. ਭੇਜਿਆ ਜਾਣਾ ਸੀ। ਦੌਰਾਨੇ ਪੁੱਛਗਿੱਛ ਨਸ਼ੇ ਦੀ ਸਮੱਗਲਿੰਗ ਸਬੰਧੀ ਹੋਰ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਥਾਣਾ ਫੱਤੂਢੀਂਗਾ ਦੇ ਮੁਖੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰੀ ਕਿਸੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ।

Manoj

This news is Content Editor Manoj