ਖਾਲਿਸਤਾਨ ਦੇ ਸਮੱਰਥਕਾਂ ਨੂੰ ਗਾਲੀ-ਗਲੋਚ ਕਰਨ ਦੀ ਵੀਡੀਓ ਦਾ ਸਮਰਥਨ ਕਰਨ ਵਾਲਾ ਸ਼ਿਵ ਸੈਨਕ ਗ੍ਰਿਫਤਾਰ

08/21/2018 6:39:35 AM

ਜਲੰਧਰ,   (ਵਰੁਣ)-  ਖਾਲਿਸਤਾਨ ਦੇ ਸਮਰਥਕਾਂ ਨੂੰ  ਗਾਲੀ-ਗਲੋਚ ਕਰਨ ਤੇ ਸਿੱਖ ਸਮਾਜ ਦੀ ਸ਼ਾਨ ਖਿਲਾਫ ਕਹੀਅਾਂ ਗੱਲਾਂ ਦੀ ਵਾਇਰਲ ਹੋਈ ਵੀਡੀਓ ਦਾ ਸਮਰਥਨ ਕਰਨ ਵਾਲੇ ਸ਼ਿਵ ਸੈਨਾ ਨੇਤਾ ਸੌਰਵ ਭਗਤ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਸਿੱਖ ਸੰਗਠਨ ਪਹਿਲਾਂ ਵਾਇਰਲ ਹੋਈ ਵੀਡੀਓ ਨੂੰ ਬਣਾਉਣ ਵਾਲੇ ਸ਼ਿਵ ਸੈਨਾ ਸਮਾਜਵਾਦੀ ਦੇ ਯੂਥ ਮੁਖੀ ਪੰਜਾਬ ਨੂੰ ਸੋਸ਼ਲ ਮੀਡੀਆ ’ਤੇ ਧਮਕਾਇਆ ਤਾਂ ਬੰਟੀ ਦੇ ਕਰੀਬੀ ਸੌਰਵ ਭਗਤ ਨੇ ਐੱਫ. ਬੀ. ’ਤੇ ਲਾਈਵ ਹੋ ਕੇ ਦੁਬਾਰਾ ਤੋਂ ਖਾਲਿਸਤਾਨ ਸਮੱਰਥਕਾਂ ਨੂੰ ਗਾਲੀ-ਗਲੋਚ ਕੀਤਾ ਜਦਕਿ ਹਿੰਦੂ-ਸਿੱਖ ਏਕਤਾ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ।
ਸੌਰਵ ਭਗਤ ਵਾਸੀ ਅਵਤਾਰ ਨਗਰ ਨੇ ਸੁਨੀਲ ਕੁਮਾਰ ਬੰਟੀ ਦੀ ਵੀਡੀਓ ਨੂੰ ਸਮਰਥਨ ਦਿੰਦਿਅਾਂ ਕਿਹਾ ਕਿ ਬੰਟੀ ਨੇ ਸਿਰਫ ਖਾਲਿਸਤਾਨ ਬਾਰੇ ਬੋਲਿਆ ਸੀ ਪਰ ਹਿੰਦੂ-ਸਿੱਖ ਏਕਤਾ ਹਮੇਸ਼ਾ ਬਣੀ ਰਹੇਗੀ ਤੇ ਅਸੀਂ ਵੀ ਹਿੰਦੂ-ਸਿੱਖ ਏਕਤਾ ਦੇ ਹੱਕ ’ਚ ਹਾਂ। ਇਸੇ ਵੀਡੀਓ ’ਚ ਸੌਰਵ ਨੇ ਖਾਲਿਸਤਾਨ  ਦੇ ਸਮੱਰਥਕਾਂ ਨੂੰ ਜਮ ਕੇ ਗਾਲੀ-ਗਲੋਚ ਕੀਤਾ। ਵੀਡੀਓ ’ਚ ਸੌਰਵ ਭਗਤ ਨੇ ਖੁਦ ਦਾ ਸਾਰਾ ਪਤਾ ਵੀ ਦੱਸਿਆ ਪਰ ਜਿਵੇਂ ਹੀ ਵੀਡੀਓ ਫੇਸਬੁੱਕ ’ਤੇ ਅਪਲੋਡ ਹੋਈ ਤਾਂ ਕੁਝ ਸਿੱਖ ਸੰਗਠਨਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।  ਮਾਮਲਾ ਥਾਣਾ ਭਾਰਗਵ ਕੈਂਪ ਥਾਣੇ ਪਹੁੰਚਿਆ ਤਾਂ ਥਾਣੇ ’ਚ ਭੀੜ ਇਕੱਠੀ ਹੋ ਗਈ।
ਉਥੇ, ਏ. ਸੀ. ਪੀ. ਦੀ ਸਪੈਸ਼ਲ ਟੀਮ ਦੇ ਮੈਂਬਰ ਅਮਿਤ ਤੇ ਗੋਪੀ ਨੂੰ ਸੂਚਨਾ ਮਿਲੀ ਕਿ ਸਿੱਖ ਸਮਾਜ ਦੇ ਕੁਝ ਲੋਕ ਸੌਰਵ ਭਗਤ ਦੇ ਘਰ ਜਾ ਰਹੇੇ ਹਨ ਤੇ ਮਾਮਲਾ ਵਿਗੜ ਸਕਦਾ ਹੈ। ਅਜਿਹੇ ’ਚ ਤੁਰੰਤ ਇਕ ਟੀਮ ਨੇ ਸੌਰਵ ਭਗਤ ਦੇ ਘਰ ਪਹੁੰਚ ਕੇ ਉਸ ਨੂੰ ਪਹਿਲਾਂ ਹੀ ਹਿਰਾਸਤ ’ਚ ਲੈ ਲਿਆ ਤੇ ਸਹੀ ਸਲਾਮਤ ਉਸ ਨੂੰ ਥਾਣਾ ਭਾਰਗਵ ਕੈਂਪ ਲੈ ਗਏ। ਥਾਣੇ ’ਚ ਵੀ ਸੌਰਵ ਭਗਤ ਨੇ ਕਾਫੀ ਹੰਗਾਮਾ ਕੀਤਾ, ਜਿਸ ਤੋਂ ਬਾਅਦ ਉਸ ਨੂੰ ਥਾਣਾ ਨੰ. 6 ’ਚ ਸ਼ਿਫਟ ਕੀਤਾ ਗਿਆ। ਥਾਣਾ ਭਾਰਗਵ ਕੈਂਪ ਦੇ ਮੁਖੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਕੇਸ ’ਚ ਥਾਣਾ ਨੰ. 6 ’ਚ ਪਹਿਲਾਂ ਹੀ ਕੇਸ ਦਰਜ ਹੈ ਜਿਸ ਕਾਰਨ ਸੌਰਵ ਨੂੰ ਉਥੇ ਸ਼ਿਫਟ ਕੀਤਾ ਗਿਆ ਹੈ। ਪੁਲਸ ਨੇ ਸੌਰਵ ਦੀ ਗ੍ਰਿਫਤਾਰੀ ਧਾਰਾ 120 ਬੀ. ’ਚ ਪਾਈ ਹੈ, ਜਿਸ ਨੂੰ ਮੰਗਲਵਾਰ ਸਵੇਰੇ ਕੋਰਟ ’ਚ ਪੇਸ਼ ਕੀਤਾ ਜਾਵੇਗਾ। ਸੌਰਵ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਸ ਨੇ 120 ਬੀ. ’ਚ ਹੀ ਸ਼ਿਵ ਸੈਨਾ ਸਮਾਜਵਾਦੀ ਦੇ ਨੇਤਾ ਨਰਿੰਦਰ ਥਾਪਰ ਸਮੇਤ 4 ਹੋਰ ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਥਾਣਾ ਨੰ. 6 ਮੁਖੀ ਓਂਕਾਰ ਸਿੰਘ ਬਰਾੜ ਨੇ ਕਿਹਾ ਕਿ ਨਰਿੰਦਰ ਥਾਪਰ ਤੋਂ ਇਲਾਵਾ ਅਸ਼ਵਨੀ ਬੰਟੀ, ਅਜੇ ਚੌਹਾਨ ਤੇ ਸਾਹਿਲ ਨੂੰ ਧਾਰਾ 120 ਬੀ. ਤਹਿਤ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਬੰਟੀ ਦੇ ਘਰ ਪਹੁੰਚੇ ਸਿੱਖ ਸੰਗਠਨ ਦੇ ਮੈਂਬਰ, ਬੋਲੇ- ਟੋਟੇ ਕਰ ਕੇ ਪੂਰੇ  ਸ਼ਹਿਰ ’ਚ ਖਿਲਾਰ ਦੇਣੇ
ਸ਼ਿਵ ਸੈਨਾ ਸਮਾਜਵਾਦੀ ਦਾ ਯੂਥ ਪ੍ਰਧਾਨ ਪੰਜਾਬ ਸੁਨੀਲ ਬੰਟੀ  ਕੇੇਸ ਦਰਜ ਹੋਣ ਤੋਂ ਬਾਅਦ ਫਰਾਰ ਹੈ। ਉਥੇ ਸੋਮਵਾਰ ਨੂੰ ਸਿੱਖ ਸੰਗਠਨ ਦੇ ਕੁਝ ਲੋਕ ਸੁਨੀਲ ਬੰਟੀ ਦੇ ਘਰ ਪਹੁੰਚੇ ਪਰ ਉਥੇ ਤਾਲਾ ਲੱਗਾ ਹੋਇਆ ਸੀ। ਇਨ੍ਹਾਂ ਲੋਕਾਂ ਨੇ ਉਥੇ ਵੀਡੀਓ ਵੀ ਬਣਾਈ, ਜਿਸ ’ਚ ਸਿੱਖ ਸੰਗਠਨ ਦੇ ਮੈਂਬਰ ਬੰਟੀ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ ਤੇ ਉਸ ਦੇ ਟੋਟੇ ਕਰਨ ਦੀ ਗੱਲ ਕਹਿ ਰਹੇ ਹਨ। ਉਨ੍ਹਾਂ ਬੰਟੀ ਨੂੰ ਸਬਕ ਸਿਖਾਉਣ ਦੀ ਗੱਲ ਕਹੀ ਹੈ। ਵੀਡੀਓ ’ਚ ਉਨ੍ਹਾਂ ਨੇ ਸਾਫ ਕਿਹਾ ਕਿ ਬੰਟੀ ਜਿੰਨੀ ਮਰਜ਼ੀ ਪੁਲਸ ਪ੍ਰੋਟੈਕਸ਼ਨ ਲੈ ਲਵੇ ਪਰ ਉਸ ਨੂੰ ਲੱਭ ਲਿਆ ਜਾਵੇਗਾ ਤੇ ਟੋਟੇ ਕਰ ਕੇ ਪੂਰੇ ਸ਼ਹਿਰ ’ਚ ਖਿਲਾਰ ਦੇਵਾਂਗੇ।

ਰੈਫਰੈਂਡਮ 2020 ਦਾ ਵਿਰੋਧ ਕਰਨ ’ਤੇ ਝੂਠੇ ਕੇਸ ’ਚ ਫਸਾਇਆ : ਨਰਿੰਦਰ ਥਾਪਰ
ਇਸ ਸਬੰਧੀ ਜਦੋਂ ਸ਼ਿਵ ਸੈਨਾ ਸਮਾਜਵਾਦੀ ਦੇ ਨੇਤਾ ਨਰਿੰਦਰ ਥਾਪਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਝੂਠੇ ਕੇਸ ’ਚ ਫਸਾਇਆ ਗਿਆ ਹੈ। ਉਹ ਲਗਾਤਾਰ ਰੈਫਰੈਂਡਮ 2020 ਦਾ ਵਿਰੋਧ ਕਰਦੇ ਆ ਰਹੇ ਹਨ। ਇਸੇ ਕਾਰਨ ਸ਼ਿਕਾਇਤ ’ਚ ਉਨ੍ਹਾਂ ਦਾ ਨਾਂ ਦਿੱਤਾ ਗਿਆ ਜਦਕਿ ਵੀਡੀਓ ’ਚ ਉਹ ਹੈ ਹੀ ਨਹੀਂ। ਉਨ੍ਹਾਂ ਕਿਹਾ ਕਿ ਪੁਲਸ ਅਧਿਕਾਰੀ ਇਸ ਕੇਸ ਦੀ ਖੁਦ ਜਾਂਚ ਕਰਨ, ਉਨ੍ਹਾਂ ਦੀ ਕੋਈ ਵੀ ਭੂਮਿਕਾ ਸਾਹਮਣੇ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਟੋਟਕੇ ਕਰ ਕੇ ਕੋਈ  ਵੀ ਉਨ੍ਹਾਂ ਨੂੰ ਰੈਫਰੈਂਡਮ 2020 ਦਾ ਵਿਰੋਧ ਕਰਨ ਤੋਂ ਨਹੀਂ ਹਟਾ ਸਕੇਗਾ।

ਇਹ ਸੀ ਮਾਮਲਾ
ਕੁਝ ਦਿਨ ਪਹਿਲਾਂ ਸ਼ਿਵ ਸੈਨਾ ਸਮਾਜਵਾਦੀ ਦੇ ਯੂਥ ਪ੍ਰਧਾਨ ਪੰਜਾਬ ਸੁਨੀਲ ਬੰਟੀ ਨੇ ਖਾਲਿਸਤਾਨ  ਦੇ ਸਮਰਥਕਾਂ ਨੂੰ ਗਾਲੀ-ਗਲੋਚ ਕਰਨ ਦੀ ਵੀਡੀਓ ਸੋਸ਼ਲ ਸਾਈਟਸ ’ਤੇ ਅਪਲੋਡ ਕੀਤੀ ਸੀ। ਇਸ ਤੋਂ ਬਾਅਦ ਉਸ ਦਾ ਲਗਾਤਾਰ ਵਿਰੋਧ ਹੁੰਦਾ ਆਇਆ। ਸੀ. ਪੀ. ਨੂੰ ਸ਼ਹੀਦ ਭਗਤ ਸਿੰਘ  ਯੂਥ ਕਲੱਬ ਤੇ ਵੈੱਲਫੇਅਰ ਸੋਸਾਇਟੀ ਨੇ ਸ਼ਿਕਾਇਤ  ਦਿੱਤੀ, ਜਿਸ ਨੂੰ ਥਾਣਾ ਨੰ. 6 ’ਚ ਮਾਰਕ ਕੀਤਾ ਗਿਆ ਸੀ। ਪੁਲਸ ਨੇ ਸ਼ਨੀਵਾਰ ਨੂੰ ਸੁਨੀਲ ਬੰਟੀ ਤੇ ਵੀਡੀਓ ’ਚ ਦਿਖਾਈ ਦੇ ਰਹੇ ਰਵੀਪਾਲ ਖਿਲਾਫ ਧਾਰਮਕ ਭਾਵਨਾਵਾਂ ਨੂੰ ਭੜਕਾਉਣ ਦਾ ਕੇਸ ਦਰਜ ਕੀਤਾ ਸੀ।