ਫਿਰੋਜ਼ਪੁਰ 'ਚ ਲਗਾਤਾਰ ਪੈ ਰਹੇ ਮੀਂਹ ਨਾਲ ਕਿਸਾਨਾਂ ਦੇ ਖਿੜੇ ਚਿਹਰੇ ਪਰ...(ਵੀਡੀਓ)

06/24/2017 4:08:45 PM


ਫਿਰੋਜ਼ਪੁਰ—ਅੱਜੇ ਮਾਨਸੂਨ ਦਾ ਮੌਸਮ ਆਉਂਣਾ ਬਾਕੀ ਹੈ ਪਰ ਫਿਰੋਜ਼ਪੁਰ 'ਚ ਲਗਾਤਾਰ 4 ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ, ਹਾਲਾਂਕਿ ਇਸ ਮੀਂਹ ਤੋਂ ਸ਼ਹਿਰ ਦੇ ਲੋਕ ਪ੍ਰੇਸ਼ਾਨ ਹਨ। 
ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਦੇ ਕਿਸਾਨ ਲਗਾਤਾਰ ਪੈ ਰਹੇ ਮੀਂਹ ਤੋਂ ਬਹੁਤ ਖੁਸ਼ ਹਨ ਕਿਉਂਕਿ ਇਹ ਮੀਂਹ ਉਨ੍ਹਾਂ ਲਈ ਕਾਫੀ ਲਾਭਦਾਇਕ ਹੈ ਅਤੇ ਇਸ ਨਾਲ ਪਾਣੀ ਦੀ ਕਮੀ ਦੂਰ ਹੋਵੇਗੀ। ਰਾਤ ਦੇ ਸਮੇਂ ਵੀ ਝੋਨੇ ਦੀ ਫਸਲ ਨੂੰ ਪਾਣੀ ਲਗਾਉਣ ਪੈਂਦਾ ਸੀ ਤੇ ਬਾਰਿਸ਼ ਹੋਣ ਕਾਰਨ ਹੁਣ ਪਾਣੀ ਘੱਟ ਲਗਾਉਂਣਾ ਪਵੇਗਾ। ਮੀਂਹ ਨਾਲ ਫਸਲਾਂ 'ਚ ਪਾਣੀ ਦੀ ਕਮੀ ਪੂਰਾ ਹੋ ਜਾਂਦੀ ਹੈ, ਜਿਸ ਨਾਲ ਝੋਨੇ ਦੀ ਫਸਲ ਚੰਗੀ ਅਤੇ ਜ਼ਿਆਦਾ ਹੋਣ ਦੀ ਉਮੀਦ ਵੱਧ ਜਾਂਦੀ ਹੈ। ਕਿਸਾਨਾਂ ਨੇ ਕਿਹਾ ਕਿ ਮੀਂਹ ਨਾਲ ਮਜ਼ਦੂਰਾਂ ਨੂੰ ਗਰਮੀ ਤੋਂ ਰਾਹਤ ਮਿਲਣ ਨਾਲ ਉਹ ਫਸਲ ਨੂੰ ਘੱਟ ਸਮੇਂ 'ਚ ਲੱਗਾ ਦਿੰਦੇ ਹਨ।
ਦੂਜੇ ਪਾਸੇ ਫਿਰੋਜ਼ਪੁਰ ਦੇ ਲੋਕ ਅਤੇ ਦੁਕਾਨਦਾਰ ਲਗਾਤਾਰ ਪੈ ਰਹੇ ਮੀਂਹ ਤੋਂ ਤੰਗ ਹਨ, ਕਿਉਂਕਿ ਉਨ੍ਹਾਂ ਦੀਆਂ ਦੁਕਾਨਾਂ ਦੇ ਬਾਹਰ ਮੀਂਹ ਦਾ ਪਾਣੀ ਇਕਠਾ ਹੋ ਜਾਂਦਾ ਹੈ ਅਤੇ ਬਾਕੀ ਦਾ ਪਾਣੀ ਸੜਕਾਂ 'ਤੇ ਪਏ ਟੋਇਆਂ 'ਚ ਭਰ ਜਾਂਦਾ ਹੈ, ਜੋ ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨ। ਲੋਕਾਂ ਨੇ ਕਿਹਾ ਕਿ ਅਧਿਕਾਰੀ ਦਾ ਇਸ ਵੱਲ ਕੋਈ ਧਿਆਨ ਨਹੀਂ ਹੁੰਦਾ ਅਤੇ ਲੋਕਾਂ ਨੂੰ ਹੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।