ਆਜ਼ਾਦੀ ਘੁਲਾਟੀਆਂ ਦੇ ਪੋਤਰੇ ਚੜ੍ਹ ਰਹੇ ਭ੍ਰਿਸ਼ਟਾਚਾਰ ਦੀ ਬਲੀ, ਕਾਂਗਰਸੀ ਵਿਧਾਇਕ ਤੇ ਪੁਲਸ ਉੱਤੇ ਲਗਾਏ ਗੰਭੀਰ ਦੋਸ਼

07/27/2017 4:09:13 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) — ਦੇਸ਼ ਦੀ ਆਜ਼ਾਦੀ ਦੇ ਸੰਘਰਸ਼ 'ਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੇ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਗਿੱਦੜਬਾਹਾ ਦੇ ਦੋ ਆਜ਼ਾਦੀ ਘੁਲਾਟੀਆਂ ਦੇ ਪੋਤਰੇ ਨੇ ਪੁਲਸ 'ਤੇ ਤਸ਼ੱਦਦ ਦੇ ਦੋਸ਼ ਲਾਏ ਹਨ। ਜ਼ੇਰੇ ਇਲਾਜ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਦੇ ਇਸ ਮੈਂਬਰ ਮੁਤਾਬਕ ਸਿਆਸੀ ਸ਼ਹਿ 'ਤੇ ਉਸ ਨਾਲ ਧੱਕਾ ਹੋ ਰਿਹਾ ਹੈ।


ਆਜ਼ਾਦੀ ਘੁਲਾਟੀਏ ਲਾਭ ਸਿੰਘ ਤੇ ਨਰਾਇਣ ਸਿੰਘ ਦੇ ਪੋਤਰੇ ਜਗਰੂਪ ਸਿੰਘ ਮੁਤਾਬਕ ਉਸ ਨੇ ਕਾਫੀ ਸਮਾਂ ਪਹਿਲਾਂ ਪਿੰਡ 'ਚ ਛੱਪੜ ਦੀ ਚਾਰਦੀਵਾਰੀ ਸਬੰਧੀ ਹੋਈ ਲੜਾਈ ਵਿਚ ਸਰਕਾਰੀ ਗਵਾਹ ਵਜੋਂ ਸੱਚ ਦਾ ਸਾਥ ਦਿੰਦਿਆਂ ਆਪਣੇ ਪਿੰਡ ਦੇ ਕੁਝ ਵਿਅਕਤੀਆਂ ਵਿਰੁੱਧ ਮਾਨਯੋਗ ਹਾਈਕੋਰਟ ਵਿਚ ਗਵਾਹੀ ਦਿੱਤੀ ਸੀ, ਜਿਸਦੇ ਅਧਾਰ ਤੇ ਉਹਨਾਂ ਨੂੰ ਸ਼ਜਾ ਹੋ ਗਈ। ਕਾਂਗਰਸ ਪਾਰਟੀ ਨਾਲ ਸਬੰਧਿਤ ਇਹਨਾਂ ਵਿਅਕਤੀਆਂ ਨੇ ਹੁਣ ਕਾਂਗਰਸ ਸਰਕਾਰ ਆਉਣ ਤੇ ਵਰ੍ਹਿਆਂ ਪੁਰਾਣੀ ਉਸਦੀ ਆਪਣੀ ਜਗ੍ਹਾ ਵਿਚ ਲੱਗੀ ਰੂੜੀ ਨੂੰ ਮੁੱਦਾ ਬਣਾ ਕੇ ਉਸ ਤੇ ਦਰਖਾਸ਼ਤ ਦਿੱਤੀ ਅਤੇ ਜਿਸ ਅਧਾਰ ਤੇ ਥਾਣਾ ਕੋਟਭਾਈ ਪੁਲਸ ਦੇ ਐੱਸ.ਐੱਚ.ਓ ਕ੍ਰਿਸ਼ਨ ਕੁਮਾਰ ਨੇ ਉਸਨੂੰ ਘਰੋਂ ਚੁੱਕ ਕਰੀਬ 32 ਘੰਟੇ ਹਿਰਾਸਤ ਵਿਚ ਰੱਖਿਆ ਅਤੇ ਉਸ ਤੇ ਤਸ਼ੱਦਦ ਕੀਤਾ। ਜਗਰੂਪ ਸਿੰਘ ਅਨੁਸਾਰ ਸਭ ਕੁਝ ਕਾਂਗਰਸੀ ਆਗੂ ਅਤੇ ਵਿਧਾਇਕ ਰਾਜਾ ਵੜਿੰਗ ਦੀ ਸ਼ਹਿ ਤੇ ਉਸਦੇ ਵਿਅਕਤੀਆਂ ਵੱਲੋਂ ਕੀਤਾ ਗਿਆ। ਓਧਰ ਪੁਲਸ ਅਨੁਸਾਰ ਪਿੰਡ ਦੀਆਂ ਦੋ ਧਿਰਾਂ ਦਾ ਆਪਸੀ ਰੌਲਾ ਸੀ, ਜਿਸ ਦੇ ਅਧਾਰ ਤੇ ਜਗਰੂਪ ਸਿੰਘ ਤੇ ਮਾਮਲਾ ਦਰਜ ਕੀਤਾ ਗਿਆ ਹੈ।
ਉਥੇ ਹੀ ਇਸ ਮਾਮਲੇ 'ਚ ਜ਼ਿਲਾ ਪੁਲਸ ਮੁਖੀ ਸੁਸ਼ੀਲ ਕੁਮਾਰ ਦਾ ਕਹਿਣਾ ਹੈ ਕਿ ਇਹ 7-51 ਦਾ ਮਾਮਲਾ ਹੈ , ਜਿਸ 'ਚ ਜਗਰੂਪ ਸਿੰਘ ਨੂੰ ਐੱਸ. ਡੀ. ਐੱਮ. ਕੋਲ ਪੇਸ਼ ਕੀਤਾ ਗਿਆ ਹੈ। ਜਗਰੂਪ ਸਿੰਘ ਨੇ ਜੋ ਦੋਸ਼ ਐੱਸ. ਐੱਚ. ਓ. ਤੇ ਲਗਾਏ ਹਨ ਉਸ ਦੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਐੱਸ.  ਐੱਚ. ਓ. ਵਲੋਂ ਡਿਊਟੀ ਦੌਰਾਨ ਅਜਿਹੀ ਕੁਤਾਹੀ ਕੀਤੀ ਗਈ ਹੈ ਤਾਂ ਕਾਰਵਾਈ ਕੀਤੀ ਜਾਵੇਗੀ।