ਪੰਜਾਬ ''ਚ ''ਬੀਬੀਆਂ'' ਦੇ ਮੁਫ਼ਤ ਸਫ਼ਰ ਨੇ ਪਾਏ ਪੁਆੜੇ, ਬੱਸ ਅੱਡੇ ''ਤੇ ਜੋ ਹੋਇਆ, ਖੜ੍ਹ-ਖੜ੍ਹ ਤੱਕਣ ਲੱਗੇ ਲੋਕ (ਤਸਵੀਰਾਂ)

04/23/2021 10:53:56 AM

ਸਮਰਾਲਾ (ਗਰਗ, ਬੰਗੜ) : ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਬੀਬੀਆਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦੇ ਐਲਾਨ ਨੇ ਕਈ ਨਵੇਂ ਪੁਆੜੇ ਖੜ੍ਹੇ ਕਰ ਦਿੱਤੇ ਹਨ। ਮੁਫ਼ਤ ਸਫ਼ਰ ਦੇ ਐਲਾਨ ਤੋਂ ਬਾਅਦ ਹੀ ਸੂਬੇ ’ਚ ਕਈ ਥਾਵਾਂ ’ਤੇ ਬੀਬੀਆਂ ਨਾਲ ਬਦਸਲੂਕੀ ਅਤੇ ਸਰਕਾਰੀ ਬੱਸਾਂ ਦੇ ਸਟਾਫ਼ ਨਾਲ ਝਗੜੇ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇੱਥੇ ਸਮਰਾਲਾ ਬੱਸ ਅੱਡੇ ’ਤੇ ਤਾਂ ਉਸ ਵੇਲੇ ਹੱਦ ਹੋ ਗਈ, ਜਦੋਂ ਬੱਸ ਚੜ੍ਹਨ ਲਈ ਖੜ੍ਹੀਆਂ ਬੀਬੀਆਂ ਨੂੰ ਵੇਖ ਕੇ ਲਗਾਤਾਰ ਇੱਕ ਤੋਂ ਬਾਅਦ ਇੱਕ ਪੰਜ ਸਰਕਾਰੀ ਬੱਸਾਂ ਨੂੰ ਉਨ੍ਹਾਂ ਦੇ ਚਾਲਕ ਉੱਥੇ ਰੋਕੇ ਬਿਨਾਂ ਭਜਾ ਕੇ ਹੀ ਲੈ ਗਏ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਬਦਲਿਆ 92 ਸਾਲ ਪੁਰਾਣਾ ਫ਼ੈਸਲਾ, ਵਿਦਿਆਰਥੀਆਂ ਨੂੰ ਮਿਲੀ ਵੱਡੀ ਰਾਹਤ

ਜਦੋਂ ਕਾਫੀ ਦੇਰ ਤੱਕ ਬੀਬੀਆਂ ਨੂੰ ਖੜ੍ਹੀਆਂ ਵੇਖ ਕੋਈ ਵੀ ਸਰਕਾਰੀ ਬੱਸ ਅੱਡੇ 'ਤੇ ਨਾ ਰੁਕੀ ਤਾਂ ਬੀਬੀਆਂ ਦਾ ਗੁੱਸਾ ਸੱਤਵੇਂ ਆਸਮਾਨ ’ਤੇ ਪਹੁੰਚ ਗਿਆ। ਇੰਨੇ ਵਿੱਚ ਹੀ ਇੱਕ ਹੋਰ ਸਰਕਾਰੀ ਬੱਸ ਆਉਂਦੀ ਵਿਖਾਈ ਦੇਣ ’ਤੇ ਬੀਬੀਆਂ ਸੜਕ ਦੇ ਵਿਚਾਲੇ ਹੀ ਬੈਠ ਗਈਆਂ ਅਤੇ ਸਰਕਾਰੀ ਬੱਸ ਨੂੰ ਰੋਕ ਲਿਆ। ਜਦੋਂ ਬੀਬੀਆਂ ਬੱਸ ਵਿੱਚ ਚੜ੍ਹਨ ਲੱਗੀਆਂ ਤਾਂ ਕੰਡਕਟਰ ਵੱਲੋਂ ਕੋਰੋਨਾ ਦਾ ਬਹਾਨਾ ਮਾਰਦੇ ਹੋਏ ਬੱਸ ਵਿੱਚ ਅੱਧੀਆਂ ਹੀ ਸਵਾਰੀਆਂ ਬਿਠਾਉਣ ਦਾ ਹੁਕਮ ਹੋਣ ਕਾਰਨ ਇਨ੍ਹਾਂ ਬੀਬੀਆਂ ਨੂੰ ਚੜ੍ਹਾਉਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਉੱਥੇ ਹੰਗਾਮਾ ਹੋ ਗਿਆ।

ਇਹ ਵੀ ਪੜ੍ਹੋ : 6 ਸਾਲ ਬਾਅਦ ਘਰ 'ਚ ਗੂੰਜਣੀਆਂ ਸੀ ਕਿਲਕਾਰੀਆਂ, ਹਸਪਤਾਲ ਦੇ ਕਾਰੇ ਨੇ ਤਬਾਹ ਕੀਤੀਆਂ ਖੁਸ਼ੀਆਂ (ਤਸਵੀਰਾਂ)

ਇਹ ਸਭ ਕੁੱਝ ਉੱਥੇ ਮੌਜੂਦ ਲੋਕ ਖੜ੍ਹ-ਖੜ੍ਹ ਤੱਕਣ ਲੱਗੇ। ਬੀਬੀਆਂ ਦਾ ਦੋਸ਼ ਸੀ ਕਿ ਉਨ੍ਹਾਂ ਸਾਹਮਣੇ ਕਈ ਨਿੱਜੀ ਬੱਸਾਂ ਖਚਾਖਚ ਭਰ ਕੇ ਲੰਘੀਆਂ ਹਨ ਪਰ ਚੌਂਕ ਵਿੱਚ ਹੀ ਖੜ੍ਹੀ ਪੁਲਸ ਨੇ ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ।

ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਦੁਖ਼ਦ ਖ਼ਬਰ, ਅਕਾਲੀ ਆਗੂ ਦੇ ਨੌਜਵਾਨ ਪੁੱਤ ਦੀ 'ਕੋਰੋਨਾ' ਕਾਰਨ ਮੌਤ

ਕਾਫੀ ਦੇਰ ਇਸੇ ਤਰਾਂ ਹੰਗਾਮਾ ਹੁੰਦਾ ਰਿਹਾ ਅਤੇ ਕਈ ਘੰਟਿਆਂ ਤੋਂ ਅੱਡੇ 'ਤੇ ਬੱਸ ਚੜ੍ਹਨ ਲਈ ਖੜ੍ਹੀਆਂ ਇਨ੍ਹਾਂ ਬੀਬੀਆਂ ਨੂੰ ਲੈ ਕੇ ਹੀ ਇਹ ਬੱਸ ਅੱਗੇ ਰਵਾਨਾ ਹੋ ਸਕੀ।
ਨੋਟ : ਪੰਜਾਬ 'ਚ ਬੀਬੀਆਂ ਲਈ ਮੁਫ਼ਤ ਸਫਰ ਦੇ ਐਲਾਨ ਮਗਰੋਂ ਆ ਰਹੀਆਂ ਮੁਸ਼ਕਲਾਂ ਬਾਰੇ ਦਿਓ ਆਪਣੀ ਰਾਏ


 

Babita

This news is Content Editor Babita