ਓ. ਬੀ. ਸੀ. ਬੈਂਕ ਨਾਲ ਧੋਖਾਦੇਹੀ ਦਾ ਮਾਮਲਾ ਪੁਲਸ ਨੇ ਚਾਰ ਸਾਲਾਂ ਬਾਅਦ ਕੀਤਾ ਕੇਸ ਦਰਜ

08/24/2018 2:26:26 AM

 ਮੋਹਾਲੀ,   (ਕੁਲਦੀਪ)-  ਪੁਲਸ ਨੇ ਫੇਜ਼-6 ਸਥਿਤ ਓਰੀਐਂਟਲ ਬੈਂਕ ਆਫ ਕਾਮਰਸ ਦੇ ਨਾਲ ਹੋਈ ਧੋਖਾਦੇਹੀ ਸਬੰਧੀ ਚਾਰ ਸਾਲਾਂ ਬਾਅਦ ਤਿੰਨ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੇ ਨਾਂ ਮਨੋਜ ਪਾਠਕ ਨਿਵਾਸੀ ਸੈਕਟਰ-22 ਚੰਡੀਗਡ਼੍ਹ, ਅਜੈ ਕੁਮਾਰ ਨਿਵਾਸੀ ਸੈਕਟਰ-38ਸੀ ਚੰਡੀਗਡ਼੍ਹ ਤੇ ਰਾਕੇਸ਼ ਰਾਮੋਲਾ ਨਿਵਾਸੀ ਸੈਕਟਰ-49 ਚੰਡੀਗਡ਼੍ਹ ਦੱਸੇ ਜਾਂਦੇ ਹਨ।  
  ਜਾਣਕਾਰੀ ਮੁਤਾਬਕ 11 ਸਤੰਬਰ 2014 ਨੂੰ ਓਰੀਐਂਟਲ ਬੈਂਕ ਆਫ ਕਾਮਰਸ (ਓ. ਬੀ. ਸੀ.) ਫੇਜ਼-6  ਦੇ ਸੀਨੀਅਰ ਮੈਨੇਜਰ ਨੇ ਐੱਸ. ਐੱਸ. ਪੀ. ਮੋਹਾਲੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਵਿਚ ਦੱਸਿਆ ਗਿਆ ਸੀ ਕਿ ਬੈਂਕ ਤੋਂ ਕੁਝ ਵਿਅਕਤੀਆਂ ਨੇ ਪ੍ਰਾਪਰਟੀ ਤੇ ਜਾਅਲੀ ਕਾਗਜ਼ਾਂ ’ਤੇ ਕਾਰ ਲੋਨ ਲੈ ਕੇ ਬੈਂਕ ਨਾਲ ਧੋਖਾਦੇਹੀ ਕੀਤੀ ਸੀ । ਲੋਨ ਲੈਣ ਉਪਰੰਤ ਇਕ-ਦੋ ਕਿਸ਼ਤਾਂ ਚੁਕਾਉਣ ਉਪਰੰਤ ਬੈਂਕ ਦਾ ਲੋਨ ਵਾਪਸ ਹੀ ਨਹੀਂ ਕੀਤਾ ਗਿਆ। 
 ਸ਼ਿਕਾਇਤ ਮਿਲਣ ਉਪਰੰਤ ਈ. ਓ. ਵਿੰਗ ਵਲੋਂ ਕੇਸ ਦੀ ਹੋਈ ਜਾਂਚ ਵਿਚ ਪਤਾ ਲੱਗਾ ਕਿ 20 ਸਤੰਬਰ 2013 ਨੂੰ ਮਨੋਜ ਪਾਠਕ ਨੇ ਐਲਾਂਟਰਾ ਕਾਰ ਖਰੀਦਣ ਲਈ ਬੈਂਕ ਤੋਂ 15 ਲੱਖ ਰੁਪਏ, ਅਜੈ ਕੁਮਾਰ ਨੇ ਫੋਰਡ ਇੰਡੈਵਰ ਕਾਰ ਖਰੀਦਣ ਲਈ ਸਾਢੇ 18 ਲੱਖ ਰੁਪਏ, ਰਾਕੇਸ਼ ਰਾਮੋਲਾ ਨੇ 23 ਅਕਤੂਬਰ 2013 ਨੂੰ ਫੋਰਡ ਇੰਡੈਵਰ ਲੈਣ ਲਈ 13 ਲੱਖ 90 ਹਜ਼ਾਰ ਰੁਪਏ ਦਾ ਲੋਨ ਲਿਆ ਸੀ। ਲੋਨ ਦੀਆਂ ਕੁਝ ਕਿਸ਼ਤਾਂ ਬੈਂਕ ਵਿਚ ਜਮ੍ਹਾ ਕਰਵਾਉਣ ਉਪਰੰਤ ਲੋਨ ਵਾਪਸ ਹੀ ਨਹੀਂ ਕੀਤਾ ਗਿਆ। 
 ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਅਜੈ ਕੁਮਾਰ ਵਲੋਂ ਫੋਰਡ ਇੰਡੈਵਰ ਕਾਰ ਇੰਡਸਟਰੀਅਲ ਏਰੀਆ ਫੇਜ਼-9 ਮੋਹਾਲੀ ਤੇ ਰਾਕੇਸ਼ ਰਾਮੋਲਾ ਵਲੋਂ ਇੰਡਸਟਰੀਅਲ ਏਰੀਆ ਫੇਜ਼-7 ਮੋਹਾਲੀ ਸਥਿਤ ਵੱਖ-ਵੱਖ ਕੰਪਨੀਆਂ ਤੋਂ ਖਰੀਦਣ ਸਬੰਧੀ ਬੈਂਕ ਤੋਂ ਲੋਨ ਲਏ ਸਨ। ਇਹ ਦੋਵੇਂ ਕੰਪਨੀਆਂ ਫਰਜ਼ੀ ਨਿਕਲੀਆਂ ਅਤੇ ਇਹ ਦੋਵੇਂ ਗੱਡੀਆਂ ਦੀ ਖਰੀਦ ਹੀ ਨਹੀਂ ਕੀਤੀ ਗਈ। 
 ਪੁਲਸ ਨੇ ਜਾਂਚ ਪੂਰੀ ਹੋਣ ਉਪਰੰਤ ਤਿੰਨਾਂ ਮੁਲਜ਼ਮਾਂ ਮਨੋਜ ਪਾਠਕ, ਅਜੈ ਕੁਮਾਰ ਅਤੇ ਰਾਕੇਸ਼ ਰਾਮੋਲਾ ਖਿਲਾਫ ਪੁਲਸ ਸਟੇਸ਼ਨ ਫੇਜ਼-1 ਵਿਚ ਆਈ. ਪੀ. ਸੀ. ਦੀ ਧਾਰਾ 406, 420, 465, 467, 468, 471 ਅਤੇ 120ਬੀ ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ ਹੈ।