ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਾਰੀ 2 ਲੱਖ ਦੀ ਠੱਗੀ, ਮਾਮਲਾ ਦਰਜ

06/17/2018 4:59:37 PM

ਨਵਾਂਸ਼ਹਿਰ (ਤ੍ਰਿਪਾਠੀ)— ਪੰਜਾਬ ਰੋਡਵੇਜ਼ ਦੇ ਡਰਾਈਵਰ ਦੀ ਧੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 2 ਲੱਖ ਦੀ ਠੱਗੀ ਮਾਰਨ ਦੇ ਦੋਸ਼ੀ ਖਿਲਾਫ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਬਲਦੇਵ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਸ਼ਾਹਪੁਰ ਪੱਟੀ ਥਾਣਾ ਰਾਹੋਂ ਨੇ ਦੱਸਿਆ ਕਿ ਉਹ ਰੋਡਵੇਜ਼ ਵਿਚ ਬਤੌਰ ਡਰਾਈਵਰ ਕੰਮ ਕਰਦਾ ਹੈ ਅਤੇ ਅਕਸਰ ਚੰਡੀਗੜ੍ਹ ਆਉਂਦਾ ਜਾਂਦਾ ਰਹਿੰਦਾ ਹੈ। ਉਸ ਨੇ ਦੱਸਿਆ ਕਿ ਸੋਹਨ ਲਾਲ ਪੁੱਤਰ ਜੱਗਾ ਰਾਮ ਵਾਸੀ ਪਿੰਡ ਰਾਵਲ ਪਿੰਡੀ ਜ਼ਿਲਾ ਕਪੂਰਥਲਾ ਜਿਹੜਾ ਖੁਦ ਨੂੰ ਪੰਜਾਬ ਰਾਜ ਟਰਾਂਸਪੋਰਟ ਦਾ ਮੁਲਾਜ਼ਮ ਦੱਸਦਾ ਹੈ, ਉਹ ਵੀ ਅਕਸਰ ਬੱਸ 'ਚ ਮਿਲਦਾ ਰਹਿੰਦਾ ਸੀ। ਉਸ ਨੇ ਦੱਸਿਆ ਕਿ ਉਕਤ ਸੋਹਨ ਲਾਲ ਨਾਲ ਜਾਣ ਪਛਾਣ ਹੋਣ 'ਤੇ ਉਸ ਨੇ 1 ਮਹਿਲਾ ਦਾ ਜ਼ਿਕਰ ਕਰਦਿਆ ਕਿਹਾ ਕਿ ਉਹ ਹਰਿਆਣਾ ਰਾਜ ਦੇ ਹਿਸਾਰ ਵਿਚ ਬਤੌਰ ਸੈਸ਼ਨ ਜੱਜ ਕੰਮ ਕਰ ਰਹੇ ਹਨ। 
ਉਸ ਨੇ ਦੱਸਿਆ ਕਿ ਉਕਤ ਦੋਵੋਂ ਹੀ ਉਸ ਦੇ ਘਰ ਪੱਟੀ ਆਏ ਅਤੇ ਉਨ੍ਹਾਂ ਨੇ ਉਸ ਦੀ ਲੜਕੀ ਜਿਹੜੀ ਪਲੱਸ ਟੂ ਵਿਚ ਪੜ੍ਹਦੀ ਹੈ, ਉਸ ਨੂੰ 5 ਲੱਖ 'ਚ ਵਿਦੇਸ਼ ਭੇਜਣ ਸਬੰਧੀ ਆਫਰ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਬੱਚੀ ਦੇ ਸੁਨਹਿਰੇ ਭਵਿੱਖ ਲਈ ਉਹ ਅਪਣੀ ਲੜਕੀ ਨੂੰ ਵਿਦੇਸ਼ ਭੇਜਣ ਲਈ ਤਿਆਰ ਹੋ ਗਿਆ ਅਤੇ ਉਸ ਨੇ ਫੀਸ ਭਰਨ ਲਈ 20 ਹਜ਼ਾਰ ਰੁਪਏ ਉਕਤ ਸੋਹਨ ਲਾਲ ਨੂੰ ਦਿੱਤੇ ਅਤੇ ਅਪਣੀ ਲੜਕੀ ਦਾ ਪਾਸਪੋਰਟ ਅਪਲਾਈ ਕਰਵਾ ਦਿੱਤਾ। ਉਸ ਨੇ ਦੱਸਿਆ ਕਿ ਉਕਤ ਸੋਹਨ ਲਾਲ ਨੇ ਉਸ ਕੋਲੋਂ ਵੱਖ-ਵੱਖ ਤਾਰੀਕਾਂ 'ਤੇ ਕੁਲ 2 ਲੱਖ ਰੁਪਏ ਲੈ ਲਏ ਅਤੇ ਕਿਹਾ ਕਿ ਇਕ ਪੇਪਰ ਦੇਣ ਤੋਂ ਬਾਅਦ ਜਲਦੀ ਹੀ ਉਸ ਦੀ ਲੜਕੀ ਨੂੰ ਵਿਦੇਸ਼ ਭੇਜ ਦੇਵੇਗਾ। ਉਸ ਨੇ ਲੜਕੀ ਦੇ ਪੇਪਰ ਲਈ ਉਨ੍ਹਾਂ ਨੂੰ ਮੰਸੂਰੀ (ਉਤਰਾਖੰਡ) ਸੱਦ ਲਿਆ ਪਰ ਉੱਥੇ ਪਹੁੰਚਣ ਤੋਂ ਬਾਅਦ ਉਸ ਨੇ ਕਿਹਾ ਕਿ ਪੇਪਰ ਰੱਦ ਹੋ ਗਿਆ ਹੈ। ਜਿਸ ਉਪਰੰਤ ਉਨ੍ਹਾਂ ਨੂੰ ਉਕਤ ਸੋਹਨ ਲਾਲ 'ਤੇ ਸ਼ੱਕ ਹੋ ਗਿਆ ਅਤੇ ਉਸ ਨੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ ਪਰ ਉਸਨੇ ਨਾ ਤਾਂ ਉਸਦੀ ਲੜਕੀ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਉਸ ਨੇ ਅਪਣੇ ਪੈਸੇ ਵਾਪਸ ਕਰਵਾਉਣ ਅਤੇ ਦੋਸ਼ੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। 
ਉਕਤ ਸ਼ਿਕਾਇਤ ਦੀ ਜਾਂਚ ਆਰਥਿਕ ਵਿੰਗ ਦੇ ਇੰਚਾਰਜ਼ ਵੱਲੋਂ ਕਰਨ ਉਪਰੰਤ ਦਿੱਤੀ ਸਿੱਟਾ ਰਿਪੋਰਟ ਦੇ ਆਧਾਰ 'ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਦੋਸ਼ੀ ਸੋਹਨ ਲਾਲ ਦੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।