''ਕੌਣ ਬਣੇਗਾ ਕਰੋੜਪਤੀ'' ਦੀ ਜਾਅਲੀ ਵੈੱਬਸਾਈਟ ਬਣਾ ਕੇ ਕੱਢ ਰਹੇ ਨੇ ਲਾਟਰੀ

03/17/2018 12:11:46 PM

ਜਲੰਧਰ (ਖੁਰਾਣਾ)— ਜਿਵੇਂ-ਜਿਵੇਂ ਇੰਟਰਨੈੱਟ ਅਤੇ ਕੰਪਿਊਟਰ ਯੁੱਗ 'ਚ ਤਰੱਕੀ ਹੋ ਰਹੀ ਹੈ, ਨਿੱਤ ਨਵੀਆਂ ਖੋਜਾਂ ਸਾਹਮਣੇ ਆ ਰਹੀਆਂ ਹਨ, ਤਿਵੇਂ-ਤਿਵੇਂ ਇੰਟਰਨੈੱਟ 'ਤੇ ਕੰਪਿਊਟਰ ਰਾਹੀਂ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦੀਆਂ ਖਬਰਾਂ 'ਚ ਵੀ ਵਾਧਾ ਹੁੰਦਾ ਜਾ ਰਿਹਾ ਹੈ।
ਲੱਖਾਂ, ਕਰੋੜਾਂ ਰੁਪਏ ਦੀ ਲਾਟਰੀ ਕੱਢਣ ਦਾ ਝਾਂਸਾ ਦੇ ਕੇ ਆਮ ਲੋਕਾਂ ਨੂੰ ਠੱਗਣ ਦੇ ਕਈ ਕਿੱਸੇ ਸਾਹਮਣੇ ਆ ਚੁੱਕੇ ਹਨ ਪਰ ਇਨ੍ਹੀਂ ਦਿਨੀਂ ਟੀ. ਵੀ. ਸ਼ੋਅ 'ਕੌਣ ਬਣੇਗਾ ਕਰੋੜਪਤੀ' ਦੇ ਨਾਂ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਠੱਗਣ ਦਾ ਨਵਾਂ ਸਿਲਸਿਲਾ ਸ਼ੁਰੂ ਹੋਇਆ ਹੈ, ਜਿਸ 'ਚ ਕੋਲਕਾਤਾ ਦੇ ਠੱਗ ਨੌਜਵਾਨ ਸ਼ਾਮਲ ਮੰਨੇ ਜਾ ਰਹੇ ਹਨ। ਇਕ ਪੱਤਰਕਾਰ ਨੂੰ ਵੱਖ-ਵੱਖ ਫੋਨ ਨੰਬਰਾਂ ਤੋਂ ਅਜਿਹੀਆਂ 30 ਤੋਂ ਵੱਧ ਕਾਲਾਂ ਆਈਆਂ। ਪਹਿਲੀ ਕਾਲ ਨੰਬਰ +3612345678ਤੋਂ 15 ਮਾਰਚ ਸਵੇਰੇ 9 ਵਜੇ ਦੇ ਕਰੀਬ ਆਈ, ਜਿਸ 'ਚ ਇਕ ਨੌਜਵਾਨ ਨੇ ਬੜੇ ਸਟਾਈਲ ਨਾਲ ਜਾਣਕਾਰੀ ਦਿੱਤੀ ਕਿ ਤੁਹਾਡੇ ਨੰਬਰ 'ਤੇ 'ਕੌਣ ਬਣੇਗਾ ਕਰੋੜਪਤੀ' ਵਾਲੀ ਕੰਪਨੀ ਦੀ 25 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਤੁਸੀਂ ਆਪਣਾ ਬੈਂਕ ਅਕਾਊਂਟ ਨੰਬਰ, ਆਧਾਰ ਕਾਰਡ ਨੰਬਰ ਅਤੇ ਪਾਸਪੋਰਟ ਸਾਈਜ਼ ਫੋਟੋ ਦੀ ਕਾਪੀ ਭੇਜ ਦਿਓ। ਅਜਿਹੀ ਕਾਲ ਆਉਂਦਿਆਂ ਹੀ ਸੁਚੇਤ ਲੋਕ ਤਾਂ ਸਮਝ ਜਾਂਦੇ ਹਨ ਪਰ ਭੋਲੇ-ਭਾਲੇ ਲੋਕ ਇਨ੍ਹਾਂ ਦੀਆਂ ਗੱਲਾਂ 'ਚ ਆ ਜਾਂਦੇ ਹਨ। ਪਹਿਲੀ ਕਾਲ ਆਉਣ 'ਤੇ ਜਦੋਂ ਉਕਤ ਠੱਗ ਵੱਲੋਂ ਦੱਸੇ ਗਏ ਵਟਸਐਪ ਨੰਬਰ 'ਤੇ ਉਕਤ ਡਿਟੇਲਸ (ਜਾਅਲੀ) ਭੇਜ ਦਿੱਤੀ ਗਈ ਤਾਂ ਉਨ੍ਹਾਂ ਕੇ. ਬੀ. ਸੀ. ਦਾ ਇਕ ਲਿੰਕ ਓਪਨ ਕਰਨ ਲਈ ਕਿਹਾ। ਠੱਗ ਨੌਜਵਾਨ ਨੇ ਲਾਟਰੀ ਦਾ ਨੰਬਰ 89910 ਦੱਸਿਆ। ਕੇ. ਬੀ. ਸੀ. ਦੀ ਉਕਤ ਵੈੱਬਸਾਈਟ ਖੋਲ੍ਹ ਕੇ ਜਦੋਂ ਉਸ ਨੇ ਲਾਟਰੀ ਨੰਬਰ 89910 ਭਰਿਆ ਤਾਂ ਵਧਾਈ ਦਾ ਮੈਸੇਜ ਆਇਆ। 


ਇਸ ਤੋਂ ਬਾਅਦ ਠੱਗ ਨੌਜਵਾਨ ਨੇ ਲਾਟਰੀ ਦਾ ਮਾਮਲਾ ਆਪਣੇ ਹੈੱਡਆਫਿਸ ਰੈਫਰ ਕਰਨ ਦਾ ਬਹਾਨਾ ਲਾਇਆ ਅਤੇ ਆਪਣੇ ਸਾਥੀ ਨੂੰ ਫੋਨ ਟਰਾਂਸਫਰ ਕਰ ਦਿੱਤਾ। ਜਿਸ ਨੇ ਆਪਣਾ ਨਾਂ ਸੰਦੀਪ ਕੁਮਾਰ ਸਿੰਗਲਾ ਦੱਸਿਆ। ਗੱਲਾਂ-ਗੱਲਾਂ 'ਚ ਇਸ ਵਿਅਕਤੀ ਨੇ ਲਾਟਰੀ ਦੀ ਕੰਨਫਰਮੇਸ਼ਨ ਦੇ ਬਦਲੇ 'ਚ 14900 ਰੁਪਏ ਦੀ ਮੰਗ ਕੀਤੀ ਅਤੇ 2 ਅਕਾਊਂਟ ਨੰਬਰ ਵੀ ਭੇਜੇ। 
ਸੋਨੂੰ ਕੁਮਾਰ ਅਤੇ ਰੋਹਿਤ ਸ਼ਾਹ ਦੇ ਨਾਂ 'ਤੇ ਹੈ ਬੈਂਕ ਅਕਾਊਂਟ
ਕੇ. ਬੀ. ਸੀ. ਦੀ ਜਾਅਲੀ ਲਾਟਰੀ ਕੱਢ ਕੇ 14900 ਰੁਪਏ ਦੀ ਮੰਗ ਕਰਨ ਵਾਲੇ ਠੱਗ ਨੇ ਵਟਸਐਪ ਨੰਬਰ +1 (919) 296-5820 ਤੋਂ ਜੋ ਮੈਸੇਜ ਭੇਜੇ ਉਨ੍ਹਾਂ 'ਚ ਪੰਜਾਬ ਨੈਸ਼ਨਲ ਬੈਂਕ ਦਾ ਅਕਾਊਂਟ ਨੰਬਰ 0954000100135123 ਰੋਹਿਤ ਸ਼ਾਹ ਦੇ ਨਾਂ 'ਤੇ ਸੀ। ਜਦੋਂ ਇਸ ਪੱਤਰਕਾਰ ਨੇ ਪੀ. ਐੱਨ. ਬੀ. ਤੋਂ ਉਕਤ ਅਕਾਊਂਟ ਨੰਬਰ ਦੀ ਜਾਣਕਾਰੀ ਲਈ ਤਾਂ ਇਹ ਰੋਹਿਤ ਸ਼ਾਹ ਵਾਸੀ ਕੋਲਕਾਤਾ ਦਾ ਨਿਕਲਿਆ। 
ਇਸੇ ਤਰ੍ਹਾਂ ਠੱਗ ਨੇ ਬੈਂਕ ਆਫ ਬੈਂਕ ਆਫ ਇੰਡੀਆ ਦੇ ਖਾਤਾ ਨੰਬਰ 402210110008324, ਜੋ ਸੋਨੂੰ ਕੁਮਾਰ ਦੇ ਨਾਂ ਦਾ ਸੀ, ਦੀ ਡਿਟੇਲ ਭੇਜੀ ਤਾਂ ਬੈਂਕ ਆਫ ਬੜੌਦਾ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਕਿ ਇਹ ਸੋਨੂੰ ਕੁਮਾਰ ਕੋਲਕਾਤਾ ਦਾ ਹੀ ਵਾਸੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਠੱਗ ਕੋਲਕਾਤਾ ਤੋਂ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜੇਕਰ ਪੁਲਸ ਇਨ੍ਹਾਂ ਬੈਂਕ ਖਾਤਿਆਂ ਰਾਹੀਂ ਸਖਤੀ ਨਾਲ ਜਾਂਚ ਕਰੇ ਤਾਂ ਲਾਟਰੀ ਦੇ ਨਾਂ 'ਤੇ ਠੱਗੀ ਮਾਰਨ ਵਾਲੇ ਮਹਾ ਠੱਗ ਪਕੜ ਵਿਚ ਆ ਸਕਦੇ ਹਨ। ਜਿਸ ਨਾਲ ਆਉਣ ਵਾਲੇ ਸਮੇਂ ਵਿਚ  ਭੋਲੇ-ਭਾਲੇ ਲੋਕਾਂ ਦਾ ਬਚਾਅ ਹੋਵੇਗਾ।