ਵਿਆਹੁਤਾ ਨੇ ਪਤੀ ਦੇ ਖਿਲਾਫ ਕਾਰਵਾਈ ਕਰਨ ਦੀ ਉਚ ਅਧਿਕਾਰੀਆਂ ਤੋਂ ਕੀਤੀ ਮੰਗ

02/20/2018 5:24:09 PM

ਬਠਿੰਡਾ (ਸੁਖਵਿੰਦਰ) — ਵਿਆਹੁਤਾ ਵਲੋਂ ਉਚ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪ ਕੇ ਪਤੀ ਤੇ ਸਹੁਰਾ ਪਰਿਵਾਰ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਤਲਵੰਡੀ ਪੁਲਸ 'ਤੇ ਅਵਿਸ਼ਵਾਸ ਜਤਾਉਂਦਿਆਂ ਕੇਸ ਉਚ ਅਧਿਕਾਰੀਆਂ ਨੂੰ ਸੌਂਪਣ ਦੀ ਮੰਗ ਕੀਤੀ ਹੈ।
ਪ੍ਰੈਸ ਕਲਬ 'ਚ ਪੀੜਤ ਮਹਿਲਾ ਜਤਿੰਦਰ ਕੌਰ ਨਿਵਾਸੀ ਰਾਮਾ ਮੰਡੀ ਨੇ ਦੱਸਿਆ ਕਿ ਉਸ ਦਾ ਵਿਆਹ ਲੁਧਿਆਣਾ 'ਚ ਹੋਇਆ ਸੀ ਪਰ ਵਿਆਹ ਦੇ ਕੁਝ ਸਮੇਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਦਾ ਪਹਿਲਾਂ ਹੀ ਵਿਆਹ ਹੋ ਚੁੱਕਾ ਹੈ ਤੇ ਉਸ ਦੇ ਨਾਲ ਦੂਜਾ ਵਿਆਹ ਕਰਵਾ ਕੇ ਧੋਖਾ ਕੀਤਾ ਗਿਆ ਹੈ। ਇਸ ਤੋਂ ਬਾਅਦ ਉਸ ਨੇ ਪਤੀ ਦਾ ਵਿਰੋਧ ਕੀਤਾ ਤਾਂ ਉਸ ਦੇ ਪਤੀ ਤੇ ਸਹੁਰਾ ਪਰਿਵਾਰ ਵਲੋਂ ਤੰਗ ਪਰੇਸ਼ਾਨ ਕਰਕੇ ਜਾਨੋਂ ਮਾਰਨ ਦੀਆਂ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਇਸ ਤੋਂ ਇਲਾਵਾ ਦੋਸ਼ੀ ਨੇ ਉਸ ਨੂੰ ਫਿਨਾਇਲ ਪਿਲਾ ਕੇ ਮਾਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਸ ਦੀ ਜਾਨ ਬਚ ਗਈ ਪਰ ਇਸ ਦੌਰਾਨ ਉਸ ਦਾ ਗਰਭਪਾਤ ਵੀ ਹੋ ਗਿਆ। ਉਨ੍ਹਾਂ ਕਿਹਾ ਕਿ ਉਸ ਦੇ ਸਹੁਰਾ ਪਰਿਵਾਰ ਦੀ ਸਿਆਸੀ ਪਹੁੰਚ ਹੋਣ ਕਾਰਨ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਤਲਵੰਡੀ ਸਾਬੋ ਪੁਲਸ ਵਲੋਂ ਵੀ ਅਜੇ ਤਕ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।