ਧੋਖਾਦੇਹੀ ਦੇ ਮਾਮਲੇ ''ਚ ਤਿੰਨ ਸਾਲ ਦੀ ਕੈਦ ਤੇ ਜੁਰਮਾਨਾ

08/24/2017 11:37:23 AM

ਕਪੂਰਥਲਾ(ਮਲਹੋਤਰਾ)— ਐਡੀਸ਼ਨਲ ਜ਼ਿਲਾ ਸੈਸ਼ਨ ਜੱਜ ਮਾਣਯੋਗ ਸਚਿਨ ਸ਼ਰਮਾ ਦੀ ਅਦਾਲਤ ਨੇ ਚੱਲ ਰਹੇ ਧੋਖਾਦੇਹੀ ਦੇ ਇਕ ਮਾਮਲੇ 'ਚ ਆਪਣਾ ਫੈਸਲਾ ਸੁਣਾਉਂਦੇ ਹੋਏ ਦੋਸ਼ੀ ਨੂੰ ਵੱਖ-ਵੱਖ ਧਾਰਾਵਾਂ 'ਚ ਤਿੰਨ ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਦੇਣ ਦੀ ਸੂਰਤ 'ਚ ਦੋਸ਼ੀ ਨੂੰ ਹੋਰ ਸਜ਼ਾ ਭੁਗਤਣੀ ਹੋਵੇਗੀ। 
ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਪੁੱਤਰ ਵਿਰਸਾ ਸਿੰਘ ਨਿਵਾਸੀ ਬੁੱਢਾ ਥੇਹ ਢਿੱਲਵਾਂ ਕਪੂਰਥਲਾ ਨੇ 10ਵੀਂ ਜਮਾਤ ਦਾ ਫਰਜ਼ੀ ਸਰਟੀਫਿਕੇਟ ਬਣਵਾ ਕੇ ਬੈਂਕ ਤੋਂ ਲੋਨ ਲਿਆ ਸੀ। ਤਸਦੀਕ ਕਰਨ 'ਤੇ ਬਣਾਇਆ ਗਿਆ ਸਰਟੀਫਿਕੇਟ ਫਰਜ਼ੀ ਨਿਕਲਿਆ, ਜਿਸ 'ਤੇ ਥਾਣਾ ਢਿੱਲਵਾਂ ਦੀ ਪੁਲਸ ਨੇ ਦੋਸ਼ੀ ਦਰਸ਼ਨ ਸਿੰਘ 'ਤੇ ਮਈ 2006 ਦੌਰਾਨ ਮੁਕੱਦਮਾ ਨੰਬਰ 28 ਤਹਿਤ ਮਾਮਲਾ ਦਰਜ ਕੀਤਾ ਸੀ। ਥਾਣਾ ਢਿੱਲਵਾਂ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਸੀ। ਕਈ ਸਾਲਾਂ ਤੱਕ ਚੱਲੇ ਇਸ ਮਾਮਲੇ 'ਚ ਮਾਣਯੋਗ ਸਚਿਨ ਸ਼ਰਮਾ ਦੀ ਅਦਾਲਤ ਨੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਸ਼ੀ ਦਰਸ਼ਨ ਸਿੰਘ ਨੂੰ ਧਾਰਾ 420 ਦੇ ਤਹਿਤ ਤਿੰਨ ਸਾਲ ਦੀ ਕੈਦ ਤੇ 500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਜੁਰਮਾਨਾ ਨਾ ਦੇਣ ਦੀ ਸੂਰਤ 'ਚ 10 ਦਿਨ ਦੀ ਹੋਰ ਕੈਦ ਭੁਗਤਣੀ ਹੋਵੇਗੀ।