ਕਾਰੋਬਾਰੀਆਂ ਨੂੰ ਬੈਂਕ ਗਾਰੰਟੀ ਦਿਵਾਉਣ ਦੇ ਨਾਂ ''ਤੇ ਠੱਗਣ ਵਾਲਾ ਮਾਫੀਆ ਸਰਗਰਮ

02/17/2018 5:43:30 AM

ਲੁਧਿਆਣਾ(ਪੰਕਜ)-ਵਪਾਰ 'ਚ ਛਾਈ ਭਾਰੀ ਮੰਦੀ ਦੀ ਮਾਰ ਤੋਂ ਗ੍ਰਸਤ ਕਾਰੋਬਾਰੀਆਂ ਨੂੰ ਬੈਂਕ ਗਾਰੰਟੀ ਦਿਵਾਉਣ ਦੇ ਨਾਂ 'ਤੇ ਲੱਖਾਂ ਰੁਪਏ ਠੱਗਣ ਵਾਲੇ ਮਾਫੀਆ ਦੀ ਜਾਅਲਸਾਜ਼ੀ ਦਾ ਪੀੜਤਾਂ ਨੂੰ ਹਰਜਾਨਾ ਭਰਨਾ ਪੈ ਰਿਹਾ ਹੈ। ਬੈਂਕ ਗਾਰੰਟੀ ਜਾਅਲੀ ਨਿਕਲਣ 'ਤੇ ਪਹਿਲਾਂ ਤੋਂ ਲੱਖਾਂ ਰੁਪਏ ਗਵਾ ਚੁੱਕੇ ਕਾਰੋਬਾਰੀਆਂ ਨੂੰ ਉਲਟਾ ਪੁਲਸ ਕਾਰਵਾਈ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਅੱਧਾ ਦਰਜਨ ਦੇ ਲਗਭਗ ਕਾਰੋਬਾਰੀਆਂ ਨੂੰ ਬੈਂਕ ਗਾਰੰਟੀ ਦਿਵਾਉਣ ਦਾ ਝਾਂਸਾ ਦੇ ਕੇ ਠੱਗਣ ਵਾਲੇ ਜਲੰਧਰ ਨਿਵਾਸੀ ਸ਼ਾਤਿਰ ਨੌਸਰਬਾਜ਼ 'ਤੇ ਹਾਲਾਂਕਿ ਮਾਡਲ ਟਾਊਨ ਪੁਲਸ ਸਟੇਸ਼ਨ 'ਚ ਧੋਖਾਦੇਹੀ ਦੇ ਮਾਮਲੇ ਦਰਜ ਹਨ ਫਿਰ ਵੀ ਸ਼ਾਤਿਰ ਪੂਰੀ ਤਰ੍ਹਾਂ ਨਾਲ ਸ਼ਹਿਰ 'ਚ ਸਰਗਰਮ ਰਹਿ ਕੇ ਆਪਣੇ ਸ਼ਿਕਾਰ ਬਣਾਉਂਦਾ ਜਾ ਰਿਹਾ ਹੈ। ਜਗ ਬਾਣੀ ਦਫਤਰ ਪਹੁੰਚੇ ਕਾਰੋਬਾਰੀਆਂ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਮਾਰਕੀਟ 'ਚ ਫਾਇਨਾਂਸ਼ੀਅਲ ਤੰਗੀ ਕਿਸੇ ਤੋਂ ਲੁਕੀ ਨਹੀਂ ਹੈ। ਇਸ ਤਰ੍ਹਾਂ ਦੇ ਹਾਲਾਤ 'ਚ ਉਹ ਲੋਕ ਆਪਣੀਆਂ ਫੈਕਟਰੀਆਂ ਤੇ ਹੋਰ ਉਦਯੋਗਿਕ ਯੂਨਿਟ ਚਾਲੂ ਰੱਖਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਉਨ੍ਹਾਂ ਦੀ ਇਸ ਕਮਜ਼ੋਰੀ ਤੇ ਜ਼ਰੂਰਤ ਦਾ ਜਲੰਧਰ ਦੇ ਇਕ ਸ਼ਾਤਿਰ ਦੋਸ਼ੀ ਵੱਲੋਂ ਫਾਇਦੇ ਚੁੱਕਦੇ ਹੋਏ ਨਾ ਸਿਰਫ ਲੱਖਾਂ ਰੁਪਏ ਨਕਦ ਵਸੂਲ ਕਰ ਕੇ ਉਨ੍ਹਾਂ ਨੂੰ ਲੁੱਟਿਆ ਜਾ ਚੁੱਕਿਆ ਹੈ। ਸਗੋਂ ਉਲਟਾ ਉਸ ਦੀ ਜਾਅਲਸਾਜ਼ੀ ਦੀ ਕੀਮਤ ਉਨ੍ਹਾਂ ਨੂੰ ਪੁਲਸ ਕਾਰਵਾਈ ਦਾ ਸਾਹਮਣਾ ਕਰ ਕੇ ਚੁਕਾਉਣੀ ਪੈ ਰਹੀ ਹੈ। ਪੈਸਾ ਤੇ ਇੱਜ਼ਤ ਦੋਨੋਂ ਗਵਾਉਣ ਤੋਂ ਦੁਖੀ ਕਾਰੋਬਾਰੀਆਂ ਨੇ ਦੱਸਿਆ ਕਿ ਸ਼ਾਤਿਰ ਦੋਸ਼ੀ ਕਾਰੋਬਾਰੀਆਂ ਨੂੰ ਆਪਣੇ ਉੱਚ ਸਬੰਧਾਂ ਦੀ ਗੱਲ ਕਹਿ ਕੇ ਮਦਰਾਸ, ਕਲਕੱਤਾ, ਮੁੰਬਈ ਵਰਗੇ ਵੱਡੇ ਸ਼ਹਿਰਾਂ 'ਚ ਸਥਿਤ ਬੈਂਕਾਂ ਤੋਂ ਬੈਂਕ ਗਾਰੰਟੀ ਦਿਵਾਉਣ ਦਾ ਦਾਅਵਾ ਕਰ ਕੇ ਉਨ੍ਹਾਂ ਤੋਂ ਆਪਣਾ ਕਮਿਸ਼ਨ ਗਾਰੰਟੀ ਆਉਣ ਦੇ ਬਾਅਦ ਲੈਣ ਦਾ ਝਾਂਸਾ ਦੇ ਕੇ ਵਿਸ਼ਵਾਸ 'ਚ ਲੈ ਲੈਂਦਾ ਹੈ ਤੇ ਉਨ੍ਹਾਂ ਸ਼ਹਿਰਾਂ 'ਚ ਸਰਗਰਮ ਆਪਣੇ ਸਾਥੀਆਂ ਨੂੰ ਬੈਂਕ ਕਰਮਚਾਰੀ ਦੱਸ ਕੇ ਬਾਕਾਇਦਾ ਮੋਬਾਇਲ 'ਤੇ ਗੱਲ ਵੀ ਕਰਵਾਉਂਦਾ ਹੈ, ਜੋ ਕਿ 30 ਤੋਂ 45 ਦਿਨ 'ਚ ਬੈਂਕ ਗਾਰੰਟੀ ਦਿਵਾਉਣ ਦਾ ਦਾਅਵਾ ਕਰਦੇ ਹਨ। ਪ੍ਰੇਸ਼ਾਨ ਕਾਰੋਬਾਰੀ ਸ਼ਾਤਿਰ ਦੋਸ਼ੀ ਦੇ ਜਾਲ 'ਚ ਆਸਾਨੀ ਨਾਲ ਫਸ ਜਾਂਦਾ ਹੈ ਤੇ ਜਲਦੀ ਕੰਮ ਕਰਵਾਉਣ ਦੇ ਨਾਂ 'ਤੇ ਦੋਸ਼ੀ ਲੱਖਾਂ ਰੁਪਏ ਨਕਦ ਤੇ ਸਬੰਧਤ ਸ਼ਹਿਰਾਂ 'ਚ ਝੂਠੇ ਬੈਂਕ ਕਰਮਚਾਰੀਆਂ ਦੇ ਖਾਤੇ 'ਚ ਪਵਾਉਂਦਾ ਰਹਿੰਦਾ ਹੈ। ਇਹ ਖੇਲ ਤਦ ਤੱਕ ਚੱਲਦਾ ਰਹਿੰਦਾ ਹੈ, ਜਦ ਤੱਕ ਕਾਰੋਬਾਰੀ ਉਸ ਦੀਆਂ ਗੱਲਾਂ 'ਚ ਆ ਕੇ ਨਕਦ ਰਕਮ ਚੁਕਾਉਂਦਾ ਰਹਿੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਲੱਖਾਂ ਰੁਪਏ ਹੜੱਪਣ ਦੇ ਬਾਅਦ ਜੋ ਬੈਂਕ ਗਾਰੰਟੀ ਜਾਰੀ ਕਰਵਾਉਂਦਾ ਹੈ, ਅਸਲ 'ਚ ਉਹ ਜਾਅਲੀ ਹੁੰਦੀ ਹੈ, ਜਿਸ ਕਾਰਨ ਪਹਿਲਾਂ ਤੋਂ ਲੱਖਾਂ ਰੁਪਏ ਲੁਟਾਉਣ ਤੋਂ ਪ੍ਰੇਸ਼ਾਨ ਕਾਰੋਬਾਰੀਆਂ ਦੇ ਪੈਰਾਂ ਹੇਠੋਂ ਜ਼ਮੀਨ ਤਦ ਖਿਸਕਦੀ ਹੈ, ਜਦ ਬੈਂਕ ਗਾਰੰਟੀ ਦੀ ਵੈਰੀਫਿਕੇਸ਼ਨ ਕਰਵਾਉਣ ਉਪਰੰਤ ਸਬੰਧਤ ਵਿਭਾਗ ਉਲਟਾ ਉਨ੍ਹਾਂ ਨੂੰ ਧੋਖੇਬਾਜ਼ ਸਮਝ ਕੇ ਪੁਲਸ 'ਚ ਇਸ ਦੀ ਸ਼ਿਕਾਇਤ ਕਰ ਦਿੰਦਾ ਹੈ ਤੇ ਪੁਲਸ ਉਨ੍ਹਾਂ 'ਤੇ ਧੋਖਾਦੇਹੀ ਦਾ ਮਾਮਲਾ ਦਰਜ ਕਰ ਦਿੰਦੀ ਹੈ। ਪੈਸਾ ਤੇ ਇੱਜ਼ਤ ਦੋਨੋਂ ਲੁੱਟਣ ਤੋਂ ਪ੍ਰੇਸ਼ਾਨ ਪੀੜਤਾਂ ਨੇ ਪੁਲਸ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਦੀ ਸੱਚਾਈ ਸਮਝ ਕੇ ਉਨ੍ਹਾਂ ਦੀ ਮਦਦ ਕਰਵਾਉਣ ਤੇ ਦੋਸ਼ੀ ਸਮੇਤ ਉਸ ਦੇ ਸਾਥੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।