ਪੀੜਤ ਜੋੜਾ ਤੇਲ ਦੀ ਪੀਪੀ ਤੇ ਸਲਫਾਸ ਲੈ ਕੇ ਪੁੱਜਾ ਠੱਗ ਦੇ ਘਰ

01/14/2018 7:49:49 AM

ਫੌਜ 'ਚ ਭਰਤੀ ਕਰਵਾਉਣ ਦੇ ਨਾਂ 'ਤੇ ਠੱਗੇ ਲੱਖਾਂ
ਭਵਾਨੀਗੜ੍ਹ(ਵਿਕਾਸ, ਅੱਤਰੀ)- ਪਿੰਡ ਬਲਿਆਲ ਵਿਖੇ ਸ਼ਨੀਵਾਰ ਸਵੇਰੇ ਉਸ ਵੇਲੇ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਇਕ ਵਿਅਕਤੀ ਆਪਣੀ ਪਤਨੀ ਨਾਲ ਫੌਜ 'ਚ ਭਰਤੀ ਕਰਵਾਉਣ ਦੇ ਨਾਂ 'ਤੇ ਹੋਈ ਠੱਗੀ ਤੋਂ ਪ੍ਰੇਸ਼ਾਨ ਹੋ ਕੇ ਤੇਲ ਦੀ ਪੀਪੀ ਤੇ ਸਲਫਾਸ ਲੈ ਕੇ ਠੱਗੀ ਕਰਨ ਵਾਲੇ ਵਿਅਕਤੀ ਦੇ ਘਰ ਪਹੁੰਚ ਗਿਆ, ਜਿਸ ਦਾ ਰੌਲਾ ਪੈਣ 'ਤੇ ਠੱਗੀ ਦੇ ਸ਼ਿਕਾਰ ਹੋਏ ਪਿੰਡ ਦੇ ਹੋਰ ਪੀੜਤ ਲੋਕ ਵੀ ਇਕੱਠੇ ਹੋ ਗਏ, ਜਿਨ੍ਹਾਂ ਨੇ ਪਤੀ-ਪਤਨੀ ਨੂੰ ਸਮਝਾ ਕੇ ਅਜਿਹਾ ਕਰਨ ਤੋਂ ਰੋਕਦਿਆਂ ਠੱਗੀ ਕਰਨ ਵਾਲੇ ਵਿਅਕਤੀ 'ਤੇ ਕਾਰਵਾਈ ਨਾ ਕਰਨ ਦੇ ਰੋਸ 'ਚ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪਿੰਡ ਦੇ ਵਾਸੀਆਂ ਜਰਨੈਲ ਸਿੰਘ, ਸਤਗੁਰ ਸਿੰਘ, ਗੁਰਧਿਆਨ ਸਿੰਘ, ਦੀਦਾਰ ਸਿੰਘ, ਚਮਕੌਰ ਸਿੰਘ, ਸ਼ਮਸ਼ੇਰ ਸਿੰਘ, ਬੁੱਧ ਰਾਮ ਤੇ ਨਿਰਭੈ ਸਿੰਘ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਪਿੰਡ ਦੇ ਹੀ ਇਕ ਨੌਜਵਾਨ ਨੇ ਸਾਡੇ ਬੱਚਿਆਂ ਨੂੰ ਫੌਜ 'ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 23 ਲੱਖ ਰੁਪਏ ਹੜੱਪ ਲਏ। 2 ਸਾਲ ਬੀਤ ਜਾਣ ਦੇ ਬਾਵਜੂਦ ਉਕਤ ਵਿਅਕਤੀ ਨੇ ਨਾ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਫੌਜ 'ਚ ਨੌਕਰੀ 'ਤੇ ਲਵਾਇਆ ਤੇ ਨਾ ਹੀ ਪੈਸੇ ਮੋੜ ਰਿਹਾ ਹੈ।
ਪੁਣੇ 'ਚ ਮੈਡੀਕਲ ਕਰਵਾ ਕੇ ਦਿੱਤੇ ਜਾਅਲੀ ਨਿਯੁਕਤੀ-ਪੱਤਰ : ਪੀੜਤ ਲੋਕਾਂ ਮੁਤਾਬਕ ਉਕਤ ਵਿਅਕਤੀ ਭਰੋਸੇ 'ਚ ਰੱਖਣ ਲਈ ਉਨ੍ਹਾਂ ਦੇ ਬੱਚਿਆਂ ਨੂੰ ਮੈਡੀਕਲ ਕਰਵਾਉਣ ਲਈ ਕਈ ਵਾਰ ਪੁਣੇ ਵੀ ਲੈ ਕੇ ਗਿਆ, ਜਿਥੇ ਉਸ ਨੇ ਇਕ ਵਿਅਕਤੀ ਨੂੰ ਮਿਲਾ ਕੇ ਉਨ੍ਹਾਂ ਨੂੰ ਫੌਜ ਦੀ ਨੌਕਰੀ ਸੰਬੰਧੀ ਨਿਯੁਕਤੀ-ਪੱਤਰ ਵੀ ਫੜਾ ਦਿੱਤੇ। ਇਨ੍ਹਾਂ ਪੱਤਰਾਂ ਦੇ ਆਧਾਰ 'ਤੇ ਜਦੋਂ ਉਨ੍ਹਾਂ ਦੇ ਬੱਚੇ ਨੌਕਰੀ ਲੈਣ ਲਈ ਫੌਜ ਦੇ ਅਧਿਕਾਰੀਆਂ ਕੋਲ ਗਏ ਤਾਂ ਅਧਿਕਾਰੀਆਂ ਨੇ ਸਾਰੇ ਨਿਯੁਕਤੀ-ਪੱਤਰਾਂ ਨੂੰ ਜਾਅਲੀ ਦੱਸ ਕੇ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਪੀੜਤਾਂ ਨੂੰ ਆਪਣੇ ਨਾਲ ਹੋਈ ਠੱਗੀ ਬਾਰੇ ਪਤਾ ਲੱਗਾ, ਜਿਸ 'ਤੇ ਉਨ੍ਹਾਂ ਠੱਗ ਨੌਜਵਾਨ ਨੂੰ ਪੈਸੇ ਵਾਪਸ ਮੋੜਨ ਲਈ ਕਿਹਾ ਤਾਂ ਉਹ ਟਾਲ-ਮਟੋਲ ਕਰਨ ਲੱਗਾ ਤੇ ਕਿਤੇ ਗਾਇਬ ਹੋ ਗਿਆ। ਅਖੀਰ 'ਚ ਪੀੜਤਾਂ ਨੇ ਜ਼ਿਲਾ ਪੁਲਸ ਮੁਖੀ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੇਣ ਦੀ ਮੰਗ ਕੀਤੀ।
ਕਈ ਮਹੀਨੇ ਬੀਤ ਜਾਣ 'ਤੇ ਵੀ ਪੁਲਸ ਨੇ ਨਹੀਂ ਕੀਤੀ ਕਾਰਵਾਈ : ਅੱਜ ਇਕੱਠੇ ਹੋਏ ਠੱਗੀ ਦੇ ਸ਼ਿਕਾਰ ਹੋਏ ਲੋਕਾਂ ਨੇ ਦੱਸਿਆ ਕਿ ਸ਼ਿਕਾਇਤ ਕਰਨ ਦੇ ਬਾਵਜੂਦ ਕਈ ਮਹੀਨੇ ਬੀਤ ਜਾਣ 'ਤੇ ਵੀ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਪੀੜਤ ਲੋਕ ਮਾਨਸਿਕ ਪ੍ਰੇਸ਼ਾਨੀ ਕਾਰਨ ਖੁਦਕੁਸ਼ੀ ਕਰਨ ਤੱਕ ਤਿਆਰ ਹੋ ਗਏ। ਖਬਰ ਲਿਖੇ ਜਾਣ ਤੱਕ ਪੀੜਤ ਲੋਕ ਠੱਗੀ ਕਰਨ ਵਾਲੇ ਦੇ ਘਰ ਧਰਨਾ ਲਾਈ ਬੈਠੇ ਸਨ। ਠੱਗ ਨੌਜਵਾਨ ਨੂੰ ਮਾਪੇ ਕਰ ਚੁੱਕੇ ਹਨ ਬੇਦਖਲ : ਇਸ ਸੰਬੰਧੀ ਜਦੋਂ ਪੱਤਰਕਾਰਾਂ ਨੇ ਪੀੜਤ ਲੋਕਾਂ ਤੋਂ ਮੋਬਾਇਲ ਨੰਬਰ ਲੈ ਕੇ ਠੱਗ ਨੌਜਵਾਨ ਦੇ ਵੱਖ-ਵੱਖ ਨੰਬਰਾਂ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਰੇ ਨੰਬਰ ਬੰਦ ਮਿਲੇ। ਬਾਅਦ 'ਚ ਉਸ ਦੇ ਮਾਪਿਆਂ ਨੇ ਦੱਸਿਆ ਕਿ ਉਹ ਆਪਣੇ ਲੜਕੇ ਹਰਮਨ ਨੂੰ ਕਈ ਸਾਲ ਪਹਿਲਾਂ ਹੀ ਬੇਦਖਲ ਕਰ ਚੁੱਕੇ ਹਨ ਤੇ ਹੁਣ ਉਨ੍ਹਾਂ ਦਾ ਉਸ ਨਾਲ ਕੋਈ ਸੰਬੰਧ ਨਹੀਂ। ਦੂਜੇ ਪਾਸੇ, ਪੂਰੇ ਮਾਮਲੇ ਸੰਬੰਧੀ ਜਦੋਂ 'ਜਗ ਬਾਣੀ' ਨੇ ਐੱਸ. ਪੀ. (ਡੀ) ਸੰਗਰੂਰ ਹਰਮੀਤ ਸਿੰਘ ਹੁੰਦਲ ਨਾਲ ਉਨ੍ਹਾਂ ਦੇ ਫੋਨ 'ਤੇ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਫੋਨ ਸੁਣਨ ਵਾਲੇ ਵਿਅਕਤੀ ਨੇ ਦੱਸਿਆ ਕਿ ਐੱਸ. ਪੀ. ਸਾਹਿਬ ਛੁੱਟੀ 'ਤੇ ਹਨ। ਹਾਲਾਂਕਿ ਉਕਤ ਵਿਅਕਤੀ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ।