ਕੈਨੇਡਾ ਰਹਿ ਰਹੀ ਕੁੜੀ ਨੇ ਲੁੱਟਿਆ ਪੰਜਾਬੀ ਮੁੰਡਾ, ਹੁਣ ਵਾਅਦੇ ਤੋਂ ਮੁੱਕਰੀ

12/28/2019 4:21:39 PM

ਸ੍ਰੀ ਮੁਕਤਸਰ ਸਾਹਿਬ (ਕੁਲਦੀਪ) : ਕੈਨੇਡਾ ਰਹਿਣ ਵਾਲੀ ਕੁੜੀ ਨੇ ਪੰਜਾਬੀ ਮੁੰਡੇ ਨੂੰ ਪਹਿਲਾਂ ਵਿਦੇਸ਼ ਲਿਜਾਣ ਦੇ ਸੁਪਨੇ ਦਿਖਾਏ ਅਤੇ ਅਖੀਰ 'ਚ ਉਸ ਨਾਲ ਠਗੀ ਮਾਰ ਕੇ ਆਪਣੇ ਵਾਅਦਿਆਂ ਤੋਂ ਮੁੱਕਰ ਗਈ, ਜਿਸ ਤੋਂ ਬਾਅਦ ਉਕਤ ਕੁੜੀ ਸਮੇਤ 4 ਲੋਕਾਂ 'ਤੇ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਗੁਰਦੀਪ ਸਿੰਘ ਵਾਸੀ ਮੁਕਤਸਰ ਨੇ ਦੱਸਿਆ ਕਿ ਪਿੰਡ ਸੰਗੂਧੌਣ ਵਾਸੀ ਮੇਜਰ ਸਿੰਘ ਤੇ ਲਖਵਿੰਦਰ ਸਿੰਘ ਨੇ ਕਿਸੇ ਰਿਸ਼ਤੇਦਾਰ ਰਾਹੀਂ ਉਸ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਲੜਕੀ ਪ੍ਰਭਜੋਤ ਕੌਰ, ਉਸ ਨੂੰ ਕੈਨੇਡਾ ਲੈ ਜਾਵੇਗੀ, ਜਿਸ ਦੇ ਲਈ 30 ਲੱਖ ਰੁਪਏ ਦੇਣੇ ਪੈਣਗੇ।

ਇਸ ਤੋਂ ਬਾਅਦ 18 ਅਪ੍ਰੈਲ, 2017 ਨੂੰ ਮੁਕਤਸਰ ਗੈਸਟ ਹਾਊਸ ਵਿਖੇ ਗੁਰਦੀਪ ਤੇ ਪ੍ਰਭਜੋਤ ਦਾ ਵਿਆਹ ਹੋ ਗਿਆ ਅਤੇ ਪ੍ਰਭਜੋਤ ਵਾਪਸ ਕੈਨੇਡਾ ਚਲੀ ਗਈ। ਇਸ ਦੌਰਾਨ ਗੁਰਦੀਪ ਦੇ ਪਰਿਵਾਰ ਵਲੋਂ ਪ੍ਰਭਜੋਤ ਦੇ ਪਰਿਵਾਰ ਨੂੰ ਕਰੀਬ 30 ਲੱਖ ਰੁਪਏ ਦਿੱਤੇ ਜਾ ਚੁੱਕੇ ਸਨ। ਇਸ ਤੋਂ ਬਾਅਦ ਗੁਰਦੀਪ ਨੇ ਪ੍ਰਭਜੋਤ ਦੇ ਰਿਸ਼ਤੇਦਾਰ ਕੋਲੋਂ ਹੀ ਵੀਜ਼ਾ ਦੀ 3 ਵਾਰ ਫਾਈਲ ਲਾਈ ਅਤੇ 3 ਵਾਰ ਹੀ ਵੀਜ਼ਾ ਰਿਜੈਕਟ ਹੋ ਗਿਅ। ਜਦੋਂ ਗੁਰਦੀਪ ਨੇ ਇਹ ਕਾਗਜ਼ ਬਾਹਰ ਕਿਸੇ ਏਜੰਟ ਨੂੰ ਦਿਖਾਏ ਤਾਂ ਪਤਾ ਲੱਗਿਆ ਕਿ ਪ੍ਰਭਜੋਤ ਕੌਰ ਉੱਥੇ ਖੁਦ ਨੂੰ ਕੁਆਰੀ ਜ਼ਾਹਰ ਕਰ ਰਹੀ ਹੈ, ਜਿਸ ਕਾਰਨ ਉਸ ਦਾ ਵੀਜ਼ਾ ਨਹੀਂ ਲੱਗ ਰਿਹਾ।

ਜਦੋਂ ਇਸ ਮਾਮਲੇ 'ਚ ਉਕਤ ਵਿਅਕਤੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਠਗੀ ਮਾਰਨੀ ਸੀ, ਸੋ ਮਾਰ ਲਈ। ਸ਼ਿਕਾਇਤ ਕਰਤਾ ਮੁਤਾਬਕ ਦੋਸ਼ੀਆਂ ਨੇ ਹੁਣ ਆਪਣੀ ਚੱਲ-ਅਚੱਲ ਜਾਇਦਾਦ ਵੀ ਵੇਚ ਦਿੱਤੀ ਹੈ ਅਤੇ ਵਿਦੇਸ਼ ਜਾਣ ਦੀ ਤਾਕ 'ਚ ਹਨ। ਫਿਲਹਾਲ ਸ਼ਿਕਾਇਤ ਕਰਤਾ ਦੇ ਬਿਆਨਾਂ 'ਤੇ ਪੁਲਸ ਨੇ ਪ੍ਰਭਜੋਤ ਕੌਰ, ਉਸ ਦੇ ਪਿਤਾ ਮੇਜਰ ਸਿੰਘ, ਭਰਾ ਲਖਵਿੰਦਰ ਸਿੰਘ ਅਤੇ ਮਾਤਾ ਵੀਰਪਾਲ ਕੌਰ 'ਤੇ ਮਾਮਲਾ ਦਰਜ ਕਰ ਲਿਆ ਹੈ।

Babita

This news is Content Editor Babita