ਨਕਲੀ ਦੁੱਧ ਬਨਾਉਣ ਵਾਲੇ 4 ਵਿਅਕਤੀ ਸਾਮਾਨ ਸਮੇਤ ਗ੍ਰਿਫਤਾਰ

01/19/2018 5:49:08 PM

ਸੰਗਰੂਰ (ਬੇਦੀ) — ਜ਼ਿਲਾ ਪੁਲਸ ਸੰਗਰੂਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋ ਪਿੰਡ ਰੂਪਾਹੇੜੀ (ਸੰਗਰੂਰ) ਵਿਖੇ ਨਕਲੀ ਦੁੱਧ ਤਿਆਰ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ 4 ਮੁੱਖ ਦੋਸ਼ੀ ਗ੍ਰਿਫਤਾਰ ਕੀਤੇ ਗਏ। ਦੋਸ਼ੀਆਂ ਕੋਲੋਂ 58 ਕਿਲੋ ਤਿਆਰ ਕੀਤਾ ਨਕਲੀ ਦੁੱਧ, ਰਿਫਾਇੰਡ 195 ਕਿਲੋ, ਖਾਲੀ ਪੀਪੇ 153, ਸ਼ੱਕਰ ਖੰਡ ਮਿਕਸ 15 ਕਿਲੋ, ਗੁਲੂਕੋਸ ਪਾਊਡਰ 10 ਕਿਲੋ, 8 ਮਧਾਨੀਆਂ, 4 ਪਿੱਕਅਪ ਗੱਡੀਆਂ, 40 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਗਏ ।
ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 19.01.18 ਨੂੰ ਇੰਸਪੈਕਟਰ ਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਸੰਗਰੂਰ ਨੂੰ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਮਰੀਕ ਸਿੰਘ ਉਰਫ ਕਾਲਾ ਪੁੱਤਰ ਸੁਖਦੇਵ ਸਿੰਘ, ਪ੍ਰਿਤਪਾਲ ਸਿੰਘ ਉਰਫ ਸੋਨੀ ਪੁੱਤਰ ਗੁਰਚਰਨ ਸਿੰਘ, ਹਰਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਗੁਰਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਰੁਪਾਹੇੜੀ ਆਪੋ-ਆਪਣੇ ਘਰਾਂ 'ਚ ਆਪਣੇ ਪਰਿਵਾਰ ਦੇ ਮੈਂਬਰਾਂ ਸਮੇਤ ਨਕਲੀ ਦੁੱਧ ਤਿਆਰ ਕਰਕੇ ਵੇਰਕਾ ਸੈਂਟਰਾਂ 'ਚ ਸਪਲਾਈ ਕਰਦੇ ਹਨ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਸੁਖਦੇਵ ਸਿੰਘ ਉਪ ਕਪਤਾਨ ਪੁਲਸ ਦੀ ਨਿਗਰਾਨੀ ਹੇਠ ਇੰਸਪੈਕਟਰ ਦਵਿੰਦਰ ਸਿੰਘ ਮੁੱਖ ਅਫਸਰ ਸਦਰ ਸੰਗਰੂਰ ਸਮੇਤ ਪੁਲਸ ਪਾਰਟੀ ਅਤੇ ਸੰਦੀਪ ਸਿੰਘ ਸੰਧੂ ਫੂਡ ਸੇਫਟੀ ਅਫਸਰ ਸੰਗਰੂਰ, ਰਵਿੰਦਰ ਪਾਲ ਸਿੰਘ ਗਰਗ ਸਹਾਇਕ ਕਮਿਸ਼ਨਰ ਫੂਡ ਸੰਗਰੂਰ ਨੂੰ ਹਮਰਾਹ ਲੈ ਕੇ ਪਿੰਡ ਰੂਪਾਹੇੜੀ (ਥਾਣਾ ਸਦਰ ਸੰਗਰੂਰ) ਵਿਖੇ ਦੋਸ਼ੀਆਂ ਦੇ ਘਰ ਜਾ ਕੇ ਰੇਡ ਕੀਤੀ ਗਈ ਤੇ ਮੌਕੇ 'ਤੇ ਉਕਤ ਦੋਸ਼ੀਆਂ ਨੂੰ ਕਾਬੂ ਕਰਕੇ ਦੌਰਾਨੇ ਸਰਚ ਦੋਸ਼ੀ ਅਮਰੀਕ ਸਿੰਘ ਉਰਫ ਕਾਲਾ ਪਾਸੋਂ ਰਿਫਾਇੰਡ 110 ਲੀਟਰ, ਮਧਾਨੀ 01, ਖਾਲੀ ਡਰੱਮ 57, ਨਕਦ 40,000/- ਰੁਪਏ, ਗੱਡੀ ਪਿੱਕਅਪ, ਪ੍ਰਿਤਪਾਲ ਸਿੰਘ ਉਰਫ ਸੋਨੀ ਪਾਸੋਂ 28 ਕਿਲੋ ਨਕਲੀ ਦੁੱਧ, ਰਿਫਾਇੰਡ 10 ਕਿਲੋਂ, ਗੱਡੀ ਪਿੱਕਅਪ, 02 ਮਧਾਨੀਆਂ, 25 ਖਾਲੀ ਡਰੱਮ ਦੁੱਧ, ਹਰਜਿੰਦਰ ਸਿੰਘ ਪਾਸੋਂ ਨਕਲੀ ਦੁੱਧ 20 ਲੀਟਰ, ਖਾਲੀ ਡਰੱਮ ਦੁੱਧ 36, 01 ਮਧਾਨੀ, ਰਿਫਾਇੰਡ ਦਾ ਇਕ ਪੀਪਾ, ਪਿੱਕਅਪ ਗੱਡੀ, ਗੁਰਦੀਪ ਸਿੰਘ ਪਾਸੋਂ ਰਿਫਾਇੰਡ 4 ਪੀਪੇ, ਸ਼ੱਕਰ ਖੰਡ ਮਿਕਸ 15 ਕਿਲੋ, ਦੁੱਧ ਪਾਊਡਰ 8 ਕਿਲੋ, ਗੁਲੂਕੋਸ ਪਾਊਡਰ 10 ਕਿਲੋ, 04 ਮਧਾਨੀਆਂ, ਖਾਲੀ ਡਰੱਮ 35, 10 ਕਿਲੋ ਨਕਲੀ ਦੁੱਧ ਗੱਡੀ ਪਿੱਕਅਪ ਮੌਕੇ ਤੋਂ ਬਰਾਮਦ ਕਰਵਾਇਆ ਗਿਆ।
ਦੋਸ਼ੀਆਂ ਕੋਲੋਂ ਪੁੱਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਵੇਰਕਾ ਮਿਲਕ ਪਲਾਟ ਵਿਖੇ ਗੱਡੀਆਂ ਪਿੱਕਅਪ ਦੁੱਧ ਇਕੱਠਾ ਕਰਨ ਲਈ ਲਗਾਈਆਂ ਹੋਈਆਂ ਹਨ, ਜੋ ਵੱਖ-ਵੱਖ ਪਿੰਡਾਂ/ਸੈਟਰਾਂ 'ਚੋ ਦੁੱਧ ਇਕੱਠਾ ਕਰਕੇ ਮਿਲਕ ਪਲਾਂਟ ਪਹੁੰਚਾਉਦੀਆਂ ਹਨ। ਇਹ ਵਿਅਕਤੀ ਆਪਣੇ-ਆਪਣੇ ਘਰਾਂ 'ਚ ਨਕਲੀ ਦੁੱਧ ਬਣਾ ਕੇ ਨਾਲ ਲੈ ਜਾਦੇ ਸਨ ਤੇ ਸੈਟਰਾਂ ਤੋ ਇੱਕਠੇ ਹੋਏ ਦੁੱਧ 'ਚ ਮਿਲਾ ਦਿੰਦੇ ਹਨ ਤੇ ਦੁੱਧ ਦੀ ਮਾਤਰਾ ਵਧਾ ਕੇ ਵੇਰਕਾ ਪਲਾਂਟ ਵਿਖੇ ਪਹੁੰਚਾ ਦਿੰਦੇ ਸੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।