ਦੁਕਾਨ ਦੀ ਕੰਧ ਪਾੜ ਕੇ ਅੰਦਰੋਂ ਤਾਲੇ ਲਾਉਣ ''ਤੇ 4 ਵਿਰੁੱਧ ਕੇਸ ਦਰਜ

02/07/2018 7:17:22 AM

ਫਗਵਾੜਾ, (ਹਰਜੋਤ)- ਡੱਡਲ ਮੁਹੱਲਾ ਵਿਖੇ ਪ੍ਰਵਾਸੀ ਭਾਰਤੀ ਦੀਆਂ ਬੰਦ ਪਈਆਂ ਦੁਕਾਨਾਂ ਦੀ ਪਿਛਲੀ ਕੰਧ ਤੋੜ ਕੇ ਅੰਦਰੋਂ ਤਾਲੇ ਲਾਉਣ ਦੇ ਦੋਸ਼ 'ਚ 4 ਵਿਅਕਤੀਆਂ ਖਿਲਾਫ਼ ਧਾਰਾ 448, 511, 380 ਤਹਿਤ ਪੁਲਸ ਨੇ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅਜੀਤ ਸਿੰਘ ਵਾਸੀ ਸਵੀਡਨ ਨੇ ਦਰਜ ਕਰਵਾਈ ਰਿਪੋਰਟ 'ਚ ਕਿਹਾ ਕਿ ਉਸ ਦੀਆਂ ਦੁਕਾਨਾਂ ਬੰਦ ਪਈਆਂ ਸਨ। ਕੁੱਝ ਸਮਾਂ ਉਹ ਬਾਹਰ ਚਲਾ ਗਿਆ। ਹੁਣ ਉਸ ਨੇ ਆ ਕੇ ਦੇਖਿਆ ਤਾਂ ਦੁਕਾਨ ਅੰਦਰੋਂ ਗੁਆਂਢੀਆਂ ਨੇ ਤਾਲੇ ਲਾਏ ਹੋਏ ਸਨ। ਅੰਦਰ ਪਿਆ ਸਾਮਾਨ ਗਾਇਬ ਸੀ।

ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਤਾਂ ਐੱਸ. ਐੱਚ. ਓ. ਸਿਟੀ ਭਰਤ ਮਸੀਹ, ਥਾਣੇਦਾਰ ਬਲਵਿੰਦਰ ਰਾਏ ਤੇ ਭਗਵੰਤ ਸਿੰਘ ਮੌਕੇ 'ਤੇ ਪੁੱਜੇ। ਮਗਰੋਂ ਜਾ ਕੇ ਦੇਖਿਆ ਤਾਂ ਕੰਧ ਪਾੜ ਕੇ ਤਾਲੇ ਲਾਏ ਗਏ ਸਨ। ਇਸ ਸਬੰਧੀ ਪੁਲਸ ਨੇ ਸੁਖਵਿੰਦਰ ਸਿੰਘ, ਬਿਕਰਮਜੀਤ ਸਿੰਘ, ਸਰਵਣ ਸਿੰਘ ਤੇ ਪਰਮਜੀਤ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ।