ਸਾਬਕਾ ਕਾਂਗਰਸੀ ਸਰਪੰਚ ਦੀ ਕੁੱਟਮਾਰ ਕਰਕੇ 50 ਹਜ਼ਾਰ ਖੋਹੇ

10/30/2018 5:59:49 PM

ਸਾਦਿਕ (ਪਰਮਜੀਤ) : ਨੇੜਲੇ ਪਿੰਡ ਚੰਨੀਆਂ ਦੇ ਸਾਬਕਾ ਕਾਂਗਰਸੀ ਸਰਪੰਚ ਦੀ ਕੁਝ ਲੋਕਾਂ ਵੱਲੋਂ ਭਾਰੀ ਕੁੱਟਮਾਰ ਕਰਕੇ 50 ਹਜ਼ਾਰ ਰੁਪਏ ਖੋਹ ਲਏ ਗਏ। ਪੀੜਤ ਕ੍ਰਿਸ਼ਨ ਕੁਮਾਰ ਪੁੱਤਰ ਭਗਵਾਨ ਦਾਸ ਸਾਬਕਾ ਸਰਪੰਚ ਵਾਸੀ ਚੰਨੀਆਂ ਜੋ ਪ੍ਰਾਈਵੇਟ ਤੌਰ 'ਤੇ ਠੇਕੇਦਾਰੀ ਕਰਦਾ ਹੈ ਨੇ ਪੁਲਸ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਮੇਰੇ ਭਰਾ ਨਾਲ ਜਗਸੀਰ ਸਿੰਘ ਉਰਫ ਜੱਗਾ ਸਿੰਘ ਪੁੱਤਰ ਬੂਟਾ ਸਿੰਘ ਤੇ ਹੋਰਾਂ ਨੇ ਲੜਾਈ ਝਗੜਾ ਕੀਤਾ ਸੀ ਜਿਸ ਸਬੰਧੀ 23 ਅਕਤੂਬਰ ਨੂੰ ਥਾਣਾ ਸਾਦਿਕ ਵਿਖੇ ਕੇਸ ਦਰਜ ਹੋਇਆ ਸੀ। ਜਗਸੀਰ ਸਿੰਘ ਸਾਡੇ 'ਤੇ ਮੁਕੱਦਮਾ ਵਾਪਸ ਲੈਣ ਲਈ ਦਬਾਅ ਪਾਉਂਦੇ ਸਨ ਪਰ ਅਸੀਂ ਰਾਜੀਨਾਮੇ ਲਈ ਤਿਆਰ ਨਹੀਂ ਸੀ। ਬੀਤੇ ਦਿਨੀਂ ਮੈਂ ਤੇ ਮੰਗਲ ਸਿੰਘ ਮੋਟਰਸਾਈਕਲ 'ਤੇ ਪਿੰਡ ਚੰਨੀਆਂ ਨੂੰ ਵਾਪਸ ਆ ਰਹੇ ਸੀ ਕਿ ਜਦੋਂ ਅਸੀਂ ਸਾਦਿਕ ਤੋਂ ਪਿੰਡ ਚੰਨੀਆਂ ਨੂੰ ਜਾ ਰਹੇ ਸੀ ਤਾਂ ਦੁਪਿਹਰ ਡੇਢ ਵਜੇ ਪਿੰਡ ਢਿੱਲਵਾਂ ਖੁਰਦ ਦੇ ਬੱਸ ਅੱਡੇ ਤੋਂ ਕੁਝ ਪਿੱਛੇ ਸੀ ਤਾਂ ਸਾਹਮਣੇ ਤੋਂ ਤਿੰਨ ਮੋਟਰ ਸਾਈਕਲ ਅਤੇ ਦੋ ਕਾਰਾਂ ਤੇ ਸਵਾਰ 10-11 ਜਣੇ ਜਿੰਨਾਂ ਕੋਲ ਮਾਰੂ ਹਥਿਆਰ ਸਨ ਉਤਰੇ ਤੇ ਸਾਡੇ ਮੋਟਰਸਾਈਕਲ ਨੂੰ ਘੇਰ ਲਿਆ । ਇਸ ਦੌਰਾਨ ਜਗਸੀਰ ਸਿੰਘ, ਜਗਮੀਤ ਸਿੰਘ ਆਦਿ ਨੇ ਲਲਕਾਰੇ ਮਾਰ ਕੇ ਕਿਹਾ ਕਿ ਹੁਣ ਦੱਸਦੇ ਹਾਂ ਕਿ ਸਾਡੇ 'ਤੇ ਕਿਵੇਂ ਪਰਚਾ ਕਟਾਈਦਾ ਹੈ ਤੇ ਮੇਰੇ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। 

ਇਸ ਦੌਰਾਨ ਮੰਗਲ ਸਿੰਘ ਨੇ ਮੈਨੂੰ ਇਨ੍ਹਾਂ ਪਾਸੋਂ ਛੁਡਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਕਤ ਕੁੱਟਮਾਰ ਕਰਦੇ ਰਹੇ। ਇਸ ਦੌਰਾਨ ਉਕਤ ਹਮਲਾਵਰ ਮੇਰੀ ਜੇਬ 'ਚ ਪਏ 50 ਹਜ਼ਾਰ ਰੁਪਏ ਵੀ ਝਪਟ ਮਾਰ ਕੇ ਧਮਕੀਆਂ ਦਿੰਦੀਆਂ ਹੋਏ ਫਰਾਰ ਹੋ ਗਏ। ਪੁਲਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਆਰੋਪੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।