ਪੰਜਾਬ ''ਚ ਅਕਾਲੀ ਸਰਕਾਰ ਨੇ 10 ਸਾਲਾ ''ਚ ਕੀਤੇ ਵਿਕਾਸ ਕਾਰਜ, ਕਾਂਗਰਸ ਦੇ ਆਉਂਦੇ ਹੀ ਕਾਨੂੰਨ ਵਿਵਸਥਾ ਵਿਗੜੀ : ਬਾਦਲ

10/23/2017 1:36:53 PM

ਬਠਿੰਡਾ (ਅਮਿਤ ਸ਼ਰਮਾ) — ਅਕਾਲੀਆਂ ਦੇ ਨਜ਼ਦੀਕੀ ਤੇ ਐੱਸ. ਜੀ. ਪੀ. ਸੀ. ਮੈਂਬਰ ਦਿਆਲ ਸਿੰਘ ਕੋਲੀਆਂਵਾਲੀ ਦੇ ਪੁੱਤਰ ਪਰਿਮੰਦਰ ਸਿੰਘ 'ਤੇ ਕਾਂਗਰਸੀ ਵਰਕਰਾਂ ਵਲੋਂ ਜਾਨਲੇਵਾ ਹਮਲਾ ਕੀਤੇ ਜਾਣ ਤੋਂ ਬਾਅਦ ਉਸ ਨੂੰ ਬਠਿੰਡਾ ਦੇ ਮੈਕਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਦਾ ਹਾਲ ਜਾਨਣ ਪਹੁੰਚੇ। ਇਸ ਤੋਂ ਬਾਅਦ ਸ. ਬਾਦਲ ਨੇ ਪ੍ਰੈਸ ਕਾਨਫਰੰਸ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ 10 ਸਾਲ ਦੇ ਕਾਰਜਕਾਲ 'ਚ ਕਰਵਾਏ ਵਿਕਾਸ ਕੰਮਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਰਤਾਰਪੁਰ 'ਚ ਜੰਗੇ ਆਜ਼ਾਦੀ ਯਾਦਗਾਰ, ਬੰਦਾ ਸਿੰਘ ਬਹਾਦੁਰ ਦੀ ਯਾਦਗਾਰ, ਗੁਰੂ ਰਵਿਦਾਸ ਜੀ ਦੀ ਯਾਦਗਾਰ, ਭਗਵਾਨ ਸ੍ਰੀ ਵਾਲਮੀਕੀ ਜੀ ਤੇ ਸ੍ਰੀ ਦਰਬਾਰ ਸਾਹਿਬ ਜੀ ਦਾ ਵੀ ਸੁੰਦਰੀਕਰਨ ਕਰਵਾਇਆ ਗਿਆ ਪਰ ਹੁਣ ਪੰਜਾਬ ਦੀ ਸੱਤਾ 'ਤੇ ਕਾਂਗਰਸ ਸਰਕਾਰ ਵਲੋਂ ਕਾਬਜ਼ ਹੋਣ ਤੋਂ ਬਾਅਦ ਸਾਰੇ ਵਿਕਾਸ ਕਾਰਜ ਬੰਦ ਕਰਵਾ ਦਿੱਤੇ ਗਏ। ਇਥੋਂ ਤਕ ਕਿ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵੀ ਬੰਦ ਕਰਵਾਈ ਜਾ ਰਹੀ ਹੈ, ਇਹ ਸਿਰਫ ਇਸ ਲਈ ਕਿ ਇਹ ਪ੍ਰਾਜੈਕਟ ਅਕਾਲੀ ਦਲ ਲੈ ਕੇ ਆਇਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਨੀਤੀ ਸਹੀ ਨਹੀਂ ਹੈ ਤੇ ਉਨ੍ਹਾਂ ਨੂੰ ਯੂਨੀਵਰਸਿਟੀ ਬੰਦ ਨਹੀਂ ਕਰਨੀ ਚਾਹੀਦੀ।
ਪੰਜਾਬ 'ਚ ਸਾਈਨ ਬੋਰਡਾਂ 'ਤੇ ਪੰਜਾਬੀ ਭਾਸ਼ਾ ਨੂੰ ਤੀਜਾ ਸਥਾਨ ਦੇਣ ਦੇ ਸਵਾਲ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਰੀਆਂ ਭਾਸ਼ਾਵਾਂ ਦੀ ਇੱਜ਼ਤ ਕਰਦੇ ਹਨ ਪਰ ਪੰਜਾਬ 'ਚ ਪੰਜਾਬੀ ਭਾਸ਼ਾ ਨੂੰ ਪਹਿਲਾਂ ਦਰਜਾ ਦੇਣਾ ਚਾਹੀਦਾ ਹੈ ਕਿਉਂਕਿ ਇਹ ਮਤਾ ਪਾਸ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਕੋਈ ਭਲਾ ਕੰਮ ਨਹੀਂ ਕੀਤਾ, ਸਿਰਫ ਖਜ਼ਾਨਾ ਖਾਲੀ ਹੋਣ ਦੀ ਗੱਲ ਹੀ ਦੁਹਰਾਈ ਜਾ ਰਹੀ ਹੈ। ਜਦ ਕਿ ਅਕਾਲੀ ਦਲ ਦੇ ਕਾਰਜਕਾਲ 'ਚ ਸਰਕਾਰ ਨੇ ਪੂਰਾ ਵਿਕਾਸ ਕਰਵਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ 'ਚ ਵਿਗੜ ਰਹੀ ਕਾਨੂੰਨ ਵਿਵਸਥਾ 'ਤੇ ਵੀ ਚਿੰਤਾ ਪ੍ਰਗਟ ਕਰਦਿਆਂ, ਇਸ 'ਚ ਸੁਧਾਰ ਕਰਨ ਦੀ ਅਪੀਲ ਕੀਤੀ ਹੈ।