ਸਾਬਕਾ ਆਈ. ਜੀ. ਨਾਲ 4 ਕਰੋਡ਼ 35 ਲੱਖ ਦੀ ਠੱਗੀ ਦਾ ਮਾਮਲਾ

08/12/2018 5:25:51 AM

ਡੇਰਾਬੱਸੀ, (ਅਨਿਲ)- ਸਾਬਕਾ ਆਈ. ਜੀ. ਨਾਲ ਇਕ ਬਿਲਡਰ ਵਲੋਂ 4 ਕਰੋਡ਼ 35 ਲੱਖ  ਰੁਪਏ  ਦੀ ਠੱਗੀ ਮਾਰਨ ਦੇ ਦੋਸ਼ ’ਚ ਤਿੰਨ ਨਾਮੀ ਬਿਲਡਰਾਂ ਸਮੇਤ ਇਕ ਸਾਬਕਾ ਕੌਂਸਲਰ ਖ਼ਿਲਾਫ਼ ਸਥਾਨਕ ਪੁਲਸ ਨੇ ਮਾਮਲਾ ਦਰਜ ਕੀਤਾ।  ਜਾਣਕਾਰੀ ਮੁਤਾਬਕ ਰਿਟਾ. ਆਈ. ਜੀ. ਧਰਮ ਸਿੰਘ ਮੋਹੀ ਪੁੱਤਰ ਸਵਰਗੀ ਕੇ. ਐੱਸ. ਮੋਹੀ ਵਾਸੀ ਸੈਕਟਰ-33 ਬੀ ਚੰਡੀਗਡ਼੍ਹ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਨ੍ਹਾਂ 2011 ਵਿਚ ਸੈਕਟਰ-21ਡੀ ਚੰਡੀਗਡ਼੍ਹ ਵਿਖੇ ਗਰਾਊਂਡ ਫਲੋਰ ’ਤੇ ਇਕ ਮਕਾਨ ਖ਼ਰੀਦਣ ਦਾ ਸੌਦਾ ਪ੍ਰੇਮ ਲਾਲ  (ਪੀ. ਐੱਲ.) ਮਿੱਡਾ ਨਾਲ ਕੀਤਾ ਸੀ। ਮਕਾਨ ’ਤੇ ਸਟੇਟ ਬੈਂਕ ਆਫ਼ ਪਟਿਆਲਾ ਦਾ 1 ਕਰੋਡ਼ 20 ਲੱਖ ਕਰਜ਼ਾ ਖਡ਼੍ਹਾ ਸੀ।
    ਉਨ੍ਹਾਂ ਦੇ ਲਡ਼ਕੇ ਨੀਰਜ ਪ੍ਰਭਾਤ ਮੋਹੀ ਨੇ 1 ਕਰੋਡ਼ ਰੁਪਏ ਦੀ ਆਰ. ਟੀ. ਜੀ. ਐੱਸ ਪੀ. ਐੱਲ. ਮਿੱਡਾ ਦੇ ਖ਼ਾਤੇ ਵਿਚ ਜਮਾਂ ਕਰਵਾਈ ਤੇ 20 ਲੱਖ ਰੁਪਏ ਨਕਦ  ਦਿੱਤੇ ਅਤੇ ਰਜਿਸਟਰੀ ਕਰਵਾਉਣ ਦੀ ਤਰੀਕ 14 ਜੁਲਾਈ 2011 ਤੈਅ ਕੀਤੀ ਗਈ ਪਰ  ਮਿੱਡਾ  ਨੇ ਮਕਾਨ ਦਾ ਕਰਜ਼ਾ ਨਾ ਮੋਡ਼ਿਆ। ਇਸ ਤੋਂ ਬਾਅਦ ਫ਼ਿਰ ਮੋਹਤਬਰਾਂ ਵਿਚ  ਪੈਸੇ ਹੋਰ ਲੈਣ ਦੀ ਮੰਗ ਕੀਤੀ। ਮਿੱਡਾ ਵਲੋਂ ਵੱਖ-ਵੱਖ ਤਰੀਕਾਂ ’ਤੇ ਦਰਖ਼ਾਸਤਕਰਤਾ ਤੋਂ 3 ਕਰੋਡ਼ 15 ਲੱਖ ਰੁਪਏ ਹੋਰ ਲੈ ਲਏ ਗਏ ਤੇ ਮਿੱਡਾ ਕੋਲ ਕੁੱਲ 4 ਕਰੋਡ਼ 35 ਲੱਖ ਰੁਪਏ ਚਲੇ ਗਏ।
 ਇੰਨੀ ਰਕਮ ਵਸੂਲਣ ਦੇ ਬਾਵਜੂਦ ਵੀ ਖ਼ਰੀਦਦਾਰ ਨੂੰ ਕੋਈ ਐੱਨ. ਓ. ਸੀ. ਨਹੀਂ ਦਿੱਤੀ। ਆਖ਼ਿਰ ਸਟੇਟ ਬੈਂਕ ਆਫ ਪਟਿਆਲਾ ਚੰਡੀਗਡ਼੍ਹ ਵਲੋਂ ਉਕਤ ਮਕਾਨ ਦਾ ਕਰਜ਼ਾ ਨਾ ਚਕਾਉਣ ’ਤੇ ਮਕਾਨ ਨੂੰ ਸੀਲ ਕਰ ਦਿੱਤਾ ਗਿਆ। ਦਰਖ਼ਾਸਤਕਰਤਾ ਨੇ ਮਿੱਡਾ ਨੂੰ ਵਿਆਜ ਸਮੇਤ ਪੈਸੇ ਮੋਡ਼ਨ ਲਈ ਕਿਹਾ। ਮਿੱਡਾ ਡਾਇਰੈਕਟਰ ਯੂ. ਟੀ. ਬਿਲਡਰਜ਼ ਤੇ ਹੋਰ ਦੂਜੇ ਡਾਇਰੈਕਟਰਾਂ ਤੋਂ ਇਲਾਵਾ ਮੋਹਤਬਰਾਂ ਦੀ ਹਾਜ਼ਰੀ ਵਿਚ 12 ਸਤੰਬਰ 2013 ਨੂੰ 5 ਕਰੋਡ਼ 25 ਲੱਖ ਰੁਪਏ ਮੋਡ਼ਨ ਦਾ ਸਮਝੌਤਾ ਮੰਨ ਕੇ ਉਕਤ ਰਕਮ ਦੇਣ ਬਦਲੇ ਦਰਖਾਸਤਕਰਤਾ ਨੂੰ 2 ਏਕਡ਼ ਜ਼ਮੀਨ ਪਿੰਡ ਮਾਧੋਪੁਰ ਦੇਣ ਲਈ ਇਕਰਾਰ ਕੀਤਾ, ਜਿਸਦਾ ਲਿਖ਼ਤੀ ਸਮਝੌਤਾ ਸਾਬਕਾ ਕੌਂਸਲਰ ਵਿਪਨ ਥੰਮਨ ਵਲੋਂ ਕੀਤਾ ਗਿਆ ਅਤੇ ਥੰਮਨ ਵਲੋਂ ਹੀ ਵਾਰ-ਵਾਰ ਇਹ ਸਮਝੌਤਾ ਆਪਣੇ ਵਿਸ਼ਵਾਸ ਵਿਚ ਲੈ ਕੇ ਕਰਵਾਇਆ ਗਿਆ। ਮਿੱਡਾ ਨੇ 8 ਖ਼ਾਲੀ ਚੈੱਕ ਵੀ ਸਾਬਕਾ ਆਈ. ਜੀ. ਡੀ. ਐੱਸ. ਮੋਹੀ ਨੂੰ ਦਿੱਤੇ। 
 ਪੁਲਸ ਕੋਲ ਦਰਜ ਬਿਆਨਾਂ ਵਿਚ ਆਈ. ਜੀ. ਮੋਹੀ ਨੇ ਦੋੋਸ਼ ਲਾਇਆ ਕਿ ਯੂ. ਟੀ. ਬਿਲਡਰ ਐਂਡ ਪ੍ਰੋਮਟਰਸ ਦੇ ਡਾਇਰੈਕਟਰ ਮਿੱਡਾ ਨੇ ਦੂਜੇ ਸਾਥੀ ਡਾਇਰੈਕਟਰਾਂ ਨਾਲ ਮਿਲੀਭੁਗਤ ਕਰਕੇ ਦੋ ਏਕਡ਼ ਜ਼ਮੀਨ ਵਿਚੋਂ ਇਕ ਏਕਡ਼ ਮੈਸ. ਸਾਹੀ ਬਿਲਡਰ ਐਂਡ ਪ੍ਰਮੋਟਰ ਨੂੰ ਵੇਚ ਦਿੱਤੀ। ਮਿੱਡਾ ਵਲੋਂ ਦਿੱਤੇ ਚੈੱਕ ਵੀ ਬਾਊਂਸ ਹੋ ਗਏ। ਮੁਡ਼ ਮਿੱਡਾ ਤੇ ਯੂ. ਟੀ. ਬਿਲਡਰ ਦੇ ਹੋਰ ਡਾਇਰੈਕਟਰਾਂ ’ਤੇ ਰਜਿਸਟਰੀ ਕਰਵਾਉਣ ਦਾ ਦਬਾਅ ਬਣਾਇਆ ਤਾਂ ਮੋਹਤਬਰਾਂ ਨੇ 9 ਸਤੰਬਰ 2016 ਨੂੰ ਵਿਪਨ ਥੰਮਨ ਵਲੋਂ ਕਰਾਰ ਕਰਵਾਇਆ, ਜਿਸ ਵਿਚ 20 ਸਤੰਬਰ 2016 ਤਕ ਰਜਿਸਟਰੀ ਕਰਵਾਉਣ ਜਾਂ ਪੈਸੇ ਮੋਡ਼ਨ ਦਾ ਇਕਰਾਰ ਕੀਤਾ ਗਿਆ ਪਰ ਵਾਰ-ਵਾਰ ਕਰਾਰ ਕਰਨ ਮਗਰੋਂ ਵੀ  ਰਜਿਸਟਰੀ ਨਾ ਕਰਵਾਈ ਤੇ ਨਾ ਹੀ ਪੈਸੇ ਵਾਪਸ ਕੀਤੇ ਗਏ ਹਨ।
 ਪੁਲਸ ਨੇ ਪ੍ਰੇਮ ਲਾਲ ਮਿੱਡਾ ਪੁੱਤਰ ਭਗਵਾਨ ਦਾਸ ਮਿੱਡਾ ਵਾਸੀ ਸੈਕਟਰ-33 ਚੰਡੀਗਡ਼੍ਹ ਡਾਇਰੈਕਟਰ ਯੂ. ਟੀ. ਬਿਲਡਰ ਤੇ ਦੂਜੇ ਡਾਇਰੈਕਟਰ ਮੰਨੂੰ ਰਾਜ ਕੋਚਰ ਵਾਸੀ ਮਕਾਨ ਨੰਬਰ 2906 ਗਰਾਊਂਡ ਫਲੋਰ ਸੈਕਟਰ-42 ਸੀ ਚੰਡੀਗਡ਼੍ਹ , ਰੋਦਰਾ ਕੁਮਾਰ ਅਨੇਜਾ ਵਾਸੀ ਮਕਾਨ ਨੰਬਰ 134 ਟਾਊਨ ਜਫ਼ਰਪੁਰ ਜ਼ਿਲਾ ਊਧਮ ਸਿੰਘ ਨਗਰ ਝਾਰਖੰਡ ਤੇ ਸਾਬਕਾ ਕੌਂਸਲਰ ਵਿਪਨ ਥੰਮਨ ਪੁੱਤਰ ਸਵਰਗੀ ਧਨਰਾਜ ਵਾਸੀ ਵਾਰਡ ਨੰਬਰ 5 ਡੇਰਾਬੱਸੀ ਖ਼ਿਲਾਫ਼  ਰਿਟਾਇਰ ਆਈ. ਜੀ. ਧਰਮ ਸਿੰਘ (ਡੀ. ਐੱਸ.) ਮੋਹੀ ਵਾਸੀ ਚੰਡੀਗਡ਼੍ਹ ਦੀ ਦਰਖ਼ਾਸਤ ’ਤੇ  ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।