ਸੜਕ ਹਾਦਸੇ ''ਚ ਸਾਬਕਾ ਏ. ਐੱਸ. ਆਈ. ਸਣੇ ਦੋ ਦੀ ਮੌਤ

05/26/2018 6:59:29 PM

ਰਾਜਪੁਰਾ (ਚਾਵਲਾ) : ਰਾਜਪੁਰਾ ਦੇ ਨਲਾਸ ਰੋਡ ਨੇੜੇ ਟਰੈਕਟਰ-ਟਰਾਲੀ ਨਾਲ ਹੋਈ ਆਲਟੋ ਕਾਰ ਦੀ ਟੱਕਰ ਵਿਚ ਪੰਜਾਬ ਪੁਲਸ ਦੇ ਸਾਬਕਾ ਏ. ਐੱਸ. ਆਈ. ਸਤਪਾਲ ਸਿੰਘ ਸਣੇ ਦੋ ਦੀ ਮੌਤ ਹੋ ਗਈ। ਇਸ ਹਾਦਸੇ ਦੌਰਾਨ ਕਾਰ ਸਵਾਰ ਪਰਮਜੀਤ ਨਾਮਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਪਹਿਲਾਂ ਰਾਜਪੁਰਾ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੋਂ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। 

ਮਿਲੀ ਜਾਣਕਾਰੀ ਮੁਤਾਬਕ ਆਲਟੋ ਕਾਰ ਸਵਾਰ ਸੇਵਾ ਮੁਕਤ ਏ. ਐੱਸ. ਆਈ. ਸਤਪਾਲ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨਾਲ ਕਾਰ 'ਚ ਸਵਾਰ ਹੋ ਕੇ ਲੁਧਿਆਣਾ ਤੋਂ ਦਿੱਲੀ ਵੱਲ ਜਾ ਰਿਹਾ ਸੀ। ਇਸ ਦੌਰਾਨ ਰਾਜਪੁਰਾ ਦੇ ਨਲਾਸ ਰੋਡ ਨੇੜੇ ਓਵਰ ਬਰਿੱਜ 'ਤੇ ਚੜ੍ਹਦੇ ਸਮੇਂ ਉਨ੍ਹਾਂ ਦੀ ਸਰੀਏ ਨਾਲ ਲੱਦੀ ਟਰੈਕਟਰ-ਟਰਾਲੀ ਨਾਲ ਪਿੱਛੋਂ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ਵਿਚ ਸੇਵਾ ਮੁਕਤ ਏ. ਐੱਸ. ਆਈ. ਸਤਪਾਲ ਸਿੰਘ ਅਤੇ ਕਾਰ ਸਵਾਰ ਇਕ ਮਹਿਲਾ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਜ਼ਖਮੀ ਹੋ ਗਿਆ। 
ਹਾਦਸੇ ਤੋਂ ਬਾਅਦ ਟਰੈਕਟਰ-ਟਰਾਲੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਰਾਜਪੁਰਾ ਦੇ ਸਰਕਾਰੀ ਹਸਪਤਾਲ ਭਿਜਵਾ ਦਿਤਾ ਅਤੇ ਟਰੈਕਟਰ ਟਰਾਲੀ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।