ਬੇਸਹਾਰਾ ਪਸ਼ੂਆਂ ਨੇ 7 ਦਿਨਾਂ ''ਚ ਲਈ ਔਰਤ ਸਮੇਤ 3 ਦੀ ਜਾਨ

09/25/2017 11:15:57 AM


ਮੋਗਾ (ਆਜ਼ਾਦ) - ਪੰਜਾਬ ਸਰਕਾਰ ਵੱਲੋਂ ਗਊ ਰੱਖਿਆ ਨੀਤੀ ਬਣਾ ਕੇ ਗਊ ਧਨ ਦੀ ਸਾਂਭ-ਸੰਭਾਲ ਦੀਆਂ ਗੱਲਾਂ ਕਰਨ ਦੇ ਨਾਲ-ਨਾਲ ਸ਼ਹਿਰ 'ਚ ਖੁੱਲ੍ਹੀ ਗਊਸ਼ਾਲਾ ਦੇ ਸੰਚਾਲਕਾਂ ਵੱਲੋਂ ਗਊ ਧਨ ਦੀ ਸਾਂਭ-ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਦੇ ਬਾਵਜੂਦ ਮੋਗਾ ਜ਼ਿਲੇ 'ਚ ਹਜ਼ਾਰਾਂ ਬੇਸਹਾਰਾ ਪਸ਼ੂਆਂ ਦੀ ਭਰਮਾਰ ਲੋਕਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ। ਇਨ੍ਹਾਂ ਬੇਸਹਾਰਾ ਪਸ਼ੂਆਂ ਨੇ ਮੋਗਾ ਜ਼ਿਲੇ ਦੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ ਅਤੇ ਰੋਜ਼ਾਨਾ ਹੀ ਇਨ੍ਹਾਂ ਬੇਸਹਾਰਾ ਪਸ਼ੂਆਂ ਕਾਰਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ। 
ਸੂਤਰਾਂ ਅਨੁਸਾਰ ਸ਼ਹਿਰ ਦੀ ਨਵੀਂ ਦਾਣਾ ਮੰਡੀ, ਪੁਰਾਣੀ ਦਾਣਾ ਮੰਡੀ, ਨਿਊ ਟਾਊਨ, ਜਵਾਹਰ ਨਗਰ, ਮੇਨ ਬਾਜ਼ਾਰ, ਰਾਮਗੰਜ ਮੰਡੀ, ਦੁੱਨੇਕੇ, ਲੰਡਕੇ ਤੋਂ ਇਲਾਵਾ ਭੀੜ ਵਾਲੇ ਇਲਾਕਿਆਂ ਤੋਂ ਇਲਾਵਾ ਪਿੰਡਾਂ ਵਿਚ ਵੀ ਆਵਾਰਾ ਪਸ਼ੂਆਂ ਦੇ ਝੁੰਡ ਆਮ ਵੇਖੇ ਜਾ ਸਕਦੇ ਹਨ। ਇਨ੍ਹਾਂ ਪਸ਼ੂਆਂ ਨੇ ਪਿਛਲੇ 7 ਦਿਨਾਂ 'ਚ ਇਕ ਔਰਤ ਸਮੇਤ 3 ਜਣਿਆ ਦੀ ਜਾਨ ਲੈ ਲਈ। 
ਮਿਲੀ ਜਾਣਕਾਰੀ ਅਨੁਸਾਰ ਗੁਰਤੇਜ ਸਿੰਘ (33), ਜੋ ਤਿੰਨ ਬੇਟੀਆਂ ਦਾ ਪਿਤਾ ਸੀ, ਬੀਤੀ 18 ਸਤੰਬਰ ਨੂੰ ਦੁਸਹਿਰਾ ਗਰਾਊਂਡ 'ਚੋਂ ਪਲਾਈਵੁੱਡ ਦੀ ਫੈਕਟਰੀ ਵਿਚ ਕੰਮ ਖਤਮ ਕਰ ਕੇ ਆਪਣੇ ਮੋਟਰਸਾਈਕਲ 'ਤੇ ਵਾਪਸ ਪਿੰਡ ਘੱਲ ਕਲਾਂ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਦੁੱਨੇਕੇ ਪੁੱਜਾ ਤਾਂ ਸੜਕ ਵਿਚਕਾਰ ਸਾਨ੍ਹ ਲੜ ਰਹੇ ਸਨ। ਗੁਰਤੇਜ ਸਿੰਘ ਉਨ੍ਹਾਂ ਦੀ ਲਪੇਟ 'ਚ ਆ ਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। 
ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਰੈਫਰ ਕੀਤਾ, ਜਿੱਥੇ ਉਸ ਨੇ ਅੱਜ ਦਮ ਤੋੜ ਦਿੱਤਾ। ਥਾਣਾ ਸਦਰ ਮੋਗਾ ਦੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਮ੍ਰਿਤਕ ਦੇ ਭਰਾ ਦਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਦੇ ਬਿਆਨਾਂ 'ਤੇ ਅ/ਧ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। 
ਬੀਤੀ 17 ਸਤੰਬਰ ਨੂੰ ਮੋਗਾ ਦੇ ਨਜ਼ਦੀਕੀ ਪਿੰਡ ਚੜਿੱਕ ਵਿਖੇ ਬੇਸਹਾਰਾ ਪਸ਼ੂਆਂ ਦੀ ਲਪੇਟ 'ਚ ਆਉਣ ਕਾਰਨ 4 ਬੱਚਿਆਂ ਦੇ ਪਿਤਾ ਬਲਵੀਰ ਸਿੰਘ (40) ਨਿਵਾਸੀ ਪਿੰਡ ਘੋਲੀਆ ਖੁਰਦ ਦੀ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਬਲਵੀਰ ਸਿੰਘ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਉਹ ਆਪਣੇ ਮੋਟਰਸਾਈਕਲ 'ਤੇ ਕਿਸੇ ਕੰਮ ਸਬੰਧੀ ਜਾ ਰਿਹਾ ਸੀ ਕਿ ਜਦੋਂ ਘੋਲੀਆ ਕਲਾਂ ਦੇ ਪੁਲ ਕੋਲ ਪੁੱਜਾ ਤਾਂ ਅਚਾਨਕ ਬੇਸਹਾਰਾ ਪਸ਼ੂ ਸੜਕ ਵਿਚਕਾਰ ਆ ਗਏ, ਜਿਸ ਕਾਰਨ ਉਹ ਆਪਣੇ ਮੋਟਰਸਾਈਕਲ ਦਾ ਸੰਤੁਲਨ ਖੋਹ ਬੈਠਿਆ ਅਤੇ ਇਕ ਦਰੱਖਤ ਨਾਲ ਜਾ ਟਕਰਾਇਆ। ਫਰੀਦਕੋਟ ਹਸਪਤਾਲ ਲਿਜਾਂਦੇ ਸਮੇਂ ਉਸ ਨੇ ਦਮ ਤੋੜ ਦਿੱਤਾ। 
ਉਧਰ, ਪਿੰਡ ਡਰੋਲੀ ਭਾਈ ਕੋਲ ਬੇਸਹਾਰਾ ਪਸ਼ੂਆਂ ਦੀ ਲਪੇਟ 'ਚ ਆਉਣ ਕਾਰਨ ਰਾਜਪ੍ਰੀਤ ਕੌਰ (22) ਨਿਵਾਸੀ ਪਿੰਡ ਅਟਾਰੀ ਦੀ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਰਾਜਪ੍ਰੀਤ ਕੌਰ, ਜਿਸ ਦਾ ਵਿਆਹ 19 ਅਗਸਤ ਨੂੰ ਹੋਇਆ ਸੀ, ਉਹ ਆਪਣੇ ਪੇਕੇ ਘਰ ਪਿੰਡ ਵੱਡਾ ਘਰ ਤੋਂ ਆਪਣੇ ਪਤੀ ਕਸ਼ਮੀਰ ਸਿੰਘ ਨਾਲ ਆਪਣੇ ਸਹੁਰੇ ਘਰ ਆ ਰਹੀ ਸੀ ਤਾਂ ਪਿੰਡ ਡਰੋਲੀ ਭਾਈ ਕੋਲ ਬੇਸਹਾਰਾ ਪਸ਼ੂ ਸੜਕ ਵਿਚ ਆਉਣ ਕਾਰਨ ਮੋਟਰਸਾਈਕਲ ਕੰਧ ਨਾਲ ਜਾ ਟਕਰਾਇਆ, ਜਿਸ ਕਾਰਨ ਰਾਜਪ੍ਰੀਤ ਕੌਰ ਦੀ ਮੌਕੇ 'ਤੇ ਮੌਤ ਹੋ ਗਈ ਸੀ, ਜਦਕਿ ਉਸ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜੋ ਸਿਵਲ ਹਸਪਤਾਲ ਮੋਗਾ ਵਿਖੇ ਜ਼ੇਰੇ ਇਲਾਜ ਹੈ।