ਕਈ ਸਾਲਾਂ ਤੋਂ ਟੁੱਟੀ ਸੜਕ ਨੇ ਧਾਰਿਆ ਤਲਾਬ ਦਾ ਰੂਪ

12/16/2017 2:06:13 AM

ਰਾਹੋਂ, (ਪ੍ਰਭਾਕਰ)- ਪਿਛਲੇ ਕਈ ਸਾਲਾਂ ਤੋਂ ਗੁਰਦੁਆਰਾ ਕਲਗੀਧਰ ਤੋਂ ਮਾਛੀਵਾੜਾ ਰੋਡ ਨੂੰ ਜਾਣ ਵਾਲੀ ਸੜਕ ਦਾ ਕਾਫੀ ਬੁਰਾ ਹਾਲ ਹੋ ਚੁੱਕਿਆ ਹੈ ਪਰ ਜ਼ਿਲਾ ਪ੍ਰਸ਼ਾਸਨ ਕਈ ਮਹੀਨੇ ਪਹਿਲਾਂ ਨਿਸ਼ਾਨਦੇਹੀ ਕਰਵਾਉਣ ਤੋਂ ਬਾਅਦ ਵੀ ਇਸ ਸੜਕ ਨੂੰ ਬਣਾਉਣ ਲਈ ਕਾਮਯਾਬ ਨਹੀਂ ਹੋਇਆ। 
ਕੁਝ ਦਿਨ ਪਹਿਲਾਂ ਮੀਂਹ ਪੈਣ ਕਾਰਨ ਇਸ ਸੜਕ ਨੇ ਤਲਾਬ ਦਾ ਰੂਪ ਧਾਰਨ ਕਰ ਲਿਆ, ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਨਵਾਂਸ਼ਹਿਰ ਦੇ ਸਾਬਕਾ ਐੱਸ.ਡੀ.ਐੱਮ. ਜੀਵਨ ਜਗਜੋਤ ਕੌਰ, ਕੌਂਸਲਰ ਕੁਲਵੀਰ ਸਿੰਘ ਕੁਲਾ ਆਦਿ ਦੇ ਕਹਿਣ 'ਤੇ ਨਗਰ ਕੌਂਸਲ ਦੇ ਪ੍ਰਧਾਨ ਹੇਮੰਤ ਕੁਮਾਰ ਰੰਦੇਵ ਦੀ ਮੌਜੂਦਗੀ 'ਚ ਇਕ ਸਾਲ ਪਹਿਲਾਂ ਕਾਨੂੰਨਗੋ ਤੇ ਤਹਿਸੀਲਦਾਰ ਕੋਲੋਂ ਨਿਸ਼ਾਨਦੇਹੀ ਕਰਵਾਈ ਗਈ ਸੀ ਪਰ 22 ਫੁੱਟ ਦੀ ਇਸ ਸੜਕ 'ਤੇ ਲੋਕਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਇਸ ਸੜਕ ਦਾ ਕੰਮ ਠੰਡੇ ਬਸਤੇ 'ਚ ਪੈ ਗਿਆ ਪਰ ਹੁਣ ਮੌਜੂਦਾ ਐੱਸ.ਡੀ.ਐੱਮ. ਆਦਿੱਤਯ ਉੱਪਲ ਨੇ ਰਾਹੋਂ ਵਿਖੇ ਪਹੁੰਚ ਕੇ ਇਸ ਖਸਤਾ ਹਾਲਤ ਸੜਕ ਦਾ ਜਾਇਜ਼ਾ ਲਿਆ। ਕੌਂਸਲਰ ਕੁਲਵੀਰ ਸਿੰਘ ਨੇ ਦੱਸਿਆ ਕਿ ਸੜਕ ਦਾ ਨਿਰਮਾਣ ਪਿਛਲੇ 3 ਸਾਲਾਂ ਤੋਂ ਲਟਕਿਆ ਹੋਇਆ ਹੈ। ਐੱਸ.ਡੀ.ਐੱਮ. ਆਦਿੱਤਯ ਉੱਪਲ ਨੇ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਇਸ ਸੜਕ ਨੂੰ ਜਲਦੀ ਬਣਾਉਣ ਦਾ ਭਰੋਸਾ ਦਿੱਤਾ।