ਇਟਲੀ ''ਚ ਪਹਿਲੀ ਵਾਰ ਬਣੇਗਾ ਬਾਬੇ ਨਾਨਕ ਦੇ ਨਾਂ ''ਤੇ ਵਿਸ਼ਾਲ ਪਾਰਕ, ਲੱਗਣਗੇ 550 ਬੂਟੇ

12/08/2019 2:40:50 AM

ਰੋਮ (ਕੈਂਥ) - ਇਟਲੀ ਦੀ ਧਰਤੀ 'ਤੇ ਪਹਿਲੀ ਵਾਰ ਮਹਾਨ ਸਿੱਖ ਧਰਮ ਦੇ ਮੋਢੀ ਸਤਿਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੁਰਬ ਨੂੰ ਸਮਰਪਿਤ ਵਿਸ਼ੇਸ਼ ਪਾਰਕ ਬਣਾਇਆ ਜਾ ਰਿਹਾ ਹੈ। ਜਿਸ ਦੀ ਸੇਵਾ ਇਟਲੀ ਦੇ ਸੂਬੇ  ਲਾਸੀਓ ਦੀ ਸਿਰਮੌਤ ਮਜ਼ਦੂਰ ਜੱਥੇਬੰਦੀ ਇੰਡੀਅਨ ਕਮਿਊਨਿਟੀ ਇਨ ਲਾਸੀਓ ਵੱਲੋਂ ਇਟਲੀ ਦੀ ਸਿੱਖ ਜੱਥੇਬੰਦੀ ਧਰਮ ਪ੍ਰਚਾਰ ਕਮੇਟੀ, ਨਗਰ ਕੌਂਸਲ ਲਾਤੀਨਾ, ਸੂਬੇ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਇਲਾਕੇ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਨੇਪੜੇ ਚਾੜੀ ਜਾ ਰਹੀ ਹੈ। ਇਸ ਸਲਾਘਾਂਯੋਗ ਕਾਰਜ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੁਰਮੁੱਖ ਸਿੰਘ ਹਜ਼ਾਰਾ ਪ੍ਰਧਾਨ ਇੰਡੀਅਨ ਕਮਿਊਨਿਟੀ ਇਨ ਲਾਸੀਓ ਨੇ ਕਿਹਾ ਕਿ ਬੀਤੇ ਸਮੇਂ 'ਚ ਉਨ੍ਹਾਂ ਨਗਰ ਕੌਂਸਲ ਲਾਤੀਨਾ ਨੂੰ ਲਿਖਤੀ ਤੌਰ 'ਤੇ ਇਕ ਅਪੀਲ ਕੀਤੀ ਸੀ ਕਿ ਉਹ ਸ਼ਹਿਰ ਲਾਤੀਨਾ ਵਿਖੇ ਸਤਿਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਵਿਸ਼ੇਸ਼ ਪਾਰਕ ਬਣਾਉਣਾ ਚਾਹੁੰਦੇ ਹਨ। ਜਿਸ ਦੀ ਮਨਜ਼ੂਰੀ ਨਗਰ ਕੌਂਸਲ ਲਾਤੀਨਾ ਨੇ ਦੇ ਦਿੱਤੀ ਹੈ।

ਇਸ ਮਹਾਨ ਕਾਰਜ ਸਬੰਧੀ ਬੂਟੇ ਲਾਉਣ ਦੀ ਸੇਵਾ 15 ਦਸੰਬਰ ਨੂੰ ਸ਼ੁਰੂ ਹੋਣ ਜਾ ਰਹੀ ਹੈ ਜਿਸ ਲਈ ਗੁਰਮੁੱਖ ਸਿੰਘ ਹਜ਼ਾਰਾ ਨੇ ਅਪੀਲ ਕਰਦਿਆਂ ਇਲਾਕੇ ਦੀਆਂ ਸੰਗਤਾਂ ਨੂੰ ਕਿਹਾ ਕਿ ਸਭ ਨੂੰ ਇਸ ਸੇਵਾ 'ਚ ਵੱਧ ਚੜ੍ਹਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਆਰੰਭੇ ਕਾਰਜ ਸਮੇਂ ਸਿਰ ਨੇਪੜੇ ਚਾੜੇ ਜਾ ਸਕਣ। ਗੁਰੂ ਸਾਹਿਬ ਜੀ ਦੇ ਨਾਮ 'ਤੇ ਜਿਹੜਾ ਵਿਸੇਥਸ ਪਾਰਕ ਬਣ ਰਿਹਾ ਹੈ ਉਹ ਫਰਵਰੀ 'ਚ ਨੇਪੜੇ ਚੜ੍ਹ ਜਾਵੇਗਾ। ਇਸ ਕਾਰਜ ਲਈ 550 ਵਿਸ਼ੇਸ਼ ਕਿਸਮ ਦੇ ਬੂਟੇ ਲਗਾਏ ਜਾਣਗੇ ਜਿਹੜੇ ਕਿ ਸ਼ਹਿਰ ਦੇ ਹੋਰ ਵੀ ਦੋ ਪਾਰਕਾਂ 'ਚ ਲੱਗਣਗੇ। ਜਿਹੜੀ ਵੀ ਸੰਗਤ ਇਨ੍ਹਾਂ ਬੂਟਿਆਂ ਦੇ ਸੇਵਾ ਲੈਣੀ ਚਾਹੁੰਦੀ ਹੈ ਉਹ ਜਲਦ ਇਲਾਕੇ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਾਂ ਉਨ੍ਹਾਂ ਨਾਲ ਸਪੰਰਕ ਕਰ ਸਕਦੀ ਹੈ।

Khushdeep Jassi

This news is Content Editor Khushdeep Jassi