ਦਿਹਾਤੀ ਮਜ਼ਦੂਰ ਸਭਾ ਤੇ ਕਾਰਡ ਧਾਰਕਾਂ ਨੇ ਮਹਿਕਮੇ ਵਿਰੁੱਧ ਕੀਤੀ ਨਾਅਰੇਬਾਜ਼ੀ

08/20/2017 11:14:10 AM

ਸ਼ਹਿਣਾ - ਭਦੌੜ ਦੇ ਇਕ ਡਿਪੂ ਹੋਲਡਰ ਵੱਲੋਂ ਫੂਡ ਸਪਲਾਈ ਦਫਤਰ ਵੱਲੋਂ ਆਈ ਕਣਕ ਗਰੀਬ ਕਾਰਡ ਧਾਰਕਾਂ ਨੂੰ ਵੰਡੀ ਗਈ ਪਰ ਇਹ ਕਣਕ ਨਾ ਖਾਣਯੋਗ ਹੋਣ ਕਰ ਕੇ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਅਤੇ ਕਾਰਡ ਧਾਰਕਾਂ ਨੇ ਫੂਡ ਸਪਲਾਈ ਦਫਤਰ ਵਿਰੁੱਧ ਜਮ ਕੇ ਨਆਰੇਬਾਜ਼ੀ ਕੀਤੀ। ਇਸ ਸਮੇਂ ਦਿਹਾਤੀ ਮਜ਼ਦੂਰ ਸਭਾ ਦੇ ਬਲਾਕ ਪ੍ਰਧਾਨ ਧੰਨਾ ਸਿੰਘ ਅਤੇ ਪਿੰਡ ਕਮੇਟੀ ਪ੍ਰਧਾਨ ਹਾਕਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਜੋ ਗਰੀਬ ਪਰਿਵਾਰਾਂ ਨੂੰ ਇਸ ਵਾਰ ਸਸਤੀ ਕਣਕ ਵੰਡੀ ਜਾ ਰਹੀ ਹੈ, ਉਹ ਨਾ ਖਾਣਯੋਗ ਹੈ ਕਿਉਂਕਿ ਉਸ ਵਿਚ ਮਿੱਟੀ ਦੀਆਂ ਡਲੀਆਂ, ਕਣਕ ਜਮੀ ਹੋਈ ਤੇ ਖਾਣ 'ਚ ਕੌੜੀ ਹੈ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕਣਕ ਵੰਡ ਕੇ ਗਰੀਬਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਸੀਂ ਤਿੰਨ ਕਾਰਡ ਧਾਰਕਾਂ ਦੇ ਘਰਾਂ ਵਿਚ ਜਾ ਕੇ ਕਣਕ ਦੇ ਸੈਂਪਲ ਲਏ ਅਤੇ 3 ਘਰਾਂ ਦੀ ਕਣਕ ਮਾੜੀ ਪਾਈ ਗਈ ਹੈ। ਇਸ ਸਬੰਧੀ ਅਸੀਂ ਫੂਡ ਸਪਲਾਈ ਦੇ ਦਫਤਰ ਅਫਸਰਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਅਤੇ ਜੇਕਰ ਉਨ੍ਹਾਂ ਵੀ ਸਾਡੀ ਗੱਲ ਨਾ ਸੁਣੀ ਤਾਂ ਅਸੀਂ ਸੋਮਵਾਰ ਨੂੰ ਦਫਤਰ ਅੱਗੇ ਆਪਣੀਆਂ ਹੱਕੀ ਮੰਗਾਂ ਲਈ ਧਰਨਾ ਲਾਉਣ ਲਈ ਮਜਬੂਰ ਹੋਵਾਂਗੇ। 
ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਬਲਾਕ ਪ੍ਰਧਾਨ ਧੰਨਾ ਸਿੰਘ, ਪਿੰਡ ਕਮੇਟੀ ਪ੍ਰਧਾਨ ਹਾਕਮ ਸਿੰਘ, ਮੀਤ ਪ੍ਰਧਾਨ ਕਾਲਾ ਸਿੰਘ, ਸਕੱਤਰ ਕਰਨੈਲ ਸਿੰਘ, ਸਲਾਹਕਾਰ ਜਗਰਾਜ ਸਿੰਘ, ਲਖਣ ਸਿੰਘ, ਪੱਪੂ ਸਿੰਘ, ਜੰਗੀਰ ਸਿੰਘ, ਨਾਇਬ ਸਿੰਘ ਤੇ ਕੁਲਦੀਪ ਸਿੰਘ ਆਦਿ ਹਾਜ਼ਰ ਸਨ।
ਇਸੇ ਤਰ੍ਹਾਂ ਹੀ ਪਿੰਡ ਮੱਲੀਆਂ ਵਿਚ ਵੀ ਵਿਭਾਗ ਵੱਲੋਂ ਵੰਡੀ ਗਈ ਕਣਕ ਲੋਕਾਂ ਨੂੰ 7-8 ਕਿਲੋ ਪ੍ਰਤੀ ਕਾਰਡ ਘੱਟ ਤੋਲੀ ਗਈ ਹੈ। ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਹਨ। ਜਦੋਂ ਇਸ ਸਬੰਧੀ ਡਿਪੂ ਹੋਲਡਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਜਿਸ ਤਰ੍ਹਾਂ ਫੂਡ ਸਪਲਾਈ ਮਹਿਕਮੇ ਨੇ ਕਣਕ ਚੁਕਵਾਈ ਹੈ ਉਸੇ ਤਰ੍ਹਾਂ ਹੀ ਵੰਡ ਰਹੇ ਹਾਂ। ਉਨ੍ਹਾ ਅੱਗੇ ਕਿਹਾ ਕਿ ਅਸੀਂ ਕਾਰਡ ਧਾਰਕਾਂ ਨੂੰ ਵੀ ਕਿਹਾ ਹੈ ਕਿ ਜੇਕਰ ਕੋਈ ਗੱਟਾ ਸਹੀ ਨਹੀਂ ਹੈ ਤਾਂ ਉਹ ਗੱਟਾ ਬਦਲ ਕੇ ਲਿਜਾ ਸਕਦਾ ਹੈ।